ਈ. ਟੀ. ਟੀ. ਅਧਿਆਪਕ ਯੂਨੀਅਨ ਵੱਲੋਂ ਮਿਡ-ਡੇ ਮੀਲ ਬੰਦ ਕਰਨ ਦਾ ਐਲਾਨ

11/26/2017 12:29:54 PM

ਕਪੂਰਥਲਾ (ਮੱਲ੍ਹੀ)— ਸਰਕਾਰੀ ਪ੍ਰਾਇਮਰੀ/ਐਲੀਮੈਂਟਰੀ ਸਕੂਲਾਂ 'ਚ ਪੜ੍ਹਾ ਰਹੇ ਅਧਿਆਪਕਾਂ ਦੀ ਧਾਕੜ ਜਥੇਬੰਦੀ ਈ. ਟੀ. ਟੀ. ਅਧਿਆਪਕ ਯੂਨੀਅਨ ਪੰਜਾਬ ਦੀ ਕਪੂਰਥਲਾ ਇਕਾਈ ਦੇ ਅਹੁਦੇਦਾਰਾਂ ਦੀ ਸ਼ਨੀਵਾਰ ਨੂੰ ਹੋਈ ਇਕ ਅਹਿਮ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਯੂਨੀਅਨ ਦੇ ਜ਼ਿਲਾ ਪ੍ਰਧਾਨ ਰਸ਼ਪਾਲ ਸਿੰਘ ਵੜੈਚ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਵਲੋਂ ਮਿਡ-ਡੇ ਮੀਲ ਸਕੀਮ ਤਹਿਤ ਸਕੂਲਾਂ 'ਚ ਲੋੜੀਂਦੀਆਂ ਗ੍ਰਾਂਟਾਂ ਨਾ ਭੇਜਣ ਦੇ ਬਾਵਜੂਦ ਵੀ ਅਧਿਆਪਕ ਸਾਥੀਆਂ ਵੱਲੋਂ ਆਪਣੇ ਪੱਲਿਓਂ ਪੈਸੇ ਖਰਚ ਕੇ ਮਿਡ-ਡੇ ਮੀਲ ਸਕੀਮ ਨੂੰ ਚਾਲੂ ਰੱਖਿਆ ਗਿਆ ਹੈ।
ਵਿਭਾਗ ਦੇ ਅਧਿਕਾਰੀਆਂ ਨੇ ਸਮੇਂ-ਸਮੇਂ 'ਤੇ ਅਧਿਆਪਕ ਯੂਨੀਅਨਾਂ ਦੇ ਵਫਦਾਂ ਨੂੰ ਭਰੋਸਾ ਦਿਵਾਇਆ ਕਿ ਮਿਡ-ਡੇ ਮੀਲ ਦੀ ਰਾਸ਼ੀ ਜਲਦ ਜਾਰੀ ਹੋ ਰਹੀ ਹੈ, ਤੁਸੀਂ ਇਸ ਸਕੀਮ ਨੂੰ ਜਾਰੀ ਰੱਖੋ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੇ ਲੱਖਾਂ ਰੁਪਏ ਪੱਲਿਓਂ ਖਰਚ ਕੇ ਮਿਡ-ਡੇ ਮੀਲ ਸਕੀਮ ਚਾਲੂ ਰੱਖੀ ਪਰ ਹੁਣ ਸਥਿਤੀ ਇਹ ਬਣ ਗਈ ਹੈ ਕਿ ਅਧਿਆਪਕ ਸਾਥੀ ਜਿਨ੍ਹਾਂ ਦੇ ਪੱਲਿਓਂ ਖਰਚੀ ਲੱਖਾਂ ਰੁਪਏ ਦੀ ਬਕਾਇਆ ਅਦਾਇਗੀ ਨਹੀਂ ਹੋ ਰਹੀ ਅਤੇ ਹੁਣ ਅਧਿਆਪਕ ਸਾਥੀ ਹੋਰ ਉਧਾਰ ਸੌਦਾ ਲੈ ਕੇ ਸਕੀਮ ਚਾਲੂ ਨਹੀਂ ਰੱਖ ਸਕਦੇ, ਇਸ ਲਈ ਜ਼ਿਲਾ ਕਪੂਰਥਲਾ ਦੇ ਸਰਕਾਰੀ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਸਕੂਲਾਂ 'ਚ ਮਿਡ-ਡੇ ਮੀਲ ਸਕੀਮ ਬੰਦ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਈ. ਟੀ. ਟੀ. ਅਧਿਆਪਕ ਯੂਨੀਅਨ ਦੇ ਜ਼ਿਲਾ ਆਗੂ ਗੁਰਮੇਜ ਸਿੰਘ ਤਲਵੰਡੀ, ਸਰਪ੍ਰਸਤ ਇੰਦਰਜੀਤ ਸਿੰਘ ਬਿਧੀਪੁਰ, ਵਿੱਤ ਸਕੱਤਰ ਅਵਤਾਰ ਸਿੰਘ, ਹਰਨੇਕ ਸਿੰਘ ਆਦਿ ਦੀ ਹਾਜ਼ਰੀ ਦੌਰਾਨ ਕਿਹਾ ਕਿ ਮਿਡ-ਡੇ ਮੀਲ ਸਕੀਮ ਉਦੋਂ ਤਕ ਬੰਦ ਰੱਖਣਗੇ, ਜਦੋਂ ਤਕ ਮਿਡ-ਡੇ ਮੀਲ ਦੀ ਬਕਾਇਆ ਰਾਸ਼ੀ ਨਹੀਂ ਮਿਲਦੀ। ਉਨ੍ਹਾਂ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਮਿਡ-ਡੇ ਮੀਲ ਸਕੀਮ ਚਾਲੂ ਰੱਖਣ ਲਈ ਜਲਦ ਫੰਡ ਮੁਹੱਈਆ ਕਰਵਾਉਣ।