ਸਿੱਖਿਆ ਵਿਭਾਗ ਦੀ ਮਿਡ-ਡੇ ਮੀਲ ਸੋਸਾਇਟੀ ਵੱਲੋਂ ਜਾਰੀ ਪੱਤਰ ''ਚ ਖੁਲਾਸਾ

11/09/2019 2:38:03 PM

ਲੁਧਿਆਣਾ (ਵਿੱਕੀ) : ਸਿੱਖਿਆ ਵਿਭਾਗ ਦੀ ਮਿਡ-ਡੇ ਮੀਲ ਸੋਸਾਇਟੀ ਦੇ ਜਨਰਲ ਮੈਨੇਜਰ ਪ੍ਰਭਚਰਨ ਸਿੰਘ ਨੇ ਮਿਡ-ਡੇ ਮੀਲ ਵਾਲੀਆਂ ਕੁੱਕ ਦੇ ਸਕੂਲ ਦੇ ਵਿਦਿਆਰਥੀਆਂ ਦਾ ਮਿਡ-ਡੇ ਮੀਲ ਘਰ ਲਿਜਾਣ ਦੇ ਮਾਮਲੇ 'ਤੇ ਸਖਤ ਸਟੈਂਡ ਲਿਆ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਹੁਣ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਣ 'ਤੇ ਸਕੂਲ ਮੁਖੀਆਂ 'ਤੇ ਗਾਜ ਡਿੱਗੇਗੀ। ਇਸ ਸਬੰਧੀ ਸੂਬੇ ਦੇ ਸਾਰੇ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਵੀ ਭੇਜ ਦਿੱਤਾ ਗਿਆ ਹੈ। ਪੱਤਰ ਮੁਤਾਬਕ ਵਿਭਾਗ ਦੇ ਉੱਚ ਅÎਧਿਕਾਰੀਆਂ ਦੇ ਧਿਆਨ 'ਚ ਆਇਆ ਹੈ ਕਿ ਕੁਝ ਸਕੂਲਾਂ 'ਚ ਬੱਚਿਆਂ ਲਈ ਮਿਡ-ਡੇ ਮੀਲ ਬਣਾਉਣ ਵਾਲੇ ਕੁੱਕ ਕਮ ਹੈਲਪਰਾਂ ਵੱਲੋਂ ਬਣਿਆ ਹੋਇਆ ਖਾਣਾ ਆਪਣੇ ਘਰਾਂ 'ਚ ਲਿਜਾਇਆ ਜਾਂਦਾ ਹੈ, ਜਦੋਂਕਿ ਨਿਯਮਾਂ ਮੁਤਬਾਕ ਇਹ ਖਾਣਾ ਸਿਰਫ ਬੱਚਿਆਂ ਲਈ ਹੀ ਬਣਦਾ ਹੈ।

ਸੋਸਾਇਟੀ ਵੱਲੋਂ ਜਾਰੀ ਪੱਤਰ ਮੁਤਾਬਕ ਡੀ. ਈ. ਓਜ਼ ਨੂੰ ਹਦਾਇਤ ਕੀਤੀ ਹੈ ਕਿ ਆਪਣੇ ਅਧੀਨ ਆਉਂਦੇ ਸਕੂਲਾਂ ਨੂੰ ਨਿਰਦੇਸ਼ ਦਿੱਤੇ ਜਾਣ ਕਿ ਕੋਈ ਵੀ ਕੁੱਕ ਕਮ ਹੈਲਪਰ ਬੱਚਿਆਂ ਲਈ ਬਣਿਆ ਮਿਡ-ਡੇ ਮੀਲ ਘਰ ਨਾ ਲੈ ਕੇ ਜਾਵੇ। ਵਿਭਾਗ ਨੇ ਸਾਫ ਕਿਹਾ ਹੈ ਕਿ ਜੇਕਰ ਭਵਿੱਖ 'ਚ ਅਜਿਹਾ ਕੋਈ ਕੇਸ ਸਾਹਮਣੇ ਆਉਂਦਾ ਹੈ ਤਾਂ ਇਸ ਦੀ ਸਿੱਧੀ ਜ਼ਿੰਮੇਵਾਰੀ ਸਕੂਲ ਮੁਖੀ ਦੀ ਤੈਅ ਕੀਤੀ ਜਾਵੇਗੀ। ਪੱਤਰ 'ਚ ਕਿਹਾ ਗਿਆ ਹੈ ਕਿ ਅਜਿਹੀ ਲਾਪ੍ਰਵਾਹੀ ਸਾਹਮਣੇ ਆਉਣ 'ਤੇ ਸਕੂਲ ਮੁਖੀ 'ਤੇ ਵਿਭਾਗੀ ਕਾਰਵਾਈ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ। ਵਿਭਾਗ ਦਾ ਪੱਤਰ ਜਾਰੀ ਹੁੰਦੇ ਹੀ ਡਿਪਟੀ ਡੀ. ਈ. ਓ. ਐਲੀਮੈਂਟਰੀ ਕੁਲਦੀਪ ਸਿੰਘ ਨੇ ਉਕਤ ਸਬੰਧੀ ਜਾਣਕਾਰੀ ਵੱਖ-ਵੱਖ ਵ੍ਹਟਸਐਪ ਗਰੁੱਪਾਂ ਵੱਲੋਂ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਬਾਕਾਇਦਾ ਪੱਤਰ ਦੀ ਕਾਪੀ ਭੇਜ ਕੇ ਦੇ ਦਿੱਤੀ ਹੈ।
 

Anuradha

This news is Content Editor Anuradha