ਮੀਟ ਮਸਾਲਾ ਕੰਪਨੀ ਨੇ ਪੈਕਟ ''ਤੇ ਛਾਪੀ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ, ਸਿੱਖ ਸੰਗਠਨਾਂ ਨੇ ਦਿੱਤੀ ਚਿਤਾਵਨੀ

07/22/2017 12:53:13 PM

ਅੰਮ੍ਰਿਤਸਰ/ਆਸਟ੍ਰੇਲੀਆ— ਆਸਟ੍ਰੇਲੀਆ ਦੀ ਮੀਟ ਮਸਾਲਾ ਬਣਾਉਣ ਵਾਲੀ ਕੰਪਨੀ ਨੇ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਦੇ ਹੋਏ ਅਪਣੇ ਪੈਕੇਟ 'ਤੇ ਦਰਬਾਰ ਸਾਹਿਬ ਦੀ ਫ਼ੋਟੋ ਲਗਾਈ। ਇਸ ਘਟਨਾ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਬਹੁਤ ਠੇਸ ਪਹੁੰਚੀ ਤੇ ਸਿੱਖਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸ ਕੰਪਨੀ ਨੇ ਅਪਣੇ ਮੱਛੀ ਮੀਟ ਮਸਾਲੇ ਦਾ ਨਾਮ ਪੱਵਿਤਰ ਸ਼ਹਿਰ ਅੰਮ੍ਰਿਤਸਰ ਸਾਹਿਬ ਦੇ ਨਾਮ ਨਾਲ ਜੋੜਿਦਾਂ ਅੰਮ੍ਰਿਤਸਰੀ ਫਿਸ਼ ਮਸਾਲਾ ਰਖਿਆ ਹੈ। ਇਸ ਘਟਨਾ ਦੀ ਨਿਖੇਧੀ ਕਰਦਿਆਂ ਸਿੱਖ ਸੰਸਥਾਵਾਂ ਤੇ ਫ਼ੈਡਰੇਸ਼ਨਾਂ ਵਲੋਂ ਕੰਪਨੀ ਨੂੰ ਬਿਨਾਂ ਸ਼ਰਤ ਸਿੱਖਾਂ ਤੋਂ ਮੁਆਫ਼ੀ ਮੰਗਣ ਅਤੇ ਪੈਕਟਾਂ ਤੋਂ ਦਰਬਾਰ ਸਾਹਿਬ ਦੀ ਤਸਵੀਰ ਤੁਰੰਤ ਹਟਾਉਣ ਦੀ ਚਿਤਾਵਨੀ ਦਿਤੀ ਹੈ।
ਸਿੱਖ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਦੁਨੀਆਂ ਨੂੰ ਸਿੱਖ ਰਹਿਤ ਮਰਿਆਦਾ ਤੋਂ ਜਾਣੂ ਕਰਵਾਉਣ ਵਿਚ ਅਸਫ਼ਲ ਰਹਿਣ ਦਾ ਹੀ ਨਤੀਜਾ ਹੈ ਕਿ ਜਿਥੇ ਭਾਰਤ ਵਿਚ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, ਉਥੇ ਹੀ ਵਿਦੇਸ਼ਾਂ ਵਿਚ ਵੀ ਅਗਿਆਨਤਾ ਵੱਸ ਜਾਂ ਕਿਸੇ ਸੋਚੀ ਸਮਝੀ ਸਾਜਸ਼ ਤਹਿਤ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਤੇ ਸਥਾਨ ਨੂੰ ਮਜ਼ਾਕ ਦਾ ਬਿੰਦੂ ਬਣਾਇਆ ਜਾਣ ਦੀਆਂ ਕੋਝੀਆਂ ਹਰਕਤਾਂ ਕੀਤੀਆ ਜਾ ਰਹੀ ਹਨ ।