ਮੇਅਰ ਨੇ ਅਧਿਕਾਰੀਆਂ ਨੂੰ ਦਫਤਰ ਛੱਡ ਕੇ ਫੀਲਡ ’ਚ ਨਿਕਲਣ ਲਈ ਦਿੱਤੇ ਹੁਕਮ

07/19/2018 4:37:02 AM

ਲੁਧਿਆਣਾ(ਹਿਤੇਸ਼)- ਚਾਰ ਦਿਨ ਤੋਂ ਜਾਰੀ ਬਾਰਿਸ਼ ਦੇ ਕਾਫੀ ਦੇਰ ਤਕ ਪਾਣੀ ਦੀ ਨਿਕਾਸੀ ਨਾ ਹੋਣ ਨੂੰ ਲੈ ਕੇ ਪ੍ਰੇਸ਼ਾਨ ਲੋਕਾਂ ਵਲੋਂ ਜੰਮ ਕੇ ਨਗਰ ਨਿਗਮ ਦੀ ਕਿਰਕਿਰੀ ਕੀਤੀ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਮੇਅਰ ਬਲਕਾਰ ਸੰਧੂ ਨੇ ਨਗਰ ਨਿਗਮ ਅਫਸਰਾਂ ਨੂੰ ਦਫਤਰ ਛੱਡ ਕੇ ਫੀਲਡ ਵਿਚ ਉਤਰਨ ਦੀ ਹਦਾਇਤ ਦਿੱਤੀ ਹੈ, ਜਿਨ੍ਹਾਂ ਨੂੰ ਮੇਅਰ ਨੇ ਸਾਫ ਕਰ ਦਿੱਤਾ ਕਿ ਬਾਰਿਸ਼ ਦੇ ਤੁਰੰਤ ਬਾਅਦ ਸਟਾਫ ਨੂੰ ਨਾਲ ਲੈ ਕੇ ਫੀਲਡ ਵਿਚ ਜਾਣ ਅਤੇ ਪਾਣੀ ਜਮ੍ਹਾ ਰਹਿਣ ਵਾਲੇ ਪੁਆਇੰਟਾਂ ਦੀ ਸ਼ਨਾਖਤ ਕਰ ਕੇ ਉਸ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਪੇਸ਼ ਆ ਰਹੀ ਸਮੱਸਿਆ ਨੂੰ ਘਟਾਇਆ ਜਾ ਸਕੇ। ਮੇਅਰ ਦੀ ਅਫਸਰਾਂ ਨਾਲ ਚਰਚਾ ਹੋਈ ਕਿ ਬਾਰਿਸ਼ ਦੌਰਾਨ ਪਾਣੀ ਜਮ੍ਹਾ ਰਹਿਣ ਦੌਰਾਨ ਸਵੇਰੇ ਸਡ਼ਕਾਂ ਦੀ ਸਫਾਈ ਤਾਂ ਹੋ ਨਹੀਂ ਸਕਦੀ। ਇਸ ਦੌਰ ਵਿਚ ਉਨ੍ਹਾਂ ਮੁਲਾਜ਼ਮਾਂ ਨੂੰ ਰੋਡ ਜਾਲੀਆਂ ਦੇ ਉਪਰ ਜਮ੍ਹਾ ਹੋ ਰਹੇ ਕੂਡ਼ੇ ਦੀ ਸਫਾਈ ’ਤੇ ਲਾਇਆ ਜਾਵੇਗਾ ਜਦਕਿ ਸਡ਼ਕਾਂ ਦੀ ਸਫਾਈ ਉਨ੍ਹਾਂ ਮੁਲਾਜ਼ਮਾਂ ਦੀ ਦੂਸਰੀ ਸ਼ਿਫਟ  ਭਾਵ ਕਿ ਦੁਪਹਿਰ ਦੇ ਬਾਅਦ ਹੋਵੇਗੀ।
 ਮੀਟਿੰਗ ਦੌਰਾਨ ਇਹ ਚਰਚਾ ਵੀ ਕੀਤੀ ਗਈ ਕਿ ਸਫਾਈ ਦੇ ਬਾਵਜੂਦ ਸੀਵਰੇਜ ਤੇ ਰੋਡ ਜਾਲੀਆਂ ਜਾਮ ਰਹਿਣ ਦੀ ਸਮੱਸਿਆ ਇਸ ਵਜ੍ਹਾ ਨਾਲ ਆ ਰਹੀ ਹੈ ਕਿ ਉਸ ਵਿਚ ਲਿਫਾਫੇ ਤੇ ਕੂਡ਼ਾ ਜਮ੍ਹਾ ਹੋ ਜਾਂਦਾ ਹੈ। ਜਿਸ ਦੇ ਮੱਦੇਨਜ਼ਰ ਏ ਟੂ ਜ਼ੈੱਡ ਕੰਪਨੀ ਨੂੰ ਬਾਰਿਸ਼ ਦੇ ਦਿਨਾਂ ਵਿਚ ਸਡ਼ਕਾਂ ’ਤੇ ਜਮ੍ਹਾ ਰਹਿਣ ਵਾਲੇ ਕੂਡ਼ੇ ਦੀ ਲਿਫਟਿੰਗ ਤੇਜ਼ ਕਰਨ ਲਈ ਹੁਕਮ ਦਿੱਤੇ ਗਏ।
 ਬੱਲੋਕੇ ਐੱਸ. ਟੀ. ਪੀ. ਦਾ ਕੀਤਾ ਅਚਾਨਕ ਨਿਰੀਖਣ
 ਮੇਅਰ ਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਨੇ ਬੱਲੋਕੇ ਸੀਵਰੇਜ ਟਰੀਟਮੈੇਂਟ ਪਲਾਂਟ ਦਾ ਅਚਾਨਕ ਨਿਰੀਖਣ ਕੀਤਾ। ਜਿੱਥੇ ਪਾਣੀ ਦੀ ਪੰਪਿੰਗ ਲਈ ਸਾਰੀਆਂ ਮੋਟਰਾਂ ਚੱਲਣ ਬਾਰੇ ਰਿਕਾਰਡ ਚੈੱਕ ਕੀਤਾ। ਇਸੇ ਤਰ੍ਹਾਂ ਪਾਣੀ ਨੂੰ ਟਰੀਟ ਕਰਨ ਦੇ ਬਾਅਦ ਬੁੱਢੇ ਨਾਲੇ ਵਿਚ ਛੱਡਣ ਤੋਂ ਪਹਿਲਾਂ ਕੀਤੀ ਜਾਂਦੀ ਕਲੋਰੀਨੇਸ਼ਨ ਦੀ ਮਾਤਰਾ ਵੀ ਚੈੱਕ ਕੀਤੀ ਗਈ। ਉਨ੍ਹਾਂ ਮੁਲਾਜ਼ਮਾਂ ਨੂੰ ਪੂਰਾ ਸਮਾਂ ਐੱਸ. ਟੀ. ਪੀ. ਦੀ ਡਿਊਟੀ ’ਤੇ ਮੌਜੂਦ ਰਹਿਣ ਲਈ ਕਿਹਾ।