ਮਾਤਾ ਚਿੰਤਪੂਰਨੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਖਾਸ ਖਬਰ (ਵੀਡੀਓ)

08/10/2018 12:36:27 PM

ਹੁਸ਼ਿਆਰਪੁਰ— 12 ਅਗਸਤ ਤੋਂ 19 ਤੱਕ ਚੱਲਣ ਵਾਲੇ ਮਾਤਾ ਚਿੰਤਪੂਰਨੀ ਮੇਲੇ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਕਮਰ ਕੱਸ ਲਈ ਗਈ ਹੈ। ਦੱਸਿਆ ਜਾ ਰਿਹਾ ਹੈ ਮਾਤਾ ਚਿੰਤਪੂਰਨੀ ਦੇ ਮੇਲੇ ਦੌਰਾਨ ਹੁਸ਼ਿਆਰਪੁਰ ਤੋਂ ਮਾਤਾ ਚਿੰਤਪੂਰਨੀ ਤੱਕ ਹਾਈਵੇਅ ਵਨ ਵੇਅ ਰਹੇਗਾ। ਇਹ ਫੈਸਲਾ ਮੇਲੇ ਦੇ ਸਫਲ ਆਯੋਜਨ ਨੂੰ ਲੈ ਕੇ ਹੁਸ਼ਿਆਰਪੁਰ ਅਤੇ ਹਿਮਾਚਲ ਦੇ ਊਨਾ ਜ਼ਿਲਾ ਪ੍ਰਸ਼ਾਸਨ ਨੇ ਕੀਤਾ ਹੈ। 
ਮੁਬਾਰਕਪੁਰ ਚੌਕ 'ਤੇ ਹੁਸ਼ਿਆਰਪੁਰ ਅਤੇ ਊਨਾ ਦੋਵੇਂ ਜ਼ਿਲਿਆਂ ਦੀ ਪੁਲਸ ਟ੍ਰੈਫਿਕ ਕੰਟਰੋਲ ਕਰਨ ਲਈ ਤਾਇਨਾਤ ਰਹੇਗੀ। ਸ਼ਰਧਾਲੂਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸ ਲਈ 10 ਦਿਨਾਂ ਲਈ ਇਸ ਰਸਤੇ ਨੂੰ ਵਨ ਵੇਅ ਬਣਾਇਆ ਗਿਆ ਹੈ। ਜ਼ਿਲਾ ਪ੍ਰਸ਼ਾਸਨ ਨੇ ਟਰਾਂਸਪੋਰਟ ਵਿਭਾਗ ਅਤੇ ਰੋਡਵੇਜ਼ ਨੂੰ ਇਸ ਦੌਰਾਨ ਸਹੀ ਵਿਵਸਥਾ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਹਨ। ਮੇਲੇ ਦੌਰਾਨ ਡੀ. ਜੇ. ਲਈ ਪ੍ਰਸ਼ਾਸਨ ਵੱਲੋਂ ਕੋਈ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਲੰਗਰ ਕਮੇਟੀਆਂ ਨੂੰ ਲਾਊਂਡ ਸਪੀਕਰ ਲਈ ਐੱਸ. ਡੀ. ਐੱਮ. ਤੋਂ ਇਜਾਜ਼ਤ ਲੈਣੀ ਜ਼ਰੂਰੀ ਹੋਵੇਗਾ। 
ਪਰਚੀ ਸਿਸਟਮ 'ਤੇ ਹੋਣਗੇ ਮਾਤਾ ਚਿੰਤਪੂਰਨੀ ਦੇ ਦਰਸ਼ਨ 
ਸ਼ਰਧਾਲੂਆਂ ਦੀ ਸੁਵਿਧਾ ਨੂੰ ਦੇਖਦੇ ਹੋਏ ਮਾਤਾ ਚਿੰਤਪੂਰਨੀ ਜੀ ਦੇ ਦਰਸ਼ਨਾਂ ਲਈ ਪਰਚੀ ਸਿਸਟਮ ਬਣਾਇਆ ਗਿਆ ਹੈ। ਬਿਨਾਂ ਪਰਚੀ ਦੇ ਦਰਸ਼ਨਾਂ ਦੀ ਆਗਿਆ ਨਹੀਂ ਹੋਵੇਗੀ। ਇਹ ਪਰਚੀ ਸ਼ਰਧਾਲੂਆਂ ਨੂੰ ਨਵੇਂ ਬਣੇ ਪਾਰਕਿੰਗ ਸਥਾਨ 'ਤੇ ਬਣੇ ਕਾਊਂਟਰਾਂ 'ਤੇ ਮਿਲ ਜਾਵੇਗੀ। 
ਮੇਲੇ ਦੌਰਾਨ ਲੰਬੇ ਰੂਟ ਦੀਆਂ ਬੱਸਾਂ ਵੀ ਨਹੀਂ ਹੋਣਗੀਆਂ ਪ੍ਰਭਾਵਿਤ 
ਮੇਲੇ ਦੌਰਾਨ ਹੁਸ਼ਿਆਰਪੁਰ-ਚਿੰਤਪੂਰਨੀ ਤੱਕ ਮਾਰਗ ਨੂੰ ਵਨ-ਵੇਅ ਕਰਨ ਦੇ ਨਾਲ ਸਥਾਨਕ ਲੋਕਾਂ ਨੂੰ ਪਰੇਸ਼ਾਨੀ ਨਹੀਂ ਹੋਵੇਗੀ ਅਤੇ ਨਾ ਹੀ ਲੰਬੇ ਰੂਟ ਦੀਆਂ ਬੱਸਾਂ ਪ੍ਰਭਾਵਿਤ ਹੋਣਗੀਆਂ। ਪਿਛਲੇ ਦੋ ਸਾਲਾਂ ਤੋਂ ਸਾਉਣ ਅਸ਼ਟਮੀ ਮੇਲੇ ਦੌਰਾਨ ਪੁਲਸ ਪ੍ਰਸ਼ਾਸਨ ਨੂੰ ਚਿੰਤਪੂਰਨੀ-ਹੁਸ਼ਿਆਰਪੁਰ ਮਾਰਗ 'ਤੇ ਟ੍ਰੈ੍ਿਰਫਕ ਵਿਵਸਥਾ ਸੰਭਾਲਣ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। 
ਦੋ ਸਾਲ ਪਹਿਲਾਂ ਮੁਬਾਰਕਪੁਰ ਤੋਂ ਚੌਹਾਲ ਤੱਕ ਟ੍ਰੈਫਿਕ ਜਾਮ 6 ਤੋਂ 8 ਘੰਟੇ ਲੱਗਾ ਰਿਹਾ ਸੀ। ਇਸ ਦੌਰਾਨ ਪੰਜਾਬ ਪੁਲਸ ਨੂੰ ਵੀ ਹਿਮਾਚਲ ਦੇ ਖੇਤਰ 'ਚ ਆਵਾਜਾਈ ਸੰਚਾਲਨ ਦੀ ਜ਼ਿੰਮੇਵਾਰੀ ਸੰਭਾਲਣੀ ਪਈ ਸੀ। ਲੰਬੇ ਰੂਟ ਵਾਲੀਆਂ ਬੱਸਾਂ ਨੂੰ ਪ੍ਰਭਾਵਿਤ ਨਾ ਹੋਣ ਦਿੱਤਾ ਜਾਵੇਗਾ ਅਤੇ ਸਥਾਨਕ ਵਾਸੀਆਂ ਨੂੰ ਵੀ ਪਰੇਸ਼ਾਨੀ ਨਹੀਂ ਹੋਵੇਗੀ।