ਅਨੁਸੂਚਿਤ ਜਾਤੀਆਂ ਦੇ ਗ਼ਰੀਬ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਉਭਾਰਨ ਲਈ ਲੱਖਾਂ ਦੀ ਸਬਸਿਡੀ ਜਾਰੀ

05/20/2020 12:05:09 AM

ਚੰਡੀਗੜ੍ਹ, (ਅਸ਼ਵਨੀ)- ਪੰਜਾਬ ਅਨੁਸੂਚਿਤ ਜਾਤੀਆਂ ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਨੇ ਸੂਬੇ ਦੇ ਅਨੁਸੂਚਿਤ ਜਾਤੀਆਂ ਦੇ ਗ਼ਰੀਬ ਲੋਕਾਂ ਨੂੰ ਕੋਵਿਡ-19 ਮਹਾਮਾਰੀ ਤੋਂ ਉਭਾਰਨ ਲਈ 140.40 ਲੱਖ ਦੀ ਸਬਸਿਡੀ ਜਾਰੀ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਕਾਰਪੋਰੇਸ਼ਨ ਦੇ ਚੇਅਰਮੈਨ ਮੋਹਨ ਲਾਲ ਸੂਦ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਦੌਰਾਨ ਪੂਰੀ ਦੁਨੀਆਂ ’ਚ ਆਰਥਿਕ ਤੌਰ ’ਤੇ ਬਹੁਤ ਹੀ ਨਕਾਰਾਤਮਕ ਪ੍ਰਭਾਵ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਬਹੁਤ ਸਾਰੇ ਲੋਕ ਰੁਜ਼ਗਾਰ ਤੋਂ ਵਾਂਝੇ ਹੋ ਗਏ ਹਨ ਅਤੇ ਗ਼ਰੀਬ ਪਰਿਵਾਰਾਂ ਦੀ ਰੋਜ਼ੀ-ਰੋਟੀ ’ਤੇ ਬਹੁਤ ਬੁਰਾ ਪ੍ਰਭਾਵ ਪਿਆ ਹੈ। ਸੂਦ ਨੇ ਦੱਸਿਆ ਕਿ ਅਨੁਸੂਚਿਤ ਜਾਤੀਆਂ ਦੇ ਗ਼ਰੀਬ ਪਰਿਵਾਰਾਂ ਨੂੰ ਆਪੋ-ਆਪਣਾ ਰੁਜ਼ਗਾਰ ਸਥਾਪਤ ਕਰਨ ਲਈ ਬੈਂਕ ਟਾਈ ਅਪ ਸਕੀਮ ਤਹਿਤ 1404 ਲਾਭਪਾਤਰੀਆਂ ਨੂੰ ਆਪਣਾ ਰੁਜ਼ਗਾਰ ਸਥਾਪਤ ਕਰਨ ਲਈ 140.40 ਲੱਖ ਰੁਪਏ ਦੀ ਸਬਸਿਡੀ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲਾ ਮੈਨੇਜਰਾਂ ਨੂੰ ਇਹ ਸਬਸਿਡੀ ਸਬੰਧਤ ਲਾਭਪਾਤਰੀਆਂ ਦੇ ਖਾਤੇ ’ਚ ਪਾਉਣ ਲਈ ਨਿਰਦੇਸ਼ ਦਿੱਤੇ ਗਏ ਹਨ। ਇਨ੍ਹਾਂ ਲਾਭਪਾਤਰੀਆਂ ਨੂੰ ਆਉਣ ਵਾਲੇ ਕੁੱਝ ਦਿਨਾਂ ’ਚ ਆਪੋ-ਆਪਣਾ ਕਾਰੋਬਾਰ ਸ਼ਰੂ ਕਰਨ ਲਈ ਲਗਭਗ 8 ਤੋਂ 9 ਕਰੋੜ ਰੁਪਏ ਦਾ ਕਰਜ਼ਾ ਬੈਂਕਾਂ ਵਲੋਂ ਪ੍ਰਾਪਤ ਹੋ ਜਾਵੇਗਾ। ਸੂਦ ਨੇ ਕਾਰਪੋਰੇਸ਼ਨ ਦੀ ਇਸ ਪਹਿਲਕਦਮੀ ਨੂੰ ਮਹਾਮਾਰੀ ਦੇ ਸੰਕਟ ਦੇ ਸਮੇਂ ਇਕ ਰਾਹਤ ਦੇਣ ਵਾਲੀ ਕਾਰਵਾਈ ਦੱਸਿਆ ਹੈ। ਸੂਦ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਕਾਰਪੋਰੇਸ਼ਨ ਵਲੋਂ ਆਪਣੀਆਂ ਹੋਰ ਸਕੀਮਾਂ ਅਧੀਨ ਵੀ ਸਾਲ 2019-20 ਦੌਰਾਨ 1235.24 ਲੱਖ ਰੁਪਏ ਦੇ ਕਰਜ਼ੇ ਮਨਜ਼ੂਰ ਕੀਤੇ ਗਏ ਸਨ, ਜਿਨ੍ਹਾਂ ’ਚੋਂ 911.33 ਲੱਖ ਰੁਪਏ ਦੇ ਕਰਜ਼ੇ ਸਬੰਧਤ ਲਾਭਪਾਤਰੀਆਂ ਨੂੰ ਵੰਡੇ ਜਾ ਚੁੱਕੇ ਸਨ। ਉਨ੍ਹਾਂ ਕਿਹਾ ਕਿ ਮਾਰਚ, 2020 ’ਚ ਕੋਰੋਨਾ ਕਾਰਨ ਲਗਾਏ ਲਾਕਡਾਊਨ ਤੇ ਕਰਫ਼ਿਊ ਕਾਰਨ ਜਿਹੜੇ ਕਰਜ਼ੇ ਵੰਡਣ ਤੋਂ ਰਹਿ ਗਏ ਸਨ, ਉਨ੍ਹਾਂ ਦੀ ਵੰਡ ਜਲਦੀ ਹੀ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਰਪੋਰੇਸ਼ਨ ਵਲੋਂ ਬਕਾਇਆ 323.91 ਲੱਖ ਰੁਪਏ ਦੇ ਕਰਜ਼ਿਆਂ ਦੀ ਅਦਾਇਗੀ ਕਰਨ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ।

Bharat Thapa

This news is Content Editor Bharat Thapa