ਸੜਕ ਟ੍ਰੈਫ਼ਿਕ ਪੀੜਤਾਂ ਲਈ ਯਾਦਗਾਰ ਵਿਸ਼ਵ ਦਿਵਸ ਮਨਾਇਆ ਗਿਆ

11/19/2017 4:47:07 PM


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਸਥਾਨਕ ਰੈਡ ਕਰਾਸ ਭਵਨ ਵਿਖੇ ਸੜਕ ਟ੍ਰੈਫ਼ਿਕ ਪੀੜਤਾਂ ਲਈ ਯਾਦਗਾਰ ਵਿਸ਼ਵ ਦਿਵਸ ਮਨਾਇਆ ਗਿਆ। ਇਸ ਮੌਕੇ ਰਾਜਪਾਲ ਸਿੰਘ, ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਨੂੰ ਨਸ਼ਾ ਕਰਕੇ ਡਰਾਇਵਿੰਗ ਨਹੀਂ ਕਰਨੀ ਚਾਹੀਦੀ। ਇਕ ਚੰਗਾ ਨਾਗਰਿਕ ਬਨਣ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਸਾਨੂੰ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ 18 ਸਾਲ ਤੋਂ ਘੱਟ ਬੱਚਾ ਜੇ ਵਹੀਕਲ ਚਲਾਉਂਦਾ ਹੈ ਤਾਂ ਉਹ ਗੈਰ ਕਾਨੂੰਨੀ ਹੈ ਇਸ ਲਈ 18 ਸਾਲ ਤੋਂ ਘੱਟ ਬੱਚੇ ਨੂੰ ਵਹੀਕਲ ਨਾ ਚਲਾਉਣ ਦਿੱਤਾ ਜਾਵੇ। ਡਰਾਇਵਿੰਗ ਕਰਦੇ ਸਮੇਂ ਸਾਨੂੰ ਫੋਨ ਨਹੀਂ ਸੁਣਨਾ ਚਾਹੀਦਾ। ਸੜਕ ਦੁਰਘਟਨਾ ਵਿਚ ਜ਼ਖ਼ਮੀ ਹੋਏ ਵਿਅਕਤੀਆਂ ਨੂੰ 50,000  ਰੁਪਏ ਤੱਕ ਦੀ ਮਾਲੀ ਸਹਾਇਤਾ ਦਿੱਤੀ ਜਾਵੇਗੀ ਅਤੇ ਜਿਨ੍ਹਾਂ ਵਿਅਕਤੀਆਂ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ, ਦੇ ਪਰਿਵਾਰਕ ਮੈਂਬਰਾਂ ਨੂੰ 1 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਵੇਗੀ। ਸੜਕ ਟ੍ਰੈਫ਼ਿਕ ਪੀੜਤਾਂ ਲਈ ਯਾਦਗਾਰ ਵਿਸ਼ਵ ਦਿਵਸ ਮੌਕੇ ਵਿਛੜ ਗਈਆਂ ਰੂਹਾਂ ਦੀ ਸ਼ਾਂਤੀ ਲਈ ਕੈਂਡਲ ਮਾਰਚ ਕੱਢਿਆ ਗਿਆ। ਇਸ ਤੋਂ ਇਲਾਵਾ ਰਾਜਪਾਲ ਸਿੰਘ, ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਪੀੜਤ ਪਰਿਵਾਰਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਯਾਦਗਾਰ ਵਿਸ਼ਵ ਦਿਵਸ ਮੌਕੇ ਗੁਰਜੀਤ ਸਿੰਘ ਡੀ. ਐੱਸ. ਪੀ, ਮਲਕੀਤ ਸਿੰਘ ਜ਼ਿਲ੍ਹਾ ਟ੍ਰੈਫ਼ਿਕ ਇੰਚਾਰਜ ਅਤੇ ਗੁਰਜੰਟ ਸਿੰਘ ਹੈਡ ਕਾਂਸਟੇਬਲ ਵੀ ਹਾਜ਼ਰ ਸਨ। ਗੁਰਜੀਤ ਸਿੰਘ ਡੀ. ਐੱਸ. ਪੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਮੁਸ਼ਕਿਲ ਆਉਂਦੀ ਹੈ ਤਾਂ ਉਹ ਲਿਖਤੀ ਰੂਪ ਵੀ ਦੇ ਸਕਦਾ ਹੈ ਅਤੇ ਉਸ ਮੁਤਾਬਿਕ ਉਸ ਦਾ ਹੱਲ ਕੱਢਿਆ ਜਾਵੇਗਾ।