ਕਰੋੜਾਪਤੀ ਰਾਮ ਰਹੀਮ ਨੂੰ ਮਿਲੇਗੀ 20 ਰੁਪਏ ਦਿਹਾੜੀ, ਮਿਲੀ ਹਜ਼ਾਰਾਂ ਰੁਪਏ ਖਰਚ ਅਤੇ ਫੋਨ ਕਰਨ ਦੀ ਛੋਟ

09/21/2017 8:27:38 AM

ਚੰਡੀਗੜ੍ਹ — ਜੇਲ ਵਿਚ ਰੇਪ ਦੇ ਮਾਮਲੇ ਵਿਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਮੁਖੀ ਲਈ ਜੇਲ ਪ੍ਰਸ਼ਾਸਨ ਨੇ  ਖੇਤੀਬਾੜੀ ਦਾ ਕੰਮ ਨਿਰਧਾਰਿਤ ਕੀਤਾ ਹੈ। ਜੇਲ ਵਿਭਾਗ ਦੇ ਡੀ. ਜੀ. ਪੀ., ਕੇ. ਪੀ. ਸਿੰਘ ਨੇ ਦੱਸਿਆ ਕਿ ਉਸਦੀ ਬੈਰਕ ਦੇ ਨਾਲ ਖਾਲੀ ਜਗ੍ਹਾ ਹੈ, ਜਿਸ ਵਿਚ ਰਾਮ ਰਹੀਮ ਨੂੰ ਸਬਜ਼ੀਆਂ ਲਾਉਣ ਦਾ ਕੰਮ ਦਿੱਤਾ ਗਿਆ ਹੈ। ਬੈਰਕ ਸਾਹਮਣੇ ਕੁਝ ਦਰੱਖਤ ਵੀ ਲੱਗੇ ਹਨ, ਜਿਨ੍ਹਾਂ ਨੂੰ ਛਾਂਗਣ ਦਾ ਕੰਮ ਵੀ ਉਹ ਕਰੇਗਾ। ਉਸ ਨੂੰ 20 ਰੁਪਏ ਦਿਹਾੜੀ ਦਿੱਤੀ ਜਾਵੇਗੀ। ਇਹ ਵੀ ਪਤਾ ਲੱਗਾ ਹੈ ਕਿ ਉਸ ਨੂੰ ਜੇਲ ਪ੍ਰਸ਼ਾਸਨ ਨੇ ਹਰ ਮਹੀਨੇ 5 ਹਜ਼ਾਰ ਰੁਪਏ ਖਰਚ ਕਰਨ ਦੀ ਛੋਟ ਦਿੱਤੀ ਹੈ।

ਹੁਣ ਰਾਮ ਰਹੀਮ ਨੇ ਜੇਲ ਦੇ ਹਿਸਾਬ ਨਾਲ ਆਪਣੇ ਆਪ ਨੂੰ ਢਾਲਣਾ ਸ਼ੁਰੂ ਕਰ ਦਿੱਤਾ ਹੈ। ਹੁਣ ਉਸਦੀ ਸਿਹਤ ਵੀ ਚੰਗੀ ਹੋ ਗਈ ਹੈ। ਇਸ ਕਾਰਨ ਜੇਲ ਪ੍ਰਸ਼ਾਸਨ ਨੇ ਉਸਨੂੰ ਕੰਮ ਦੇਣਾ ਸ਼ੁਰੂ ਕਰ ਦਿੱਤਾ ਹੈ। ਡਾਕਟਰਾਂ ਅਨੁਸਾਰ ਰਾਮ ਰਹੀਮ ਦੀ ਸਿਹਤ ਹੁਣ ਠੀਕ ਹੈ। ਡੀਜੀਪੀ ਨੇ ਕਿਹਾ ਹੈ ਕਿ ਰਾਮ ਰਹੀਮ ਹੁਣ ਅਨੁਸ਼ਾਸਤ ਅਤੇ ਸੁਭਾਇਮਾਨ ਕੈਦੀ ਸਾਬਤ ਹੋ ਰਿਹਾ ਹੈ ਜੋ ਕਿ ਹਿਦਾਇਤਾਂ ਦੀ ਪਾਲਣਾ ਕਰ ਰਿਹਾ ਹੈ।