ਮੋਹਾਲੀ ਵੇਰਕਾ ਮਿਲਕ ਪਲਾਂਟ 'ਚ ਵੱਡਾ ਘਪਲਾ, ਕਰੋੜਾਂ ਰੁਪਏ ਦਾ ਦੁੱਧ ਤੇ ਘਿਓ ਗਾਇਬ

07/06/2023 4:56:50 PM

ਜਲੰਧਰ (ਨਰਿੰਦਰ ਮੋਹਨ)- ਮੋਹਾਲੀ ਦੇ ਵੇਰਕਾ ਮਿਲਕ ਪਲਾਂਟ 'ਚੋਂ ਕਈ ਕਰੋੜ ਰੁਪਏ ਦੇ ਦੇਸੀ ਘਿਓ, ਦੁੱਧ ਅਤੇ ਕਰੇਟ ਗਾਇਬ ਹਨ। ਵਿਭਾਗ ਵੱਲੋਂ ਸਿਰਫ਼ 60,000 ਕਰੇਟ ਹੀ ਗਾਇਬ ਹੋਣ ਦੀ ਗੱਲ ਮੰਨੀ ਜਾ ਰਹੀ ਹੈ, ਜਿਨ੍ਹਾਂ ਦੀ ਕੀਮਤ ਕਰੀਬ 1.25 ਕਰੋੜ ਰੁਪਏ ਬਣਦੀ ਹੈ। ਪਹਿਲਾਂ ਤਾਂ ਇਹ ਕਰੇਟ ਖ਼ਰਾਬ ਹੋਣ ਦੀ ਗੱਲ ਕਹਿ ਕੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇੰਨੀ ਵੱਡੀ ਗਿਣਤੀ ਵਿੱਚ ਕਰੇਟ ਖ਼ਰਾਬ ਹੋਣ ਅਤੇ ਉਨ੍ਹਾਂ ਦੀ ਰਹਿੰਦ-ਖੂੰਹਦ ਦਾ ਵੀ ਪਤਾ ਨਾ ਲੱਗਣ ਕਾਰਨ ਇਸ ਮਾਮਲੇ ਦੀ ਰਜਿਸਟਰਾਰ ਸਹਿਕਾਰੀ ਸਭਾ ਪੰਜਾਬ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪਲਾਂਟ ਦੇ ਕੁਝ ਸ਼ੱਕੀ ਅਫ਼ਸਰਾਂ ਨੂੰ ਬਚਾਉਣ ਲਈ ਤਬਾਦਲਿਆਂ ਦੀ ਖੇਡ ਵੀ ਖੇਡੀ ਜਾ ਰਹੀ ਹੈ।

ਹਰ ਸਾਲ 31 ਮਾਰਚ ਨੂੰ ਮਿਲਕ ਪਲਾਂਟ 'ਚ ਹੋਣ ਵਾਲੀ ਸਰੀਰਕ ਜਾਂਚ ਦੌਰਾਨ ਇਹ ਮਾਮਲਾ ਸਾਹਮਣੇ ਆਇਆ ਸੀ। ਪੰਜਾਬ ਸਟੇਟ ਕਰਮਚਾਰੀ ਦਲ ਦੇ ਸਾਬਕਾ ਸਕੱਤਰ ਜਗਜੀਤ ਸਿੰਘ ਨੇ ਇਸ ਮਾਮਲੇ 'ਚ ਸ਼ਿਕਾਇਤ ਕੀਤੀ ਸੀ ਕਿ ਕਰੋੜਾਂ ਰੁਪਏ ਦੇ ਦੇਸੀ ਘਿਓ, ਦੁੱਧ ਅਤੇ ਕਰੇਟ ਪਲਾਂਟ ਵਿਚੋਂ ਗਾਇਬ ਸਨ। ਇਸ ਮਾਮਲੇ ਵਿੱਚ ਵੇਰਕਾ ਪਲਾਂਟ ਮੋਹਾਲੀ ਦੇ ਚਾਰ ਅਧਿਕਾਰੀਆਂ ਦੇ ਨਾਂ ਲਏ ਗਏ ਹਨ। ਇਸ ਮਾਮਲੇ ਵਿੱਚ ਪੰਜ ਵਿਅਕਤੀਆਂ ਨੂੰ ਮੁਅੱਤਲ ਵੀ ਕੀਤਾ ਗਿਆ ਸੀ, ਜਿਨ੍ਹਾਂ ਨੂੰ ਬਾਅਦ ਵਿੱਚ ਯੂਨੀਅਨ ਦੇ ਦਬਾਅ ਕਾਰਨ ਬਹਾਲ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ-  ਕਪੂਰਥਲਾ-ਜਲੰਧਰ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ, ਆਟੋ ਚਾਲਕ ਦੀ ਮੌਤ, ਲਾਸ਼ ਵੇਖ ਧਾਹਾਂ ਮਾਰ ਰੋਈ ਪਤਨੀ

ਇਕ ਮਹਿਲਾ ਅਧਿਕਾਰੀ ਨੂੰ ਬਚਾਉਣ ਲਈ ਉਸ ਦਾ ਤਬਾਦਲਾ ਕਰ ਦਿੱਤਾ ਗਿਆ ਅਤੇ ਉਥੇ ਇਕ ਹੋਰ ਮਹਿਲਾ ਅਧਿਕਾਰੀ ਨੂੰ ਤਾਇਨਾਤ ਕਰਕੇ ਸਾਰਾ ਮਾਮਲਾ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਘਪਲੇ ਤੋਂ ਬਚਣ ਲਈ ਇਕ ਦੂਜੇ ਖ਼ਿਲਾਫ਼ ਸ਼ਿਕਾਇਤਾਂ ਦਾ ਸਿਲਸਿਲਾ ਵੀ ਜਾਰੀ ਹੈ। ਇਸ ਘਪਲੇ ਵਿੱਚ ਇਕ ਸੇਵਾਮੁਕਤ ਮੈਨੇਜਰ ਦਾ ਨਾਮ ਵੀ ਆ ਰਿਹਾ ਹੈ, ਜੋ ਪਹਿਲਾਂ ਹੀ 40 ਲੱਖ ਦੇ ਮਠਿਆਈ ਘਪਲੇ ਵਿੱਚ ਸ਼ਾਮਲ ਹੈ। ਇਸ ਮਾਮਲੇ ਸਬੰਧੀ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਵੱਲੋਂ ਛਾਪੇਮਾਰੀ ਵੀ ਕੀਤੀ ਗਈ ਸੀ। ਦੇਸੀ ਘਿਓ, ਦੁੱਧ ਅਤੇ ਕਰੇਟ ਕਿਵੇਂ ਗਾਇਬ ਹੋ ਗਿਆ, ਇਸ ਦੀ ਜਾਂਚ ਜਾਰੀ ਹੈ। ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਦੁੱਧ ਦੇ ਨਾਲ-ਨਾਲ ਬਕਸੇ ਬਿਨਾਂ ਕਿਸੇ ਰਿਕਾਰਡ ਦੇ ਬਾਹਰ ਭੇਜੇ ਗਏ ਸਨ।

ਇਸ ਮਾਮਲੇ ਸਬੰਧੀ ਜਦੋਂ ਪਲਾਂਟ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਗਬਨ ਸਿਰਫ਼ ਕਰੇਟਾਂ ਦਾ ਹੈ ਅਤੇ ਜਿਨ੍ਹਾਂ ਦੀ ਗਿਣਤੀ 60 ਹਜ਼ਾਰ ਦੇ ਕਰੀਬ ਹੈ। ਕਰੇਟਾਂ ਦਾ ਸਟਾਕ ਬਹੁਤ ਘੱਟ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮਾਮਲੇ ਦੀ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਜਿਸ ਦੀ ਰਿਪੋਰਟ ਅਗਲੇ ਹਫ਼ਤੇ ਆ ਜਾਵੇਗੀ।

ਇਹ ਵੀ ਪੜ੍ਹੋ- ਪਟਿਆਲਾ: ਗੇਮ ਖੇਡਦਿਆਂ-ਖੇਡਦਿਆਂ ਘਰ 'ਚ ਪੈ ਗਏ ਵੈਣ, 11 ਸਾਲਾ ਬੱਚੇ ਦੀ ਹੋਈ ਸ਼ੱਕੀ ਹਾਲਾਤ 'ਚ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
 
For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711


 

shivani attri

This news is Content Editor shivani attri