ਕਮਲਾ ਉਰਫ ਮਾਤਾ ਕੌਲਾਂ

05/26/2020 12:20:51 PM

ਅਲੀ ਰਾਜਪੁਰਾ

94176-79302

ਮਾਤਾ ਕੌਲਾਂ ਦਾ ਅਸਲ ਨਾਮ ਕਮਲਾ ਸੀ ਅਤੇ ਇਹ ਕਾਜ਼ੀ ਹਾਸ਼ਮ ਦੀ ਸਪੁੱਤਰੀ ਸੀ। ਮਾਤਾ ਕੌਲਾਂ ਮੁੱਢਲੇ ਸਮੇਂ ਦੌਰਾਨ ਸਾਈਂ ਮੀਆਂ ਮੀਰ ਦੀ ਸੰਗਤ ’ਚ ਰਹੀ ਤੇ ਉਸੇ ਸਮੇਂ ਇਸ ਨੂੰ ਗੁਰਬਾਣੀ ਸੁਣਨ ਦਾ ਮੌਕਾ ਮਿਲਿਆ। ਉਥੋਂ ਹੀ ਇਸ ਦੇ ਦਿਲ ਅੰਦਰ ਗੁਰਬਾਣੀ ਪ੍ਰਤੀ ਮੋਹ ਜਾਗਿਆ। ਜਦੋਂ ਗੁਰੂ ਹਰਿਗੋਬਿੰਦ ਜੀ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾ ਹੋ ਕੇ ਆਏ ਤਾਂ ਸਾਈਂ ਮੀਆਂ ਮੀਰ ਜੀ ਕੋਲ਼ ਰਹੇ, ਜਿੱਥੇ ਮਾਤਾ ਕੌਲਾਂ ਨੂੰ ਗੁਰੂ ਸਾਹਿਬ ਜੀ ਦੀ 22 ਦਿਨ ਆਓ-ਭਗਤ ਕਰਨ ਦਾ ਸਬੱਬ ਪ੍ਰਾਪਤ ਹੋਇਆ। ਜਦੋਂ ਗੁਰੂ ਜੀ ਨੇ ਸਾਈਂ ਜੀ ਤੋਂ ਵਿਦਾਈ ਲਈ ਤਾਂ ਮਾਤਾ ਕੌਲਾਂ ਉੱਥੇ ਹਾਜ਼ਰ ਨਹੀਂ ਸੀ। ਜਦੋਂ ਮਾਤਾ ਕੌਲਾਂ ਨੂੰ ਗੁਰੂ ਸਾਹਿਬ ਦੇ ਅੰਮ੍ਰਿਤਸਰ ਸਾਹਿਬ ਵੱਲ ਨੂੰ ਕੂਚ ਕਰਨ ਬਾਰੇ ਪਤਾ ਚੱਲਿਆ ਤਾਂ ਉਹ ਗਸ਼ ਖਾ ਕੇ ਡਿੱਗ ਪਈ, ਉਹ ਜਦੋਂ ਅੱਖ ਪੱਟਦੀ ਤਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਨਾਂ ਅਲਾਪਦੀ। ਇਸ ਬਾਰੇ ਸਾਈਂ ਜੀ ਨੂੰ ਖ਼ਬਰ ਹੋਈ ਤਾਂ ਉਨ੍ਹਾਂ ਨੇ ਮਾਤਾ ਕੌਲਾਂ ਨੂੰ ਗੁਰੂ ਸਾਹਿਬ ਜੀ ਕੋਲ਼ ਭੇਜਣਾ ਮੁਨਾਸਿਬ ਸਮਝਿਆ। ਸਾਈਂ ਜੀ ਦੇ ਸੇਵਕ ਮਾਤਾ ਕੌਲਾਂ ਨੂੰ ਪਾਲਕੀ ’ਚ ਬਿਠਾ ਕੇ ਗੁਰੂ ਸਾਹਿਬ ਜੀ ਕੋਲ਼ ਅੰਮ੍ਰਿਤਸਰ ਸਾਹਿਬ ਨੂੰ ਰਵਾਨਾ ਹੋਏ, ਨਾਲ ਹੀ ਸਾਈਂ ਜੀ ਨੇ ਸੇਵਕਾਂ ਹੱਥ ਖ਼ਤ ਲਿਖ ਘੱਲਿਆ।

ਰਾਹ ’ਚ ਪਾਲਕੀ ਆਉਂਦੀ ਦੇਖ ਗੁਰੂ ਜੀ ਹੈਰਾਨ ਹੋਏ, ਸਾਈਂ ਜੀ ਦੇ ਸੇਵਕਾਂ ਨੇ ਖ਼ਤ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਸਪੁਰਦ ਕੀਤਾ ਤਾਂ, ਗੁਰੂ ਜੀ ਖ਼ਤ ਪੜ੍ਹ ਕੇ ਪਾਲਕੀ ਦਾ ਪੜਦਾ ਚੁੱਕ ਕੇ ਬੋਲੇ, “ ਦੱਸੋ ਬੀਬੀ ਤੇਰੀ ਕੀ ਸੇਵਾ ਕਰਾਂ?” ਬੀਬੀ ਕੌਲਾਂ ਨੇ ਬੇਬਾਕੀ ਨਾਲ ਉੱਤਰ ਦਿੱਤਾ, “ ਮੈਨੂੰ ਆਪਣੇ ਵਰਗਾ ਸੁਰਬੀਰ ਪੁੱਤਰ ਬਖ਼ਸ਼ ਦਿਓ….।” ਗੁਰੂ ਜੀ ਦੀ ਹੈਰਾਨੀ ਦੀ ਹੱਦ ਨਾ ਰਹੀ। ਉਹ ਗੰਭੀਰ ਹੋਏ…. ਅੰਤਰ ਧਿਆਨ ਹੋਣ ਪਿੱਛੋਂ ਮਾਤਾ ਕੌਲਾਂ ਦੇ ਚਰਨ ਸਪਰਸ਼ ਕਰਕੇ ਬੋਲੇ, “ ਅੱਜ ਤੋਂ ਬਾਅਦ ਮੈਂ ਤੁਹਾਡਾ ਪੁੱਤਰ ਤੇ ਤੁਸੀਂ ਮੇਰੀ ਮਾਤਾ ਓਂ…।” ਇਸੇ ਘਟਨਾ ਕਰਕੇ ਇਤਿਹਾਸ ਵਿਚ “ ਕਮਲਾ” ਨੂੰ ਮਾਤਾ ਕੌਲਾਂ ਕਰਕੇ ਜਾਣਿਆ ਜਾਂਦਾ ਹੈ।

ਮਾਤਾ ਕੌਲਾਂ ਉਸੇ ਦਿਨੋਂ ਗੁਰੂ ਘਰ ਦੀ ਪੱਕੀ ਸੇਵਕ ਬਣ ਗਈ। ਮਾਤਾ ਕੌਲਾਂ ਕੋਲ਼ ਜੋ ਸਾਈਂ ਮੀਆਂ ਮੀਰ ਜੀ ਵੱਲੋਂ ਸੰਭਾਲੇ ਗਹਿਣੇ ਸਨ ਸਾਰੇ ਗੁਰੂ ਸਾਹਿਬ ਨੂੰ ਸੌਂਪਦਿਆਂ ਕਿਹਾ ਕਿ, “ ਕਿਸੇ ਨੇਕ ਕਾਰਜ ਵਿਚ ਵਰਤ ਲਿਓ….।” ਗੁਰੂ ਜੀ ਉਹ ਗਹਿਣੇ ਕੋਟੂਮੱਲ ਸ਼ਾਹੁਕਾਰ ਦੀ ਹੱਟੀ ਵਿਚ ਜਮ੍ਹਾਂ ਕਰਵਾ ਕੇ ਬਾਬਾ ਬੁੱਢਾ ਜੀ ਨੂੰ ਮਾਤਾ ਕੌਲਾਂ ਦੇ ਨਾਮ ਥੱਲੇ ਇਕ ਸਰੋਵਰ ਬਣਾਉਣ ਦਾ ਹੁਕਮ ਦਿੱਤਾ। ਜਿਸ ਦੀ ਉਸਾਰੀ ਲਗਭਗ ਤਿੰਨ ਵਰ੍ਹੇ ਚਲਦੀ ਰਹੀ। ਜਿਸ ਨੂੰ ਅੱਜ ਵੀ ਕੌਲਸਰ ਜਾਂ ਕੌਲਾਂ ਵਾਲ਼ਾ ਟੋਭਾ ਵੀ ਕਿਹਾ ਜਾਂਦਾ ਹੈ ਤੇ ਨਾਲ ਇਹ ਵੀ ਬੋਲ ਉਚਾਰੇ ਕਿ ਹਰ ਸਿੱਖ ਦੀ ਯਾਤਰਾ ਤਾਂ ਹੀ ਸਫ਼ਲ ਹੋਵੇਗੀ ਜੇ ਹਰਿਮੰਦਰ ਸਾਹਿਬ ਤੋਂ ਪਹਿਲਾਂ ਕੌਲਸਰ ਵਿਚ ਇਸ਼ਨਾਨ ਕਰਕੇ ਹਰਿਮੰਦਰ ਸਾਹਿਬ ਸਰੋਵਰ ਵਿਚ ਇਸ਼ਨਾਨ ਕਰੇਗਾ। ਅੱਜ ਵੀ ਗੁਰੂ ਜੀ ਦੇ ਹੁਕਮ ਦੀ ਪਾਲਣਾ ਕੀਤੀ ਜਾ ਰਹੀ ਹੈ। ਦਰਬਾਰ ਸਾਹਿਬ ਜਾਣ ਵਾਲੀ ਸੰਗਤ ਪਹਿਲਾਂ ਕੌਲਸਰ ਸਰੋਵਰ ਵਿਚ ਇਸ਼ਨਾਨ ਕਰਦੀ ਹੈ। ਮਾਤਾ ਕੌਲਾਂ 1629 ਈ. ਵਿਚ ਕਰਤਾਰਪੁਰ ਵਿਚ ਰੱਬ ਨੂੰ ਪਿਆਰੀ ਹੋ ਗਈ। ਜਿਸ ਦੀ ਯਾਦ ਵਿਚ ਕਰਤਾਰਪੁਰ ਵਿਖੇ ਗੁਰੂ ਘਰ ਉਸਰਿਆ ਹੋਇਆ ਹੈ। 

rajwinder kaur

This news is Content Editor rajwinder kaur