ਲੱਖਾਂ ਰੁਪਏ ਵੀ ਗਏ ਤੇ ਬੇਟਾ ਅਮਰੀਕਾ ਵੀ ਨਹੀਂ ਪਹੁੰਚਿਆ

04/26/2018 6:46:13 AM

ਜਲੰਧਰ, (ਬੁਲੰਦ)— ਰਣਜੀਤ ਸਿੰਘ ਵਾਸੀ ਕਪੂਰਥਲਾ ਰੋਡ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ, ਜਿਸ ਵਿਚ ਇਕ ਟ੍ਰੈਵਲ ਏਜੰਟ ਵਲੋਂ ਉਨ੍ਹਾਂ ਕੋਲੋਂ ਲੱਖਾਂ ਰੁਪਏ ਲੈ ਕੇ ਵੀ ਉਨ੍ਹਾਂ ਦੇ ਬੇਟੇ ਨੂੰ ਵਿਦੇਸ਼ ਨਾ ਭੇਜਣ ਦਾ ਦੋਸ਼ ਲਾਇਆ ਗਿਆ।
ਸ਼ਿਕਾਇਤ ਵਿਚ ਰਣਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਆਪਣੇ ਬੇਟੇ ਗੁਰਸਿਮਰਨ ਨੂੰ ਅਮਰੀਕਾ ਭੇਜਣ ਲਈ ਟਾਂਡਾ ਦੇ ਇਕ ਏਜੰਟ ਨਾਲ ਸੰਪਰਕ ਕੀਤਾ, ਜੋ ਉਨ੍ਹਾਂ ਦੀ ਨੂੰਹ ਦੀ ਸਹੇਲੀ ਦਾ ਪਿਤਾ ਸੀ। ਉਨ੍ਹਾਂ ਕਿਹਾ ਕਿ ਏਜੰਟ ਨੇ ਉਨ੍ਹਾਂ ਕੋਲੋਂ ਪਾਸਪੋਰਟ ਤੇ 4.80 ਲੱਖ ਰੁਪਏ ਐਡਵਾਂਸ ਲਿਆ ਤੇ ਕੁਲ 23 ਲੱਖ ਰੁਪਏ ਵਿਚ ਬੇਟੇ ਨੂੰ ਅਮਰੀਕਾ ਭੇਜਣਾ ਤੈਅ ਹੋਇਆ। ਇਸ ਤੋਂ ਬਾਅਦ ਉਨ੍ਹਾਂ ਏਜੰਟ ਨੂੰ 13 ਲੱਖ ਰੁਪਏ ਦਿੱਤੇ। 
ਉਸ ਤੋਂ ਬਾਅਦ ਵੀ ਜਦੋਂ ਏਜੰਟ ਪੈਸੇ ਦੀ ਮੰਗ ਕਰਦਾ ਰਿਹਾ ਤਾਂ ਉਨ੍ਹਾਂ ਉਸਨੂੰ ਕਿਹਾ ਕਿ ਪਹਿਲਾਂ ਬੇਟੇ ਨੂੰ ਅਮਰੀਕਾ ਭੇਜੋ ਬਾਕੀ ਪੈਸੇ ਬਾਅਦ ਵਿਚ ਦੇਵਾਂਗੇ ਤਾਂ ਉਸਨੇ ਉਨ੍ਹਾਂ ਦੇ ਬੇਟੇ ਨੂੰ ਅਮਰੀਕਾ ਦੀ ਜਗ੍ਹਾ ਦੋਹਾ ਕਤਰ ਭੇਜ ਦਿੱਤਾ ਅਤੇ ਉਥੇ ਉਸਨੂੰ ਜੇਲ ਕਰਵਾ ਦਿੱਤੀ। ਜੇਲ ਵਿਚੋਂ ਛੁੱਟਣ ਤੋਂ ਬਾਅਦ ਉਸਦਾ ਬੇਟਾ ਮੁਸ਼ਕਲ ਨਾਲ ਭਾਰਤ ਆਇਆ ਤੇ ਉਸਨੇ ਕਿਹਾ ਕਿ ਉਹ ਹੁਣ ਵਿਦੇਸ਼ ਨਹੀਂ ਜਾਵੇਗਾ।
ਇਸ ਤੋਂ ਬਾਅਦ ਜਦੋਂ ਉਨ੍ਹਾਂ ਏਜੰਟ ਕੋਲੋਂ ਪੈਸੇ ਮੰਗੇ ਤਾਂ ਉਹ ਉਨ੍ਹਾਂ ਨੂੰ ਧਮਕਾਉਣ ਲੱਗਾ ਤੇ ਕਹਿਣ ਲੱਗਾ ਕਿ ਮੈਂ ਤੁਹਾਡੇ ਬੇਟੇ ਨੂੰ ਮੈਕਸੀਕੋ ਭੇਜ ਦੇਵਾਂਗਾ, ਜਿੱਥਂੋ ਉਹ ਅਮਰੀਕਾ ਨਿਕਲ ਜਾਵੇਗਾ। ਸ਼ਿਕਾਇਤਕਰਤਾ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ ਉਸ ਏਜੰਟ ਰਾਹੀਂ ਅਮਰੀਕਾ ਭੇਜਿਆ ਗਿਆ ਪਰ ਉਹ ਅਮਰੀਕਾ ਨਹੀਂ ਪਹੁੰਚਿਆ। ਉਸ ਤੋਂ ਬਾਅਦ ਏਜੰਟ ਉਨ੍ਹਾਂ ਕੋਲੋਂ 13 ਲੱਖ ਰੁਪਏ ਦੀ ਮੰਗ ਕਰ ਰਿਹਾ ਹੈ ਤੇ ਉਨ੍ਹਾਂ ਦੇ ਪੈਸੇ ਵਾਪਸ ਨਹੀਂ ਕਰ ਰਿਹਾ ਹੈ। 
ਉਨ੍ਹਾਂ ਦਾ ਬੇਟਾ ਅਮਰੀਕਾ ਪਹੁੰਚਿਆ ਹੀ ਨਹੀਂ ਹੈ ਤੇ ਨਾ ਹੀ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗ ਰਿਹਾ ਹੈ। ਉਹ ਆਪਣੇ ਬੇਟੇ ਬਾਰੇ ਚਿੰਤਤ ਹਨ। ਉਨ੍ਹਾਂ ਪੁਲਸ ਕਮਿਸ਼ਨਰ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਦੇ ਬੇਟੇ ਦਾ ਪਤਾ ਲਾਇਆ ਜਾਵੇ ਤੇ ਉਸਨੂੰ ਭਾਰਤ ਵਾਪਸ ਲਿਆਂਦਾ ਜਾਵੇ। ਉਨ੍ਹਾਂ ਟ੍ਰੈਵਲ ਏਜੰਟ 'ਤੇ ਵੀ ਕਾਰਵਾਈ ਦੀ ਮੰਗ ਕੀਤੀ ਹੈ।