ਦੇਸ਼ ਦੀ ਆਜ਼ਾਦੀ ਦਾ ਮਤਲਬ ਸਰਕਾਰ ਦੀ ਆਜ਼ਾਦੀ ਨਹੀਂ, ਸਗੋਂ ਲੋਕਾਂ ਦੀ ਆਜ਼ਾਦੀ

04/12/2018 6:42:27 AM

ਚੰਡੀਗੜ੍ਹ (ਰਸ਼ਮੀ ਹੰਸ) - ਦੇਸ਼ ਦੀ ਆਜ਼ਾਦੀ ਦਾ ਮਤਲਬ ਸਰਕਾਰ ਦੀ ਆਜ਼ਾਦੀ ਨਹੀਂ, ਸਗੋਂ ਲੋਕਾਂ ਦੀ ਆਜ਼ਾਦੀ ਹੈ। ਕਿਸੇ ਤੋਂ ਸਵਾਲ ਪੁੱਛਣ ਦੀ ਆਜ਼ਾਦੀ, ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ, ਹਾਲਾਂਕਿ ਇਹ ਦੂਸਰਿਆਂ ਲਈ ਚਿੰਤਾ ਦਾ ਸਬੱਬ ਬਣ ਸਕਦੀ ਹੈ। ਆਜ਼ਾਦੀ ਦੇ ਰਸਤੇ 'ਚ ਇਕ ਹੀ ਅੜਚਨ ਹੈ ਕਿ ਇਹ ਦੂਜੇ ਵਿਅਕਤੀ ਜਾਂ ਸਮੂਹ ਦੀ ਆਜ਼ਾਦੀ ਦੇ ਆੜੇ ਨਹੀਂ ਆਉਣੀ ਚਾਹੀਦੀ ਹੈ। ਇਹ ਕਹਿਣਾ ਹੈ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ, ਜੋ ਪਹਿਲਾਂ ਡਾ. ਐੱਸ. ਬੀ. ਰੰਗਨੇਕਰ ਮੈਮੋਰੀਅਲ ਓਰੇਸ਼ਨ (ਭਾਸ਼ਣ) ਲਈ ਪੀ. ਯੂ. ਕੈਂਪਸ 'ਚ ਆਏ ਸਨ।
ਡਾ. ਮਨਮੋਹਨ ਨੇ ਕਿਹਾ ਕਿ ਲੋਕਤੰਤਰ ਸਰਕਾਰ ਦੇ ਸਿਸਟਮ ਤੋਂ ਕੁਝ ਜ਼ਿਆਦਾ ਹੈ। 70 ਸਾਲਾਂ 'ਚ ਲੋਕਤੰਤਰ ਦੇਸ਼ 'ਚ ਫੁੱਲ ਦੀ ਤਰ੍ਹਾਂ ਖਿੜ ਰਿਹਾ ਹੈ। ਦੇਸ਼ 'ਚੋਂ ਗਰੀਬੀ, ਅਨਪੜ੍ਹਤਾ, ਹਿੰਸਾ ਤੇ ਸ਼ੋਸ਼ਣ ਆਦਿ ਖਤਮ ਹੋਏ ਹਨ ਤੇ ਇਥੇ ਪਿਆਰ ਤੇ ਦਿਆ ਵਧੀ ਹੈ। ਆਮ ਲੋਕਾਂ ਦੀ ਇਸ ਜਿੱਤ ਨੇ ਦੁਨੀਆ ਨੂੰ ਝੂਠਾ ਸਾਬਿਤ ਕਰ ਦਿੱਤਾ ਹੈ।    
ਡਾ. ਸਿੰਘ ਨੇ ਕਿਹਾ ਕਿ ਲੋਕਤੰਤਰ ਹੀ ਹੈ ਜਿਸ ਵਿਚ ਲੋਕਾਂ ਨੂੰ ਫੈਸਲਾਕੁੰਨ ਆਵਾਜ਼ ਚੁੱਕਣ ਦਾ ਵਿਸ਼ੇਸ਼ ਅਧਿਕਾਰ ਹੁੰਦਾ ਹੈ। ਜੇਕਰ ਇਹ ਆਵਾਜ਼ ਖੋਹੀ ਗਈ ਤਾਂ ਲੋਕਤੰਤਰ ਅਰਥਹੀਣ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਸਾਨੂੰ ਖੁਦ ਤੋਂ ਹੀ ਸਵਾਲ ਪੁੱਛਣਾ ਹੋਵੇਗਾ ਕਿ ਕੀ ਅਸੀਂ ਲੋਕਤੰਤਰ ਪ੍ਰਤੀ ਸਹਿਣਸ਼ੀਲਤਾ ਗੁਆ ਰਹੇ ਹਾਂ ਤੇ ਘੱਟ ਸਮੇਂ ਦੇ ਲਾਭ ਲਈ ਤਾਨਾਸ਼ਾਹੀ ਬਦਲ ਵੱਲ ਵੇਖ ਰਹੇ ਹਾਂ। ਅਜਿਹੇ ਬਦਲ ਆਉਣ ਵਾਲੇ ਸਮੇਂ 'ਚ ਦੇਸ਼ ਨੂੰ ਬਰਬਾਦ ਕਰ ਦੇਣਗੇ ਤੇ 70 ਸਾਲ ਦੀਆਂ ਸਾਡੀਆਂ ਉਪਲਬਧੀਆਂ 'ਤੇ ਪਾਣੀ ਫਿਰ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਤੰਤਰਿਕ ਰਾਜਨੀਤਕ ਦਲਾਂ ਦੀ ਤਰ੍ਹਾਂ ਹੀ ਮੀਡੀਆ ਤੇ ਅਦਾਲਤ ਨੂੰ ਵੀ ਜਨਤਾ ਦੀ ਪਹਿਰੇਦਾਰੀ ਲਈ ਜ਼ਿਆਦਾ ਮਜ਼ਬੂਤ ਬਣਾਉਣ ਦੀ ਜ਼ਰੂਰਤ ਹੈ।