ਮਾਤਾ ਚੰਦ ਕੌਰ ਦੇ ਕਾਤਲਾਂ ਦੇ ਸਕੈੱਚ ਜਾਰੀ, ਸੂਹ ਦੇਣ ਵਾਲੇ ਨੂੰ 5 ਲੱਖ ਦਾ ਇਨਾਮ

05/29/2019 6:53:02 PM

ਲੁਧਿਆਣਾ : ਨਾਮਧਾਰੀ ਸੰਪਰਦਾ ਦੀ ਗੁਰੂ ਮਾਤਾ ਚੰਦ ਕੌਰ ਦੇ ਕਤਲ ਦਾ ਮਾਮਲਾ ਤਿੰਨ ਸਾਲ ਬਾਅਦ ਵੀ ਹੱਲ ਨਹੀਂ ਹੋ ਸਕਿਆ ਹੈ। ਭਾਵੇਂ ਪੰਜਾਬ ਸਰਕਾਰ ਵਲੋਂ ਇਸ ਕਤਲ ਕਾਂਡ ਦੀ ਜਾਂਚ ਸੀ. ਬੀ. ਆਈ. ਦੇ ਸਪੁਰਦ ਕਰ ਦਿੱਤੀ ਗਈ ਸੀ ਪਰ ਤਿੰਨ ਸਾਲ ਬਾਅਦ ਇਹ ਕੇਸ ਅਣਸੁਲਝਿਆ ਹੈ, ਜਿਸ ਕਾਰਨ ਨਾਮਧਾਰੀ ਸੰਪਰਦਾ ਵਿਚ ਰੋਸ ਹੈ। ਹੁਣ ਇਸ ਮਾਮਲੇ 'ਚ ਸੀ. ਬੀ. ਆਈ. ਨੇ ਦੋ ਸ਼ੱਕੀ ਨੌਜਵਾਨਾਂ ਦੇ ਸਕੈੱਚ ਜਾਰੀ ਕੀਤੇ ਹਨ ਅਤੇ ਨਾਲ ਹੀ ਐਲਾਨ ਕੀਤਾ ਹੈ ਕਿ ਇਨ੍ਹਾਂ ਦੋਵਾਂ ਮੁਲਜ਼ਮਾਂ ਦੀ ਪਛਾਣ ਦੱਸਣ ਵਾਲਿਆਂ ਨੂੰ 5 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਮੁਲਜ਼ਮਾਂ ਦੀ ਸੂਚਨਾ ਦੇਣ ਵਾਲਿਆਂ ਦਾ ਨਾਂ ਵੀ ਗੁਪਤ ਰੱਖਣ ਦੀ ਗੱਲ ਵੀ ਕਹੀ ਗਈ ਹੈ। 
ਦੱਸਣਯੋਗ ਹੈ ਕਿ 4 ਅਪ੍ਰੈਲ 2016 ਨੂੰ ਸ੍ਰੀ ਭੈਣੀ ਸਾਹਿਬ 'ਚ ਮਾਤਾ ਚੰਦ ਕੌਰ ਆਪਣੇ ਡਰਾਈਵਰ ਨਾਲ ਸਕੂਲ ਦਾ ਦੌਰਾ ਕਰਕੇ ਵਾਪਸ ਆ ਰਹੇ ਸਨ, ਜਿਥੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਮੱਥਾ ਟੇਕਣ ਦੇ ਬਹਾਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਸੀ। ਮਾਤਾ ਚੰਦ ਕੌਰ ਨੂੰ ਗੰਭੀਰ ਹਾਲਤ 'ਚ ਐੱਸ. ਪੀ. ਐੱਸ,. ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਨੇ ਦਮ ਤੋੜ ਦਿੱਤਾ ਸੀ। ਇਸ ਕਤਲ ਨੂੰ ਲੈ ਕੇ ਨਾਮਧਾਰੀ ਸੰਪਰਦਾ ਵਿਚ ਕਾਫ਼ੀ ਰੋਸ ਸੀ, ਇਸ ਕਤਲ ਕੇਸ ਨੂੰ ਹੱਲ ਕਰਨ ਲਈ ਪੁਲਸ ਨੇ ਐੱਸ. ਆਈ. ਟੀ. ਦਾ ਗਠਨ ਕੀਤਾ ਸੀ ਪਰ ਪੁਲਸ ਦੇ ਹੱਥ ਹਾਲੇ ਤਕ ਖਾਲੀ ਹੀ ਰਹੇ ਹਨ। ਇਸ ਤੋਂ ਪਹਿਲਾਂ ਨਾਮਧਾਰੀ ਦਰਬਾਰ ਸ੍ਰੀ ਭੈਣੀ ਸਾਹਿਬ ਦੇ ਪ੍ਰਧਾਨ ਐੱਚ. ਐੱਸ. ਹੰਸਪਾਲ ਦੀ ਅਗਵਾਈ 'ਚ ਵਫਦ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲ ਕੇ ਇਸ ਮਾਮਲੇ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾਉਣ ਦੀ ਮੰਗ ਕੀਤੀ ਸੀ।
ਮਾਤਾ ਚੰਦ ਕੌਰ ਦੇ ਕਤਲ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋਏ ਹਨ, ਜਿਨ੍ਹਾਂ ਦਾ ਜਵਾਬ ਹਾਲੇ ਤੱਕ ਕਿਸੇ ਨੂੰ ਨਹੀਂ ਮਿਲਿਆ। ਪਹਿਲਾ ਸਵਾਲ ਤਾਂ ਇਹ ਹੈ ਕਿ ਉਚ ਸੁਰੱਖਿਆ ਵਾਲੇ ਇਲਾਕੇ 'ਚ ਮੋਟਰਸਾਈਕਲ ਸਵਾਰ ਦੋ ਨੌਜਵਾਨ ਪਿਸਤੌਲ ਨਾਲ ਕਿਵੇਂ ਪੁੱਜੇ। ਦੋਵੇਂ ਕਾਤਲ ਡੇਰੇ ਦੇ ਅੰਦਰ ਤੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਕਿਉਂ ਨਹੀਂ ਹੋਏ। ਕਤਲ ਦੇ ਦਿਨ ਮਾਤਾ ਚੰਦ ਕੌਰ ਨਾਲ ਸੁਰੱਖਿਆ ਕਰਮੀ ਨਹੀਂ ਸਨ, ਇਸ ਦੀ ਜਾਣਕਾਰੀ ਕਾਤਲਾਂ ਨੂੰ ਕਿਵੇਂ ਲੱਗੀ। ਸੀ. ਬੀ. ਆਈ. ਨੇ ਦੋਵਾਂ ਸ਼ੱਕੀਆਂ ਦੇ ਸਕੈੱਚ ਵੱਖ-ਵੱਖ ਅਖ਼ਬਾਰਾਂ ਵਿਚ ਦਿੱਤੇ ਹਨ ਤਾਂ ਕਿ ਮੁਲਜ਼ਮਾਂ ਤੱਕ ਪੁੱਜਿਆ ਜਾ ਸਕੇ।

Gurminder Singh

This news is Content Editor Gurminder Singh