ਸ਼ਗਨ ਸਕੀਮ ਲੈਣ ਲਈ ਮ੍ਰਿਤਕ ਐਲਾਨਿਆ ਪਤੀ, ਇਨਸਾਫ਼ ਲੈਣ ਲਈ ਟੈਂਕੀ ''ਤੇ ਚੜ੍ਹਿਆ

11/16/2019 8:59:16 AM

ਮੌੜ ਮੰਡੀ (ਪ੍ਰਵੀਨ) : ਅੱਜ ਸਥਾਨਕ ਪੁਲਸ ਪ੍ਰਸ਼ਾਸਨ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ ਜਦ ਪੁਲਸ ਪ੍ਰਸ਼ਾਸਨ, ਘਰੇਲੂ ਮੈਂਬਰਾਂ ਅਤੇ ਸਿਆਸੀ ਆਗੂਆਂ 'ਤੇ ਧੱਕੇਸ਼ਾਹੀ ਦੇ ਦੋਸ਼ ਲਾਉਂਦਾ ਹੋਇਆ ਇਕ ਵਿਅਕਤੀ ਇਨਸਾਫ਼ ਲੈਣ ਲਈ ਪਿੰਡ ਮੌੜ ਖੁਰਦ ਵਿਖੇ ਪਾਣੀ ਦੀ ਟੈਂਕੀ 'ਤੇ ਚੜ੍ਹ ਗਿਆ।

ਟੈਂਕੀ 'ਤੇ ਚੜ੍ਹੇ ਬ੍ਰਿਸ਼ਭਾਨ ਸਿੰਘ ਪੁੱਤਰ ਲਾਲ ਸਿੰਘ ਵਾਸੀ ਮੌੜ ਖੁਰਦ ਅਤੇ ਉਸ ਦੇ ਪੁੱਤਰ ਕੁਲਜਿੰਦਰ ਸਿੰਘ ਨੇ ਦੋਸ਼ ਲਾਏ ਹਨ ਕਿ ਇਕ ਰਾਸ਼ਟਰੀ ਪਾਰਟੀ ਦੇ ਆਗੂ ਅਤੇ ਉਸਦੇ ਦੋ ਸਾਥੀਆਂ ਦੀ ਦਖਲਅੰਦਾਜ਼ੀ ਨਾਲ ਜਿੱਥੇ ਉਨ੍ਹਾਂ ਦਾ ਪੂਰਾ ਪਰਿਵਾਰ ਬਰਬਾਦ ਹੋ ਗਿਆ, ਉਥੇ ਸਿਆਸੀ ਦਬਾਅ ਕਰ ਕੇ ਪੁਲਸ ਪ੍ਰਸ਼ਾਸਨ ਨੇ ਉਨ੍ਹਾਂ 'ਤੇ ਝੂਠੇ ਪਰਚੇ ਵੀ ਦਰਜ ਕੀਤੇ। ਇਸ ਧੱਕੇਸ਼ਾਹੀ ਖਿਲਾਫ਼ ਉਨ੍ਹਾਂ ਵੱਲੋਂ ਪੁਲਸ ਪ੍ਰਸ਼ਾਸਨ ਅਤੇ ਉੱਚ ਅਧਿਕਾਰੀਆਂ ਨੂੰ ਵਾਰ-ਵਾਰ ਫਰਿਆਦ ਕੀਤੀ ਗਈ ਪਰ ਕਿਤੇ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਉਸ ਸਮੇਂ ਦੇ ਤਿੰਨ ਪੁਲਸ ਮੁਲਾਜ਼ਮਾਂ 'ਤੇ ਦੋਸ਼ ਲਾਇਆ ਕਿ ਪੁਲਸ ਪ੍ਰਸ਼ਾਸਨ ਨੇ ਡਰਾ ਧਮਕਾ ਕੇ ਧੱਕੇਸ਼ਾਹੀ ਦੇ ਨਾਲ-ਨਾਲ ਉਨ੍ਹਾਂ ਤੋਂ 50,000 ਰੁਪਏ ਵੀ ਲੈ ਲਏ ਅਤੇ ਉਨ੍ਹਾਂ 'ਤੇ ਝੂਠੇ ਪਰਚੇ ਵੀ ਦਰਜ ਕਰ ਦਿੱਤੇ। ਉਨ੍ਹਾਂ ਕਿਹਾ ਕਿ ਹੋਰ ਤਾਂ ਹੋਰ ਬੈਂਕ ਅਧਿਕਾਰੀਆਂ ਨੇ ਵੀ ਇਨ੍ਹਾਂ ਵਿਅਕਤੀਆਂ ਤੋਂ ਦਰਖਾਸਤਾਂ ਮਿਲਣ 'ਤੇ ਉਨ੍ਹਾਂ ਦੇ ਘਰ ਦੀ ਜਗ੍ਹਾ ਪਲੱਜ ਕਰ ਦਿੱਤੀ, ਜਿਸ ਕਾਰਨ ਲੋਨ ਆਦਿ ਸਬੰਧੀ ਸਾਰਾ ਕੰਮ ਅੱਧ ਵਿਚਕਾਰੇ ਲਟਕ ਗਿਆ, ਜਿਸ ਨਾਲ ਉਨ੍ਹਾਂ ਦਾ ਭਾਰੀ ਆਰਥਿਕ ਨੁਕਸਾਨ ਹੋ ਗਿਆ।

ਬ੍ਰਿਸ਼ਭਾਨ ਨੇ ਦੱਸਿਆ ਲੜਕੀ ਦੇ ਵਿਆਹ ਦੀ ਸ਼ਗਨ ਸਕੀਮ ਲੈਣ ਲਈ ਮੇਰੀ ਪਤਨੀ, ਉਨ੍ਹਾਂ ਦੀ ਸਹਾਇਤਾ ਕਰ ਰਹੇ ਸਿਆਸੀ ਆਗੂਆਂ ਅਤੇ ਪਿੰਡ ਦੇ ਇਕ ਕੌਂਸਲਰ ਨੇ ਉਸ ਨੂੰ ਮਰਿਆ ਤੱਕ ਐਲਾਨ ਕਰ ਦਿੱਤਾ ਅਤੇ ਵਿਆਹ ਦੇ ਕਾਰਡ 'ਚ ਵੀ ਉਸ ਨੂੰ ਸਵਰਗਵਾਸੀ ਤੱਕ ਦਿਖਾ ਦਿੱਤਾ, ਜਿਸ ਦਾ ਇਨਸਾਫ਼ ਲੈਣ ਲਈ ਮੈਂ ਦਰ-ਦਰ ਦੀਆਂ ਠੋਕਰਾਂ ਖਾਂਦਾ ਰਿਹਾ ਪਰ ਕਿਤੇ ਵੀ ਮੇਰੀ ਕੋਈ ਸੁਣਵਾਈ ਨਹੀਂ ਹੋਈ, ਜਿਸ ਕਾਰਨ ਅੱਜ ਇਨਸਾਫ਼ ਲੈਣ ਲਈ ਮੈਨੂੰ ਟੈਂਕੀ 'ਤੇ ਚੜ੍ਹਨ ਲਈ ਮਜਬੂਰ ਹੋਣਾ ਪਿਆ। ਇਸ ਮੌਕੇ ਪੀੜਤ ਵਿਅਕਤੀ ਦਾ ਸਾਥ ਦੇਣ ਲਈ ਬਾਬਾ ਜੀਵਨ ਸਿੰਘ ਛਾਉਣੀ ਦੇ ਜਥੇ. ਅਵਤਾਰ ਸਿੰਘ ਗਹਿਰੀ, ਹਿਊਮਨ ਰਾਈਟਸ ਮੰਚ ਦੇ ਗੁਰਮੇਲ ਸਿੰਘ, ਕੁਲਵਿੰਦਰ ਸਿੰਘ ਮੌੜ ਚੜ੍ਹਤ ਸਿੰਘ, ਭਾਰਤੀ ਕਿਸਾਨ ਯੂਨੀਅਨ ਦੇ ਬਲਦੇਵ ਸਿੰਘ ਸੰਦੋਹਾ, ਰੇਸ਼ਮ ਸਿੰਘ ਯਾਤਰੀ, ਅਮਰਜੀਤ ਸਿੰਘ ਯਾਤਰੀ, ਬਿੰਦਰ ਸਿੰਘ ਮੌੜ ਕਲਾਂ, ਧਰਮ ਸਿੰਘ ਮੌੜ ਕਲਾਂ ਆਦਿ ਪਹੁੰਚੇ ਹੋਏ ਸਨ।

ਬ੍ਰਿਸ਼ਭਾਨ ਦੇ ਟੈਂਕੀ 'ਤੇ ਚੜ੍ਹਨ ਦਾ ਪਤਾ ਲੱਗਦੇ ਹੀ ਥਾਣਾ ਮੌੜ ਦੇ ਐੱਸ. ਐੱਚ. ਓ. ਬਿਕਰਮਜੀਤ ਸਿੰਘ, ਸਬ ਇੰਸਪੈਕਟਰ ਗਨੇਸ਼ਵਰ ਕੁਮਾਰ, ਏ. ਐੱਸ. ਆਈ. ਕਰਮਜੀਤ ਸਿੰਘ ਆਦਿ ਮੌਕੇ 'ਤੇ ਪੁੱਜੇ। ਇਸ ਮੌਕੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਅਤੇ ਪੁਲਸ ਪ੍ਰਸ਼ਾਸਨ ਵਲੋਂ ਕੀਤੀ ਗਈ ਗੱਲਬਾਤ ਤੋਂ ਬਾਅਦ ਬ੍ਰਿਸ਼ਭਾਨ ਸਿੰਘ ਇਸ ਭਰੋਸੇ 'ਤੇ ਟੈਂਕੀ ਤੋਂ ਥੱਲੇ ਉਤਰਿਆ ਕਿ ਉਸ ਦੇ ਬਿਆਨਾਂ ਦੇ ਆਧਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਐੱਸ. ਐੱਚ. ਓ. ਮੌੜ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਬ੍ਰਿਸ਼ਭਾਨ ਸਿੰਘ ਅਤੇ ਮਾਮਲੇ ਨਾਲ ਸਬੰਧਿਤ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ ਅਤੇ ਗੱਲਬਾਤ ਉਪਰੰਤ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਇਸ ਸਬੰਧੀ ਲੱਗੇ ਦੋਸ਼ਾਂ ਨੂੰ ਨਿਰਆਧਾਰ ਦੱਸਦੇ ਹੋਏ ਇਕ ਰਾਸ਼ਟਰੀ ਪਾਰਟੀ ਦੇ ਆਗੂ ਨੇ ਕਿਹਾ ਕਿ ਬ੍ਰਿਸ਼ਭਾਨ ਸਿੰਘ ਦਾ ਘਰੇਲੂ ਝਗੜਾ ਹੈ ਅਤੇ ਉਸ ਦੀ ਪਤਨੀ ਸਾਡੇ ਪਿੰਡ ਦੀ ਲੜਕੀ ਹੈ। ਮੇਰਾ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ। ਇਸ ਪਰਿਵਾਰ ਦਾ ਕੋਰਟ 'ਚ ਕੋਈ ਕੇਸ ਚਲਦਾ ਹੈ ਜਿਸ ਤੋਂ ਘਬਰਾ ਕੇ ਇਹ ਵਿਅਕਤੀ ਰਾਜਨੀਤਿਕ ਲੋਕਾਂ ਅਤੇ ਪੁਲਸ ਅਧਿਕਾਰੀਆਂ 'ਤੇ ਝੂਠੇ ਦੋਸ਼ ਲਾ ਰਿਹਾ ਹੈ।

cherry

This news is Content Editor cherry