ਮਾਮਲਾ ਬਿਨਾਂ ਬਿੱਲ ਤੋਂ ਮਿਲੀਆਂ ਦਵਾਈਆਂ ਦਾ, ਸੰਚਾਲਕ ਦਾ ਲਾਇਸੈਂਸ ਡੇਢ ਮਹੀਨੇ ਲਈ ਸਸਪੈਂਡ

08/04/2018 3:34:34 PM

ਮੋਗਾ (ਸੰਦੀਪ) - ਸਿਹਤ ਵਿਭਾਗ ਦੀ ਡਰੱਗ ਬ੍ਰਾਂਚ ਵੱਲੋਂ ਪਿਛਲੇ ਦਿਨੀਂ ਜ਼ਿਲਾ ਪੱਧਰੀ ਸਿਵਲ ਹਸਪਤਾਲ ਦੇ ਸਾਹਮਣੇ ਸਥਿਤ ਗੋਬਿੰਦ ਮੈਡੀਕਲ ਸਟੋਰ 'ਤੇ ਛਾਪੇਮਾਰੀ ਕੀਤੀ ਗਈ ਸੀ। ਇਹ ਛਾਪੇਮਾਰੀ ਤਹਿਸੀਲਦਾਰ ਮੋਗਾ ਲਖਵਿੰਦਰ ਸਿੰਘ ਦੀ ਹਾਜ਼ਰੀ 'ਚ ਮੋਗਾ ਦੇ ਡਰੱਗ ਇੰਸਪੈਕਟਰ ਸੋਨੀਆ ਗੁਪਤਾ, ਅਮਿਤ ਬਾਂਸਲ ਅਤੇ ਦੂਜੇ ਜ਼ਿਲਿਆਂ 'ਚੋਂ ਆਏ ਡਰੱਗ ਇੰਸਪੈਕਟਰਾਂ ਵੱਲੋਂ ਸਾਂਝੇ ਤੌਰ 'ਤੇ ਕੀਤੀ ਗਈ ਸੀ। 
ਇਸ ਮੌਕੇ ਟੀਮ ਨੇ ਇਕ ਪਾਸੇ ਬਿਨਾਂ ਬਿੱਲ ਦੀਆਂ ਕੁੱਝ ਦਵਾਈਆਂ ਬਰਾਮਦ ਕੀਤੀਆਂ ਗਈਆਂ ਸਨ ਅਤੇ ਦੂਜੇ ਪਾਸੇ ਮੈਡੀਕਲ ਸੰਚਾਲਕ ਵੱਲੋਂ ਕੁੱਝ ਦਵਾਈਆਂ ਅਣਅਧਿਕਾਰਤ ਤੌਰ 'ਤੇ ਰੱਖਣ ਦਾ ਖੁਲਾਸਾ ਵੀ ਹੋਇਆ ਸੀ, ਜਿਸ 'ਤੇ ਕਾਰਵਾਈ ਕਰਦੇ ਹੋਏ ਡਰੱਗ ਟੀਮ ਨੇ ਦਵਾਈਆਂ ਨੂੰ ਕਬਜ਼ੇ 'ਚ ਲੈ ਕੇ ਇਸ ਦੀ ਜਾਣਕਾਰੀ ਜੋਨਲ ਡਰੱਗ ਅਥਾਰਟੀ ਫਿਰੋਜ਼ਪੂਰ ਨੂੰ ਦੇ ਦਿੱਤੀ। ਇਸ ਮਾਮਲੇ 'ਚ ਜੋਨਲ ਡਰੱਗ ਅਥਾਰਟੀ ਫਿਰੋਜ਼ਪੁਰ ਦੇ ਹੁਕਮਾਂ ਅਨੁਸਾਰ ਡਰੱਗ ਇੰਸਪੈਕਟਰ ਮੈਡਮ ਸੋਨੀਆ ਗੁਪਤਾ ਵੱਲੋਂ 6 ਹਫਤਿਆਂ ਲਈ ਉਕਤ ਦੁਕਾਨਦਾਰ ਦਾ ਲਾਇਸੰਸ ਸਸਪੈਂਡ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਮੈਡੀਕਲ ਸਟੋਰ ਸੰਚਾਲਕ ਇਸ ਡੇਢ ਮਹੀਨੇ ਦੌਰਾਨ ਆਪਣੀ ਦੁਕਾਨ 'ਤੇ ਕਿਸੇ ਤਰ੍ਹਾਂ ਦੀ ਵੀ ਸੇਲ ਪਰਚੇਜ਼ ਨਹੀਂ ਕਰ ਸਕੇਗਾ।