ਮੌੜ ਬੰਬ ਕਾਂਡ ਸੰਘਰਸ਼ ਕਮੇਟੀ ਵਲੋਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ

02/04/2020 12:46:50 PM

ਬਠਿੰਡਾ (ਵਰਮਾ,ਕੁਨਾਲ) : ਮੌੜ ਬੰਬ ਬਲਾਸਟ ਕਾਂਡ ਨੂੰ ਤਿੰਨ ਸਾਲ ਹੋ ਗਏ ਹਨ। ਬਾਵਜੂਦ ਇਸ ਦੇ ਪੁਲਸ ਕਿਸੇ ਵੀ ਨਤੀਜੇ 'ਤੇ ਨਹੀਂ ਪੁੱਜੀ, ਜਦਕਿ ਇਸ ਘਟਨਾ ਤੋਂ ਪੀੜਤ ਲਗਾਤਾਰ ਮੁਆਵਜ਼ੇ ਦੀ ਮੰਗ ਕਰ ਰਹੇ ਹਨ ਪਰ ਅਜੇ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ। ਮੰਗਾਂ ਸਬੰਧੀ ਉਹ ਜ਼ਿਲਾ ਪ੍ਰਸ਼ਾਸਨ ਅਤੇ ਐੱਸ. ਐੱਸ. ਪੀ. ਨੂੰ ਮਿਲੇ। ਸੰਘਰਸ਼ ਕਮੇਟੀ 'ਚ ਕੁਲ 24 ਮੈਂਬਰ ਹਨ, ਜਿਸ 'ਚ ਜ਼ਿਆਦਾਤਰ ਮ੍ਰਿਤਕਾਂ ਅਤੇ ਜ਼ਖਮੀਆਂ ਦੇ ਪਰਿਵਾਰ ਵਾਲੇ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੇ ਜ਼ਿਲਾ ਪ੍ਰਸ਼ਾਸਨ ਨੂੰ ਮੰਗ-ਪੱਤਰ ਦਿੱਤਾ, ਜਿਸ 'ਚ ਉਨ੍ਹਾਂ ਕਿਹਾ ਕਿ ਇਸ ਪੂਰੀ ਘਟਨਾ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾਈ ਜਾਵੇ ਤਾਂ ਕਿ ਸੱਚ ਸਾਹਮਣੇ ਆਏ। ਇਸ ਤੋਂ ਪਹਿਲਾਂ 2 ਵਾਰ ਐੱਸ. ਆਈ. ਟੀ. ਜਾਂਚ ਕਰ ਚੁੱਕੀ ਹੈ ਪਰ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਜਦਕਿ ਤਿੰਨ ਡੇਰਾ ਪ੍ਰੇਮੀਆਂ ਨੂੰ ਇਸ 'ਚ ਨਾਮਜ਼ਦ ਕੀਤਾ ਜਾ ਚੁੱਕਾ ਹੈ।

ਕਮੇਟੀ ਨੇ ਮੰਗ ਕੀਤੀ ਕਿ ਮ੍ਰਿਤਕਾਂ ਅਤੇ ਜ਼ਖਮੀਆਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਅਤੇ 10 ਲੱਖ ਰੁਪਏ ਪ੍ਰਤੀ ਵਿਅਕਤੀ ਦਿੱਤਾ ਜਾਵੇ। ਇਸ ਦੇ ਨਾਲ ਹੀ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ 'ਚੋਂ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੇ ਨਾਂ 'ਤੇ ਮੌੜ ਮੰਡੀ 'ਚ ਯਾਦਗਾਰ ਬਣਾਈ ਜਾਵੇ। ਇਸ ਦੇ ਨਾਲ ਹੀ ਪੀੜਤਾਂ ਦੇ ਪਰਿਵਾਰਾਂ ਨੂੰ ਰੈੱਡ ਕਾਰਡ ਜਾਰੀ ਕੀਤੇ ਗਏ ਸੀ ਪਰ ਉਨ੍ਹਾਂ ਦੀਆਂ ਸਹੂਲਤਾਂ ਬਾਰੇ ਨਹੀਂ ਦੱਸਿਆ ਅਤੇ ਨਾ ਹੀ ਉਨ੍ਹਾਂ ਨੂੰ ਸਹੂਲਤਾਂ ਮਿਲੀਆਂ। ਜ਼ਖਮੀਆਂ 'ਚੋਂ 12 ਲੋਕਾਂ ਨੂੰ ਸਰਕਾਰ ਨੇ 50-50 ਹਜ਼ਾਰ ਰੁਪਏ ਦਿੱਤੇ, ਜਦਕਿ 13 ਹੋਰ ਜ਼ਖਮੀਆਂ ਨੂੰ ਕੁਝ ਵੀ ਨਹੀਂ ਦਿੱਤਾ ਗਿਆ। ਸਰਕਾਰ ਉਨ੍ਹਾਂ ਨੂੰ ਵੀ ਮੁਆਵਜ਼ਾ ਦੇਵੇ। ਸਰਕਾਰ ਨੇ ਅਜੇ ਤੱਕ ਮ੍ਰਿਤਕ ਹਰਪਾਲ ਸਿੰਘ ਪਾਲੀ, ਅਸ਼ੋਕ ਕੁਮਾਰ, ਵਰਖਾ ਰਾਣੀ, ਜਪਸਿਮਰਨ ਸਿੰਘ, ਰਿਪਨ ਦੀਪ ਸਿੰਘ, ਸੌਰਵ ਸਿੰਗਲਾ ਅਤੇ ਅੰਕੁਸ਼ ਸਿੰਗਲਾ ਦੇ ਪਰਿਵਾਰ ਵਾਲਿਆਂ ਨੂੰ ਸਿਰਫ 5-5 ਲੱਖ ਰੁਪਏ ਹੀ ਦਿੱਤੇ। ਸੰਘਰਸ਼ ਕਮੇਟੀ 'ਚ ਸ਼ਾਮਲ ਰਾਮ ਬਾਬੂ, ਮਨੀ ਮਿੱਤਲ, ਦਰਸ਼ਨ ਸਿੰਘ, ਸੰਜੀਵ ਕੁਮਾਰ, ਭੋਲਾ ਸਿੰਘ, ਸੁਰਿੰਦਰ ਵਕੀਲ, ਨਛੱਤਰ ਸਿੰਘ ਅਤੇ ਹੋਰ ਸ਼ਾਮਲ ਸਨ।

cherry

This news is Content Editor cherry