ਜ਼ਾਲਮ ਸਹੁਰਿਆਂ ਨੇ ਵਿਆਹੁਤਾ ਨੂੰ ਪੂਰੀ ਰਾਤ ਬੇਰਹਿਮੀ ਨਾਲ ਕੁੱਟਿਆ, ਸਵੇਰੇ ਮਾਪੇ ਪੁੱਜਣ ''ਤੇ ਕੀਤਾ ਹੈਰਾਨ ਕਰਦਾ ਕਾਰਾ

12/07/2021 11:16:25 AM

ਬੱਧਣੀ ਕਲਾਂ (ਬੱਬੀ) : ਇੱਥੋਂ ਦੇ ਪਿੰਡ ਰਣੀਆਂ ਵਿਖੇ ਇਕ ਵਿਆਹੁਤਾ ਕੁੜੀ ਨੂੰ ਜ਼ਾਲਮ ਸਹੁਰਿਆਂ ਵੱਲੋਂ ਬੇਰਹਿਮੀ ਨਾਲ ਕੁੱਟਣ ਅਤੇ ਉਸ ਦੇ ਮਾਪਿਆਂ ਨਾਲ ਹੈਰਾਨੀਜਨਕ ਕਾਰਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ’ਤੇ ਬੱਧਣੀ ਕਲਾਂ ਪੁਲਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਵਿਆਹੁਤਾ ਕੁੜੀ ਦੇ ਸਹੁਰੇ ਪਰਿਵਾਰ ਦੇ 4 ਜੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪਤਾ ਲੱਗਾ ਹੈ ਕੇ ਪੀੜਤ ਕੁੜੀ ਪਿੰਡ ਰਣੀਆਂ ਦੇ ਪੰਚਾਇਤ ਮੈਂਬਰ ਠੇਕੇਦਾਰ ਹਰਬੰਸ ਸਿੰਘ ਦੇ ਬੇਟੇ ਜੈਦੀਪ ਸਿੰਘ ਨਾਲ ਵਿਆਹੀ ਹੋਈ ਹੈ ਅਤੇ ਬੀਤੇ ਕੱਲ੍ਹ ਜਦੋਂ ਉਸ ਦੀ ਕੁੱਟਮਾਰ ਹੋ ਰਹੀ ਸੀ ਤਾਂ ਉਸ ਨੇ ਆਪਣੇ ਮਾਪਿਆਂ ਨੂੰ ਫੋਨ ਕਰ ਦਿੱਤਾ।

ਇਹ ਵੀ ਪੜ੍ਹੋ : ਭਾਰਤੀ ਅਰਥ ਵਿਵਸਥਾ 'ਚ ਆਇਆ ਜ਼ਬਰਦਸਤ ਉਛਾਲ, 19 ਇੰਡੀਕੇਟਰਸ 2019 ਦੇ ਮੁਕਾਬਲੇ ਮਜ਼ਬੂਤ

ਜਦੋਂ ਉਸ ਦੇ ਮਾਪੇ ਆਪਣੀ ਧੀ ਕੋਲ ਪਹੁੰਚੇ ਤਾਂ ਠੇਕੇਦਾਰ ਹਰਬੰਸ ਸਿੰਘ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਨੇ ਪੀੜਤ ਕੁੜੀ ਦੇ ਮਾਪਿਆਂ ਨੂੰ ਹੀ ਆਪਣੇ ਘਰ ਵਿਚ ਬੰਦੀ ਬਣਾ ਲਿਆ, ਜਿਸ ਨੂੰ ਬਾਅਦ ’ਚ ਬੱਧਣੀ ਕਲਾਂ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਨੂੰ ਬਾਹਰ ਕੱਢਿਆ। ਇਸ ਘਟਨਾ ਸਬੰਧੀ ਪੀੜਤ ਕੁੜੀ ਕੌਮਲਪ੍ਰੀਤ ਕੌਰ ਪੁੱਤਰੀ ਸੁਖਵਿੰਦਰ ਸਿੰਘ ਵਾਸੀ ਬੱਧਣੀ ਕਲਾਂ ਨੇ ਦੱਸਿਆ ਕੇ ਉਸ ਦਾ ਵਿਆਹ ਤਕਰੀਬਨ 7 ਸਾਲ ਪਹਿਲਾਂ ਜੈਦੀਪ ਸਿੰਘ ਨਾਲ ਹੋਇਆ ਸੀ। ਉਸ ਦੇ ਦੋ ਬੱਚੇ ਵੀ ਹਨ ਪਰ ਉਸ ਦਾ ਪਤੀ ਜੋ ਕੇ ਨਸ਼ੇ ਦਾ ਆਦੀ ਹੈ, ਰੋਜ਼ਾਨਾ ਉਸ ਦੀ ਕੁੱਟਮਾਰ ਕਰਦਾ ਰਿਹਾ ਹੈ। ਕਈ ਵਾਰ ਦੁਖ਼ੀ ਹੋ ਕੇ ਉਹ ਆਪਣੇ ਪੇਕੇ ਘਰ ਵੀ ਆ ਚੁੱਕੀ ਹੈ ਪਰ ਪੰਚਾਇਤਾਂ ਵਿਚ ਦੁਬਾਰਾ ਗਲਤੀ ਨਾ ਕਰਨ ਦੀ ਗੱਲ ਆਖ ਕੇ ਸਹੁਰੇ ਵਾਲੇ ਉਸ ਨੂੰ ਘਰ ਲੈ ਜਾਂਦੇ। ਬਾਅਦ ’ਚ ਫਿਰ ਉਹੀ ਕੁੱਝ ਸ਼ੁਰੂ ਹੋ ਜਾਂਦਾ ਸੀ।

ਇਹ ਵੀ ਪੜ੍ਹੋ : ਹੈਵਾਨ ਬਣੇ ਅਖੌਤੀ ਬਾਬੇ ਨੇ ਦਰਿੰਦਗੀ ਦੀਆਂ ਵੀ ਟੱਪੀਆਂ ਹੱਦਾਂ, ਪਤਨੀ ਦੇ ਦੋਵੇਂ ਹੱਥ ਗਰਮ ਤਵੇ 'ਤੇ ਸਾੜੇ

ਪੀੜਤਾ ਨੇ ਦੱਸਿਆ ਕਿ ਨਸ਼ਿਆਂ ਦੀ ਪੂਰਤੀ ਲਈ ਉਸ ਦਾ ਪਤੀ ਜੈਦੀਪ ਸਿੰਘ ਉਸ ਨੂੰ ਪੇਕੇ ਘਰੋਂ ਪੈਸੇ ਲਿਆਉਣ ਲਈ ਤੰਗ-ਪਰੇਸ਼ਾਨ ਕਰਦਾ ਸੀ। ਜਦੋਂ ਮੈਂ ਪੇਕੇ ਘਰੋਂ ਪੈਸੇ ਨਹੀਂ ਲਿਆ ਸਕੀ ਤਾਂ ਮਿਤੀ 1 ਦਸੰਬਰ ਨੂੰ ਪੂਰੀ ਰਾਤ ਨੂੰ ਮੇਰੇ ਪਤੀ ਨੇ ਮੇਰੀ ਬੇਰਹਿਮੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਮੈਂ ਬਥੇਰਾ ਰੌਲਾ ਪਾਇਆ ਪਰ ਕਿਸੇ ਨੇ ਵੀ ਮੈਨੂੰ ਨਹੀਂ ਬਚਾਇਆ। ਜਦੋਂ ਅਗਲੇ ਦਿਨ ਸਵੇਰੇ ਮੇਰੇ ਮਾਤਾ-ਪਿਤਾ ਅਤੇ ਦਾਦੀ ਮੇਰੇ ਕੋਲ ਆਏ ਤਾਂ ਮੇਰੇ ਪਤੀ ਅਤੇ ਸੱਸ, ਸਹੁਰਾ ਸਮੇਤ ਹੋਰ ਪਰਿਵਾਰਿਕ ਮੈਂਬਰਾਂ ਨੇ ਆਪਸ 'ਚ ਹਮ-ਮਸ਼ਵਰਾ ਹੋ ਕੇ ਉਨ੍ਹਾਂ ਨਾਲ ਗਾਲੀ-ਗਲੋਚ ਅਤੇ ਧੱਕਾਮੁੱਕੀ ਕਰਨੀ ਸ਼ੁਰੂ ਕਰ ਦਿੱਤੀ। ਇੰਨਾ ਹੀ ਨਹੀਂ, ਉਨ੍ਹਾਂ ਮੇਰੇ ਪੇਕਿਆਂ ਨੂੰ ਆਪਣੇ ਘਰ ’ਚ ਬੰਦੀ ਵੀ ਬਣਾ ਲਿਆ, ਜਿਸ ਉਪਰੰਤ ਮੇਰੇ ਪਿਤਾ ਵੱਲੋਂ ਬੰਦ ਕਮਰੇ ਅੰਦਰੋਂ ਬੱਧਣੀ ਕਲਾਂ ਪੁਲਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਇਸ ’ਤੇ ਪੁਲਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਬੜੀ ਮੁਸ਼ਕਿਲ ਨਾਲ ਮੈਨੂੰ ਅਤੇ ਮੇਰੇ ਪੇਕਿਆਂ ਨੂੰ ਉਨ੍ਹਾਂ ਦੇ ਚੁੰਗਲ ’ਚੋਂ ਬਾਹਰ ਕੱਢਿਆ। ਇਸ ਤੋਂ ਬਾਅਦ ਮੈਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ : ਚੋਣ ਪ੍ਰਚਾਰ ਦੇ ਤਰੀਕਿਆਂ 'ਚ ਆਇਆ ਬਦਲਾਅ, ਪਾਰਟੀਆਂ ਨੇ ਛੱਡਿਆ ਰਵਾਇਤੀ ਤਰੀਕਾ

ਪੀੜਤ ਕੁੜੀ ਨੇ ਕਿਹਾ ਕੇ ਜੇਕਰ ਪੁਲਸ ਤੁਰੰਤ ਨਾ ਪਹੁੰਚਦੀ ਤਾਂ ਉਸ ਦੇ ਸਹੁਰਿਆਂ ਵੱਲੋਂ ਮੇਰੇ ਤੇ ਮੇਰੇ ਮਾਤਾ-ਪਿਤਾ ਦਾ ਜਾਨੀ ਨੁਕਸਾਨ ਵੀ ਕੀਤਾ ਜਾ ਸਕਦਾ ਸੀ। ਮਾਮਲੇ ਦੀ ਤਫਤੀਸ਼ ਕਰ ਰਹੇ ਥਾਣੇਦਾਰ ਦਿਲਬਾਗ ਸਿੰਘ ਨੇ ਦੱਸਿਆ ਕਿ ਪੀੜਤ ਕੁੜੀ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ’ਤੇ ਜੈਦੀਪ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਰਣੀਆਂ, ਹਰਬੰਸ ਪੁੱਤਰ ਭਾਗ ਸਿੰਘ ਵਾਸ਼ੀ ਰਣੀਆਂ, ਜਸਵੀਰ ਕੌਰ ਪਤਨੀ ਠੇਕੇਦਾਰ ਹਰਬੰਸ ਸਿੰਘ ਵਾਸੀ ਰਣੀਆਂ ਅਤੇ ਵੀਰਪਾਲ ਕੌਰ ਪਤਨੀ ਤਰਸੇਮ ਸਿੰਘ ਵਾਸੀ ਨਿਹਾਲ ਸਿੰਘ ਵਾਲਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣੇਦਾਰ ਦਿਲਬਾਗ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਕਾਬੂ ਕਰਨ ਲਈ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ ਤੇ ਬਹੁਤ ਜਲਦ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 

Babita

This news is Content Editor Babita