ਪੰਜਾਬ ਕਾਂਗਰਸ ਦੇ ਹੋਰ ਚੋਟੀ ਦੇ ਮੰਤਰੀ ਰਾਹੁਲ ਨੂੰ ਮਿਲੇ

12/07/2017 7:03:35 AM

ਜਲੰਧਰ  (ਧਵਨ) — ਪੰਜਾਬ ਕਾਂਗਰਸ ਦੇ ਆਗੂਆਂ ਅਤੇ ਚੋਟੀ ਦੇ ਮੰਤਰੀਆਂ ਦਾ ਦਿੱਲੀ 'ਚ ਰਾਹੁਲ ਗਾਂਧੀ ਨਾਲ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।  ਪਾਰਟੀ ਅਹੁਦੇਦਾਰਾਂ ਅਤੇ ਮੰਤਰੀਆਂ ਵਲੋਂ ਰਾਹੁਲ ਨੂੰ ਮਿਲ ਕੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ।
ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਪ੍ਰਧਾਨ ਬਣਨ ਲਈ ਮੁਬਾਰਕਵਾਦ ਦਿੱਤੀ ਅਤੇ ਕਿਹਾ ਕਿ ਰਾਹੁਲ ਦੇ ਅੱਗੇ ਆਉਣ ਨਾਲ ਦੇਸ਼ 'ਚ ਨੌਜਵਾਨ ਵਰਗ ਤੇਜ਼ੀ ਨਾਲ ਕਾਂਗਰਸ ਨਾਲ ਜੁੜੇਗਾ।
ਚੰਨੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦ ਕੇਂਦਰ 'ਚ ਬਦਲਾਅ ਦੀ ਲੋੜ ਹੈ ਕਿਉਂਕਿ ਦੇਸ਼ 'ਚ ਅਰਥ ਵਿਵਸਥਾ ਵਿਕਾਸ ਦੀ ਪਟੜੀ ਤੋਂ ਉਤਰ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ 'ਚ ਜਦ ਯੂ. ਪੀ. ਏ. ਸਰਕਾਰ ਸੀ ਤਾਂ ਉਸ ਸਮੇਂ ਆਰਥਿਕ ਵਿਕਾਸ ਦੀ ਦਰ ਕਾਫੀ ਉੱਚੀ ਸੀ, ਪਰ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਜਦੋਂ ਤੋਂ ਨੋਟਬੰਦੀ ਅਤੇ ਜੀ. ਐੱਸ. ਟੀ. ਨੂੰ ਲਾਗੂ ਕੀਤਾ ਗਿਆ ਹੈ ਉਦੋਂ ਤੋਂ ਵਿਕਾਸ ਦਰ 'ਚ ਗਿਰਾਵਟ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਹੁਣ ਸਿਰਫ ਕਾਂਗਰਸ ਹੀ ਸੰਭਾਲ ਸਕਦੀ ਹੈ।