ਮਸਤੂਆਣਾ ਸਾਹਿਬ ਪੁੱਜੀ ਐੱਸ. ਜੀ. ਪੀ. ਸੀ. ਦੀ ਜਾਂਚ ਟੀਮ

02/12/2018 10:38:34 AM

ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ)-ਮਸਤੂਆਣਾ ਸਾਹਿਬ ਵਿਖੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਤਰਜ਼ 'ਤੇ ਬਣੇ ਧਾਰਮਿਕ ਅਸਥਾਨ 'ਚ ਫੇਰਬਦਲ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮੇ ਤਹਿਤ ਨਿਯੁਕਤ ਕੀਤੀ ਗਈ 4 ਮੈਂਬਰੀ ਜਾਂਚ ਟੀਮ ਬੀਤੇ ਦਿਨੀਂ ਮਸਤੂਆਣਾ ਸਾਹਿਬ ਪੁੱਜੀ ਅਤੇ ਉਨ੍ਹਾਂ ਇਮਾਰਤ ਦਾ ਨਿਰੀਖਣ ਕੀਤਾ। 
ਇਸ ਉਪਰੰਤ ਜਾਂਚ ਕਮੇਟੀ, ਜਿਸ 'ਚ ਐੈੱਸ. ਜੀ. ਪੀ. ਸੀ. ਮੈਂਬਰ ਕਰਨੈਲ ਸਿੰਘ ਪੰਜੋਲੀ, ਭੁਪਿੰਦਰ ਸਿੰਘ ਭਲਵਾਨ, ਹਰਦੇਵ ਸਿੰਘ ਰੋਗਲਾ ਅਤੇ ਗੁਰਦੁਆਰਾ ਨਾਨਕਿਆਣਾ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ ਗਾਜ਼ੀਪੁਰ ਸ਼ਾਮਲ ਸਨ, ਨੇ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਉਨ੍ਹਾਂ ਦੀ 4 ਮੈਂਬਰੀ ਕਮੇਟੀ ਬਣਾ ਕੇ ਉਕਤ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਸੀ ਅਤੇ ਜਾਂਚ ਕਮੇਟੀ ਨੇ ਮਸਤੂਆਣਾ ਸਾਹਿਬ ਦਾ ਦੌਰਾ ਕੀਤਾ ਤੇ ਉਥੋਂ ਦੇ ਗੁਰਦੁਆਰਾ ਸਾਹਿਬ ਦੀ ਇਮਾਰਤ ਸਬੰਧੀ ਜਾਂਚ ਕੀਤੀ। ਜਾਂਚ ਕਮੇਟੀ ਨੇ ਕਿਹਾ ਕਿ ਉਨ੍ਹਾਂ ਇਸ ਸਬੰਧੀ ਆਪਣੀ ਰਿਪੋਰਟ ਤਿਆਰ ਕਰ ਲਈ ਹੈ, ਜੋ ਜਲਦ ਹੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸੌਂਪ ਦਿੱਤੀ ਜਾਵੇਗੀ। 
ਜਾਂਚ ਕਮੇਟੀ ਦੇ ਆਗੂ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ 20 ਜੂਨ 2009 ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਕ ਆਦੇਸ਼ ਜਾਰੀ ਹੋਇਆ ਸੀ, ਜਿਸ 'ਚ ਕਿਹਾ ਗਿਆ ਸੀ ਕਿ ਮਸਤੂਆਣਾ ਸਾਹਿਬ ਵਿਖੇ ਹਰਿਮੰਦਰ ਸਾਹਿਬ ਦੀ ਤਰਜ਼ 'ਤੇ ਬਣ ਰਹੀਆਂ ਨਿਸ਼ਾਨੀਆਂ, ਜਿਨ੍ਹਾਂ 'ਚ ਮਸਤੂਆਣਾ ਸਾਹਿਬ ਵਿਖੇ ਸੋਰਵਰ ਵਿਚ ਬਣੀ ਇਮਾਰਤ, ਦਾ ਸਾਰਾ ਸਰੋਵਰ ਪੂਰ ਦਿੱਤਾ ਜਾਵੇ, ਇਮਾਰਤ ਨੂੰ ਜਾਂਦਾ ਪੁਲ ਢਾਹ ਦਿੱਤਾ ਜਾਵੇ, ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਹਰ ਕੀ ਪੌੜੀ ਵਰਗੀ ਦਿੱਖ ਵਰਗੀ ਇਮਾਰਤ ਦਾ ਹਿੱਸਾ ਡੇਗ ਦਿੱਤਾ ਜਾਵੇ ਅਤੇ ਇਮਾਰਤ ਦੇ ਆਲੇ-ਦੁਆਲੇ ਵਰਾਂਡਾ ਬਣਾ ਦਿੱਤਾ ਜਾਵੇ, ਗਰਦੁਆਰਾ ਸਾਹਿਬ ਦੀਆਂ ਉਪਰਲੀਆਂ ਗੁੰਬਦੀਆਂ ਢਾਹ ਕੇ ਸਿਰਫ ਇਕ ਹੀ ਗੁੰਬਦ ਬਣਾਇਆ ਜਾਵੇ ਅਤੇ ਇਸ ਦਾ ਨਾਂ ਸ੍ਰੀ ਗੁਰੂ ਸਿੰਘ ਸਭਾ ਮਸਤੂਆਣਾ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਅੱਜ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਅਜੇ ਤੱਕ ਸਿਰਫ ਵਰਾਂਡੇ ਬਣਾ ਕੇ ਅਤੇ ਹਰ ਕੀ ਪੌੜੀ ਕੋਲ ਕੰਧ ਬਣਾ ਕੇ ਉਸ ਨੂੰ ਬੰਦ ਕੀਤਾ ਗਿਆ ਜਦੋਂਕਿ ਬਾਕੀ ਨਿਸ਼ਾਨੀਆਂ ਪਹਿਲਾਂ ਦੀ ਤਰ੍ਹਾਂ ਹੀ ਹਨ। 
ਜਾਂਚ ਕਮੇਟੀ ਨੇ ਕਿਹਾ ਕਿ ਦੁਨੀਆ ਭਰ 'ਚ ਸ੍ਰੀ ਹਰਿਮੰਦਰ ਸਾਹਿਬ ਦੀ ਤਰਜ਼ 'ਤੇ ਹੋਰ ਅਸਥਾਨ ਦਾ ਨਿਰਮਾਣ ਨਹੀਂ ਕੀਤਾ ਜਾ ਸਕਦਾ ਅਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ ਨੂੰ ਲਾਗੂ ਕਰਵਾਉਣ ਦੀ ਸ਼ਾਂਤਮਈ ਢੰਗ ਨਾਲ ਕੋਸ਼ਿਸ਼ ਕੀਤੀ ਜਾਵੇਗੀ। ਐੱਸ. ਜੀ. ਪੀ. ਸੀ. ਦੀ 16 ਫਰਵਰੀ ਨੂੰ ਹੋਣ ਵਾਲੀ ਅੰਤਿੰ੍ਰਗ ਕਮੇਟੀ ਮੈਂਬਰਾਂ ਦੀ ਮੀਟਿੰਗ ਵਿਚ ਇਹ ਮਾਮਲਾ ਵਿਚਾਰਿਆ ਜਾਵੇਗਾ ਅਤੇ ਅਗਲਾ ਫੈਸਲਾ ਲਿਆ ਜਾਵੇਗਾ।