ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ ''ਚ 4 ਦੋਸ਼ੀਆਂ ਨੂੰ 7-7 ਸਾਲ ਦੀ ਕੈਦ

12/09/2017 3:56:44 PM

ਰੂਪਨਗਰ (ਕੈਲਾਸ਼)— ਇਕ ਨਾਬਾਲਗ ਲੜਕੀ ਦੇ ਅਗਵਾ ਅਤੇ ਉਸ ਨਾਲ ਬਲਾਤਕਾਰ ਕਰਨ ਦੇ ਮਾਮਲੇ 'ਚ ਜ਼ਿਲਾ ਅਤੇ ਸੈਸ਼ਨ ਜੱਜ ਬੀ. ਐਸ. ਸੰਧੂ ਦੀ ਅਦਾਲਤ 'ਚ 4 ਦੋਸ਼ੀਆਂ ਨੂੰ 7-7 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਮਿਲੀ ਜਾਣਕਾਰੀ ਅਨੁਸਾਰ ਨਾਬਾਲਗ ਲੜਕੀ ਦੇ ਪਿਤਾ ਨੇ ਥਾਣਾ ਸਿੰਘ ਭਗਵੰਤਪੁਰਾ ਪੁਲਸ ਨੂੰ ਸ਼ਕਾਇਤ ਦਿੱਤੀ ਸੀ ਕਿ 2 ਜਨਵਰੀ 2017 ਨੂੰ ਰਾਤ ਕਰੀਬ 9.15 ਵਜੇ ਉਸ ਦੇ ਘਰ 'ਚ 4 ਵਿਅਕਤੀਆਂ ਨੇ ਆ ਕੇ ਉਸ ਦੀ ਲੜਕੀ ਨੂੰ ਵਿਆਹ ਕਰਨ ਦੀ ਨੀਅਤ ਨਾਲ ਅਗਵਾ ਕਰ ਲਿਆ, ਜਿਸ ਤੋਂ ਬਾਅਦ ਉਸ ਨਾਲ ਉਨ੍ਹਾਂ ਨੇ ਬਲਾਤਕਾਰ ਕੀਤਾ। ਪੁਲਸ ਨੇ ਇਸ ਸਬੰਧ 'ਚ 3 ਜਨਵਰੀ 2017 ਨੂੰ ਅਗਵਾ ਦਾ ਮਾਮਲਾ ਦਰਜ ਕਰਵਾਇਆ ਸੀ ਅਤੇ ਪੁਲਸ ਨੇ 7 ਜਨਵਰੀ ਨੂੰ ਲੜਕੀ ਨੂੰ ਬਰਾਮਦ ਕਰ ਲਿਆ ਸੀ। ਜਿਸ ਦੇ ਬਾਅਦ ਲੜਕੀ ਨੇ ਮੈਜਿਸਟ੍ਰੇਟ ਦੇ ਸਾਹਮਣੇ ਦਿੱਤੇ ਗਏ ਬਿਆਨਾਂ 'ਚ ਗੁਰਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ, ਸੰਪੂਰਨ ਸਿੰਘ ਉਰਫ ਬੰਟੀ ਪੁੱਤਰ ਪ੍ਰੇਮ ਸਿੰਘ, ਸਰਵਜੀਤ ਸਿੰਘ ਉਰਫ ਬੰਟੀ ਅਤੇ ਸਤਨਾਮ ਕੌਰ ਪਤਨੀ ਅਵਤਾਰ ਸਿੰਘ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ। ਮਾਨਯੋਗ ਅਦਾਲਤ ਨੇ ਉਕਤ ਮਾਮਲੇ 'ਚ ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਦੇ ਬਾਅਦ ਸਾਰੇ ਦੋਸ਼ੀਆਂ ਨੂੰ ਵੱਖ-ਵੱਖ ਧਾਰਾਵਾਂ ਦੇ ਤਹਿਤ 7-7 ਸਾਲ ਦੀ ਕੈਦ ਅਤੇ ਦਸ ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ।