ਪੰਜਾਬੀ ਫਿਲਮ ਜਗਤ ਨੂੰ ਸਦਮਾ, ਨਹੀਂ ਰਹੇ ਕਾਮੇਡੀ ਕਿੰਗ ਮਿਹਰ ਮਿੱਤਲ

10/23/2016 7:04:45 PM

ਜਲੰਧਰ— ਪੰਜਾਬੀ ਫਿਲਮ ਜਗਤ ਦੇ ਕਾਮੇਡੀ ਕਿੰਗ ਮਿਹਰ ਮਿੱਤਲ ਦਾ ਅੱਜ ਦਿਹਾਂਤ ਹੋ ਗਿਆ। ਮਿਹਰ ਮਿੱਤਲ ਦੀ ਮੌਤ ਅੱਜ 1 ਵਜੇ ਮਾਊਂਟ ਆਬੂ ਬ੍ਰਹਮ ਕੁਮਾਰੀ ਆਸ਼ਰਮ ''ਚ ਹੋਈ। ਉਹ ਕਾਫੀ ਦਿਨਾਂ ਤੋਂ ਰਾਜਸਥਾਨ ਦੇ ਇਸ ਆਸ਼ਰਮ ''ਚ ਜੇਰੇ ਇਲਾਜ ਸਨ। ਮਿਹਰ ਮਿੱਤਲ ਦਾ ਜਨਮ ਬਠਿੰਡਾ ਦੇ ਪਿੰਡ ਚੁੱਘੇ ਖੁਰਦ ਵਿਖੇ ਹੋਇਆ ਸੀ। ਉਨ੍ਹਾਂ ਨੇ 10ਵੀਂ ਤੋਂ ਲੈ ਕੇ ਬੀ. ਏ. ਤਕ ਦੀ ਪੜ੍ਹਾਈ ਬਠਿੰਡਾ ਤੋਂ ਹੀ ਪੂਰੀ ਕੀਤੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮਿਹਰ ਮਿੱਤਲ ਨੇ ਕੁਝ ਸਾਲ ਅਧਿਆਪਕ ਵਜੋਂ ਨੌਕਰੀ ਵੀ ਕੀਤੀ। ਇਸ ਤੋਂ ਬਾਅਦ ਮਿੱਤਲ ਨੇ ਵਕਾਲਤ ''ਚ ਕਿਸਮਤ ਅਜ਼ਮਾਈ।
ਉਨ੍ਹਾਂ ਨੇ 8 ਸਾਲਾਂ ਤਕ ਚੰਡੀਗੜ੍ਹ ''ਚ ਵਕੀਲ ਵਜੋਂ ਪ੍ਰੈਕਟਿਸ ਕੀਤੀ ਪਰ ਉਨ੍ਹਾਂ ਦਾ ਅੰਦਰਲਾ ਕਲਾਕਾਰ ਉਨ੍ਹਾਂ ਨੂੰ ਫਿਲਮਾਂ ਵੱਲ ਲੈ ਗਿਆ। 35 ਸਾਲ ਦੀ ਉਮਰ ''ਚ ਉਨ੍ਹਾਂ ਨੇ ਪੰਜਾਬੀ ਫਿਲਮ ਜਗਤ ''ਚ ਕਦਮ ਰੱਖਿਆ। ਮਿਹਰ ਮਿੱਤਲ ਦੀਆਂ ਸੁਪਰਹਿੱਟ ਫਿਲਮਾਂ ''ਚ ''ਉੱਚਾ ਦਰ ਬਾਬੇ ਨਾਨਕ ਦਾ'', ''ਪੁੱਤ ਜੱਟ ਦਾ'', ''ਯਾਰੀ ਜੱਟ ਦੀ'', ''ਮੈਂ ਪਾਪੀ ਤੂੰ ਬਖਸ਼ਣਹਾਰ'', ''ਲੌਂਗ ਦਾ ਲਿਸ਼ਕਾਰਾ'', ''ਸਵਾ ਲਾਖ ਸੇ ਏਕ ਲੜਾਊਂ'', ''ਜੱਟ ਪੰਜਾਬੀ'', ''ਬਲਬੀਰੋ ਭਾਬੀ'', ''ਕੁਰਬਾਨੀ ਜੱਟ ਦੀ'', ''ਸਰਪੰਚ'', ''ਮਾਮਲਾ ਗੜਬੜ ਹੈ'', ''ਵਲਾਇਤੀ ਬਾਬੂ'', ''ਚੰਨ ਪਰਦੇਸੀ'', ''ਜੱਟ ਤੇ ਜ਼ਮੀਨ'', ''ਜਿੰਦੜੀ ਯਾਰ ਦੀ'' ਤੇ ''ਦੋ ਮਦਾਰੀ'' ਸ਼ਾਮਲ ਹਨ।
ਉਨ੍ਹਾਂ ਦੀਆਂ 4 ਬੇਟੀਆਂ ਹਨ। ਮਿਹਰ ਮਿੱਤਲ ਦੀ ਮੌਤ ਨਾਲ ਪਰਿਵਾਰ ਦੇ ਨਾਲ-ਨਾਲ ਪੰਜਾਬੀ ਫਿਲਮ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਜ਼ਿਕਰਯੋਗ ਹੈ ਕਿ 24 ਅਕਤੂਬਰ ਨੂੰ ਮਿਹਰ ਮਿੱਤਲ ਦਾ ਜਨਮਦਿਨ ਵੀ ਸੀ ਪਰ ਆਪਣੇ ਜਨਮਦਿਨ ਤੋਂ ਦੋ ਦਿਨ ਪਹਿਲਾਂ ਹੀ ਉਹ ਦੁਨੀਆ ਨੂੰ ਅਲਵਿਦਾ ਆਖ ਗਏ।