ਭੁਲੱਥ ਸਬ-ਡਿਵੀਜ਼ਨ ਦੇ ਨੌਜਵਾਨਾਂ ਲਈ ਵੱਡੀ ਕਬਰਗਾਹ ''ਚ ਤਬਦੀਲ ਹੋਇਆ ਮੈਕਸੀਕੋ

08/22/2018 5:45:00 PM

ਕਪੂਰਥਲਾ (ਭੂਸ਼ਣ)— ਅਮਰੀਕਾ ਜਾ ਕੇ ਸੁਨਹਿਰੀ ਭਵਿੱਖ ਦਾ ਸੁਪਨਾ ਲੈਣ ਵਾਲੇ ਐੱਨ. ਆਰ. ਆਈ. ਦੇ ਵੱਡੇ ਗੜ੍ਹ ਦੇ ਰੂਪ 'ਚ ਜਾਣੇ ਜਾਂਦੇ ਭੁਲੱਥ ਸਬ-ਡਿਵੀਜ਼ਨ ਨਾਲ ਸਬੰਧਤ ਵੱਡੀ ਗਿਣਤੀ 'ਚ ਨੌਜਵਾਨਾਂ ਲਈ ਅਮਰੀਕਾ ਜਾਣ ਦਾ ਮੁੱਖ ਦਰਵਾਜ਼ਾ ਮੈਕਸੀਕੋ ਜਿੱਥੇ ਇਕ ਵੱਡੀ ਕਬਰਗਾਹ ਬਣਦਾ ਜਾ ਰਿਹਾ ਹੈ, ਉਥੇ ਹੀ ਬੀਤੇ ਡੇਢ ਮਹੀਨੇ ਦੌਰਾਨ ਭੁਲੱਥ ਸਬ-ਡਿਵੀਜ਼ਨ ਨਾਲ ਸਬੰਧਤ 2 ਨੌਜਵਾਨਾਂ ਦੀ ਅਮਰੀਕਾ ਜਾਣ ਦੀ ਕੋਸ਼ਿਸ਼ ਵਿਚ ਹੋਈ ਮੌਤ ਦੇ ਮਾਮਲੇ ਨੇ ਪੂਰੇ ਜ਼ਿਲੇ ਨਾਲ ਸਬੰਧਤ ਉਨ੍ਹਾਂ ਸੈਂਕੜੇ ਪਰਿਵਾਰਾਂ ਵਿਚ ਭਾਰੀ ਦਹਿਸ਼ਤ ਫੈਲਾ ਦਿੱਤੀ ਹੈ, ਜਿਨ੍ਹਾਂ ਨੇ ਲੱਖਾਂ ਰੁਪਏ ਦੀ ਰਕਮ ਅਦਾ ਕਰਕੇ ਆਪਣੇ ਲੜਕਿਆਂ ਨੂੰ ਨਵੀਂ ਦਿੱਲੀ ਤੋਂ ਮੈਕਸੀਕੋ ਲਈ ਰਵਾਨਾ ਕੀਤਾ ਸੀ।

ਜ਼ਿਕਰਯੋਗ ਹੈ ਕਿ ਬੀਤੇ ਡੇਢ ਮਹੀਨੇ ਦੌਰਾਨ ਜ਼ਿਲੇ ਨਾਲ ਸਬੰਧਤ ਦੂਜੇ ਨੌਜਵਾਨ ਦੀ ਅਮਰੀਕਾ ਜਾਣ ਦੀ ਕੋਸ਼ਿਸ਼ 'ਚ ਮੈਕਸੀਕੋ ਦੇ ਸੰਘਣੇ ਜੰਗਲਾਂ 'ਚ ਹੋਈ ਮੌਤ ਦੇ ਮਾਮਲੇ ਨੇ ਇਸ ਸਚਾਈ ਨੂੰ ਸਾਬਤ ਕਰ ਦਿੱਤਾ ਹੈ ਕਿ ਸੂਬਾ ਸਰਕਾਰ ਵੱਲੋਂ ਬਣਾਏ ਗਏ ਸਖਤ ਕਾਨੂੰਨਾਂ ਦੇ ਬਾਵਜੂਦ ਵੀ ਫਰਜ਼ੀ ਟਰੈਵਲ ਏਜੰਟਾਂ ਦੇ ਹੌਸਲੇ ਇਸ ਕਦਰ ਬੁਲੰਦੀਆਂ 'ਤੇ ਪਹੁੰਚ ਚੁੱਕੇ ਹਨ ਕਿ ਉਨ੍ਹਾਂ ਲਈ ਮੋਟੀ ਰਕਮ ਕਮਾਉਣ ਦੇ ਮਕਸਦ ਨਾਲ ਕਿਸੇ ਵੀ ਨੌਜਵਾਨ ਦੀ ਜ਼ਿੰਦਗੀ ਨਾਲ ਖੇਡਣਾ ਇਕ ਮਾਮੂਲੀ ਜਿਹਾ ਕੰਮ ਬਣ ਗਿਆ ਹੈ, ਫਿਲਹਾਲ ਫਰਜ਼ੀ ਟ੍ਰੇਵਲ ਏਜੰਟਾਂ ਦੇ ਖਿਲਾਫ ਬੀਤੇ 2-3 ਮਹੀਨਿਆਂ ਤੋਂ ਪੁਲਸ ਕਾਰਵਾਈ ਨਾ ਹੋਣ ਦੇ ਸਿੱਟੇ ਵਜੋਂ ਫਰਜ਼ੀ ਟ੍ਰੈਵਲ ਏਜੰਟਾਂ ਦੇ ਹੌਸਲੇ ਇਸ ਕਦਰ ਵਧ ਚੁੱਕੇ ਹਨ ਕਿ ਉਹ ਅਮਰੀਕਾ ਜਾਣ ਦੀ ਹਸਰਤ 'ਚ ਬੈਠੇ ਉਨ੍ਹਾਂ ਮਾਸੂਮ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ, ਜੋ ਕਿਸੇ ਨਾ ਕਿਸੇ ਤਰ੍ਹਾਂ ਵਿਦੇਸ਼ 'ਚ ਸੈਟਲ ਹੋ ਕੇ ਆਪਣੇ ਪਰਿਵਾਰ ਦਾ ਭਵਿੱਖ ਸੰਵਾਰਨਾ ਚਾਹੁੰਦੇ ਹਨ।

30 ਤੋਂ 35 ਲੱਖ ਰੁਪਏ 'ਚ ਇਸ ਖਤਰਨਾਕ ਖੇਡ ਨੂੰ ਅੰਜ਼ਾਮ ਦੇ ਰਹੇ ਕਬੂਤਰਬਾਜ਼ !
ਦੱਸਿਆ ਜਾਂਦਾ ਹੈ ਕਿ ਪ੍ਰਤੀ ਨੌਜਵਾਨ 30 ਤੋਂ 35 ਲੱਖ ਰੁਪਏ ਦੀ ਰਕਮ ਲੈਣ ਵਾਲੇ ਉਕਤ ਕਬੂਤਰਬਾਜ਼ ਇੰਨੀ ਖਤਰਨਾਕ ਖੇਡ ਨੂੰ ਅੰਜਾਮ ਦੇ ਰਹੇ ਹਨ ਕਿ ਉਹ ਲਗਾਤਾਰ 4 ਤੋਂ 5 ਮਹੀਨੇ ਤੱਕ ਅਮਰੀਕਾ ਜਾਣ ਦੀ ਤਿਆਰੀ ਵਿਚ ਬੈਠੇ ਨੌਜਵਾਨਾਂਂ ਨੂੰ ਵੱਖ-ਵੱਖ ਦੱਖਣੀ ਅਮਰੀਕੀ ਦੇਸ਼ਾਂ ਦੇ ਖਤਰਨਾਕ ਰਸਤਿਆਂ ਤੋਂ ਘੁਮਾਉਂਦੇ ਹੋਏ ਉਨ੍ਹਾਂ ਦੀ ਜਾਨ ਦੀ ਵੀ ਪ੍ਰਵਾਹ ਨਹੀਂ ਕਰਦੇ, ਜਿਸ ਕਾਰਨ ਜਾਂ ਤਾਂ ਕਈ ਨੌਜਵਾਨ ਰਸਤਿਆਂ 'ਚ ਹੀ ਦਮ ਤੋੜ ਦਿੰਦੇ ਹਨ ਜਾਂ ਫਿਰ ਕਈ ਨੌਜਵਾਨ ਜੇਲਾਂ 'ਚ ਪਹੁੰਚ ਜਾਂਦੇ ਹਨ।

ਜ਼ਿਲੇ ਨਾਲ ਸਬੰਧਤ ਸੈਂਕੜੇ ਨੌਜਵਾਨ ਹਨ ਅਮਰੀਕੀ ਜੇਲਾਂ 'ਚ ਬੰਦ
ਗੌਰ ਹੋਵੇ ਕਿ ਵਰਤਮਾਨ ਦੌਰ ਵਿਚ ਅਮਰੀਕੀ ਜੇਲਾਂ ਵਿਚ ਕਪੂਰਥਲਾ ਸਮੇਤ ਸੂਬੇ ਨਾਲ ਸਬੰਧਤ ਸੈਂਕੜੇ ਨੌਜਵਾਨ ਬੰਦ ਹਨ, ਜਿਨ੍ਹਾਂ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਸਖਤ ਨੀਤੀਆਂ ਦੇ ਕਾਰਨ ਨਾ ਤਾਂ ਸਟੇਅ ਮਿਲ ਰਿਹਾ ਹੈ ਨਾ ਹੀ ਉਨ੍ਹਾਂ ਦੇ ਕਿਸੇ ਜ਼ਮਾਨਤੀ ਨੂੰ ਹੀ ਮੰਨਿਆ ਜਾ ਰਿਹਾ ਹੈ ਪਰ ਅਮਰੀਕਾ 'ਚ ਇੰਨੀ ਭਾਰੀ ਸਖਤੀ ਹੋਣ ਦੇ ਬਾਵਜੂਦ ਵੀ ਫਰਜ਼ੀ ਟਰੈਵਲ ਏਜੰਟ ਉਨ੍ਹਾਂ ਲੋਕਾਂ ਨੂੰ ਇਸ ਕਦਰ ਆਪਣਾ ਸ਼ਿਕਾਰ ਬਣਾ ਰਹੇ ਹਨ, ਜੋ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਲਾਡਲਿਆਂ ਨੂੰ ਅਮਰੀਕਾ ਭੇਜਣਾ ਚਾਹੁੰਦੇ ਹਨ। ਵਰਤਮਾਨ ਹਾਲਾਤ 'ਚ ਇਨ੍ਹਾਂ ਸੈਂਕੜੇ ਪਰਿਵਾਰਾਂ 'ਚ ਭਾਰੀ ਖੌਫ ਪੈਦਾ ਹੋ ਗਿਆ ਹੈ, ਜਿਸ ਨੂੰ ਲੈ ਕੇ ਜ਼ਿਆਦਾਤਰ ਪਰਿਵਾਰ ਮੈਕਸੀਕੋ ਅਤੇ ਗਵਾਟੇਮਾਲਾ 'ਚ ਬੈਠੇ ਆਪਣੇ ਲੜਕਿਆਂ ਦੀ ਜਾਨ ਮਾਲ ਨੂੰ ਲੈ ਕੇ ਭਾਰੀ ਡਰ 'ਚ ਜੀਅ ਰਹੇ ਹਨ ਪਰ ਇਸ ਦੇ ਬਾਵਜੂਦ ਵੀ ਨੌਜਵਾਨਾਂ ਦੀਆਂ ਕੀਮਤੀ ਜਾਨਾਂਂ ਲੈਣ ਲਈ ਜ਼ਿੰਮੇਵਾਰ ਇਨ੍ਹਾਂ ਫਰਜ਼ੀ ਟਰੈਵਲ ਏਜੰਟਾਂ ਖਿਲਾਫ ਕੋਈ ਵੱਡੀ ਮੁਹਿੰਮ ਨਾ ਸ਼ੁਰੂ ਹੋਣਾ ਕਈ ਅਹਿਮ ਸਵਾਲ ਖੜ੍ਹੇ ਕਰ ਰਹੀ ਹੈ।

ਵਿਚੋਲਿਆਂ ਦੇ ਮਾਰਫਤ ਅਮਰੀਕਾ ਭੇਜਣ ਦੀ ਹੋ ਰਹੀ ਹੈ ਸੌਦੇਬਾਜ਼ੀ
ਅਮਰੀਕਾ 'ਚ ਨੌਜਵਾਨਾਂਂ ਦੇ ਲਗਾਤਾਰ ਫਸਣ ਅਤੇ ਵੱਡੀ ਗਿਣਤੀ 'ਚ ਮੌਤ ਦਾ ਸ਼ਿਕਾਰ ਹੋਣ ਦੇ ਬਾਵਜੂਦ ਲੋਕਾਂ ਦੇ ਘੱਟ ਨਾ ਹੋ ਰਹੇ ਕਰੇਜ਼ ਨੂੰ ਵੇਖਦੇ ਹੋਏ ਪੂਰੇ ਜ਼ਿਲੇ 'ਚ ਵੱਡੀ ਗਿਣਤੀ 'ਚ ਅਜਿਹੇ ਵਿਚੋਲੇ ਸਰਗਰਮ ਹਨ, ਜੋ ਉਨ੍ਹਾਂ ਨੌਜਵਾਨਾਂ ਨੂੰ ਆਪਣੇ ਜਾਲ ਵਿਚ ਫਸਾ ਰਹੇ ਹਨ, ਜਿਨ੍ਹਾਂ ਦੇ ਕੋਲ ਸਟਡੀ ਵੀਜ਼ਾ ਲਈ ਵਿਦੇਸ਼ ਜਾਣ ਦੀ ਯੋਗਤਾ ਨਹੀਂ ਹੈ। ਅਜਿਹੇ ਲੋਕ ਆਪਣੀ ਮੋਟੀ ਕਮਿਸ਼ਨ ਦੀ ਖਾਤਰ ਇਨ੍ਹਾਂ ਨੌਜਵਾਨਾਂ ਨੂੰ ਕੁਝ ਹੀ ਦਿਨਾਂ ਵਿਚ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਦੇ ਪਰਿਵਾਰਾਂ ਤੋਂ ਮੋਟੀ ਰਕਮ ਵਸੂਲ ਰਹੇ ਹਨ, ਜਿਸ ਕਾਰਨ ਕਈ ਵਾਰ ਉਕਤ ਪਰਿਵਾਰਾਂ ਨੂੰ ਆਪਣੇ ਲਾਡਲਿਆਂ ਦੇ ਨਾਲ-ਨਾਲ ਲੱਖਾਂ ਰੁਪਏ ਦੀ ਰਕਮ ਵੀ ਗੁਆਉਣੀ ਪੈਂਦੀ ਹੈ।

ਲੋਕ ਗੈਰ-ਕਾਨੂੰਨੀ ਰਸਤਿਆਂ ਤੋਂ ਵਿਦੇਸ਼ ਨਾ ਜਾਣ : ਐੱਸ. ਐੱਸ. ਪੀ.
ਇਸ ਸਬੰਧੀ ਜਦੋਂ ਐੱਸ. ਐੱਸ. ਪੀ. ਸਤਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕਬੂਤਰਬਾਜ਼ਾਂ ਦੇ ਖਿਲਾਫ ਜ਼ਿਲੇ ਵਿਚ ਇਕ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ ਤੇ ਇਸ ਮਾਮਲੇ ਵਿਚ ਜ਼ਿਲਾ ਪੁਲਸ ਪੂਰੀ ਸਖਤੀ ਨਾਲ ਕਾਰਵਾਈ ਕਰੇਗੀ। ਉਨ੍ਹਾਂ ਲੋਕਾਂ ਨੂੰ ਗੈਰ-ਕਾਨੂੰਨੀ ਰਸਤਿਆਂ ਤੋਂ ਵਿਦੇਸ਼ ਨਾ ਜਾਣ ਦੀ ਅਪੀਲ ਕੀਤੀ।