ਸਲਫਾਸ ਦੀਆਂ ਗੋਲੀਆਂ ਖਾਣ ਨਾਲ ਵਿਆਹੁਤਾ ਦੀ ਮੌਤ

10/16/2018 6:24:02 PM

ਬਟਾਲਾ (ਬੇਰੀ) : ਨਜ਼ਦੀਕੀ ਪਿੰਡ ਸਹਾਰੀ ਵਿਖੇ ਇਕ ਵਿਆਹੁਤਾ ਨੇ ਸਫਲਾਸ ਦੀਆਂ ਗੋਲੀਆਂ ਖਾ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਘੁੰਮਣ ਕਲਾਂ ਦੇ ਏ.ਐੱਸ.ਆਈ ਬਲਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਮ੍ਰਿਤਕਾ ਸਿਮਰਨਜੀਤ ਕੌਰ ਦੇ ਭਰਾ ਸੁਰਜੀਤ ਸਿੰਘ ਪੁੱਤਰ ਜੁਝਾਰ ਸਿੰਘ ਵਾਸੀ ਥਰੀਏਵਾਲ ਨੇ ਲਿਖਵਾਇਆ ਕਿ ਉਸਦੀ ਭੈਣ ਸਿਮਰਨਜੀਤ ਕੌਰ ਦਾ ਵਿਆਹ ਗੁਰਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਸਹਾਰੀ ਨਾਲ ਹੋਇਆ ਸੀ ਪਰ ਵਿਆਹ ਪਿੱਛੋਂ ਸਿਮਰਨਜੀਤ ਕੌਰ ਨੂੰ ਉਸਦਾ ਪਤੀ ਗੁਰਿੰਦਰ ਸਿੰਘ ਤੇ ਜਿਠਾਣੀ ਸਿਮਰਤ ਕੌਰ ਅਕਸਰ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਸਨ ਜਿਸਦੇ ਚਲਦਿਆਂ ਅੱਜ ਉਸ ਦੀ ਭੈਣ ਨੇ ਉਕਤ ਦੋਵਾਂ ਤੋਂ ਦੁਖੀ ਹੋ ਕੇ ਸਲਫਾਸ ਦੀਆਂ ਗੋਲੀਆਂ ਖਾ ਲਈਆਂ ਜਿਸ ਨੂੰ ਤੁਰੰਤ ਅਸੀਂ ਬਟਾਲਾ ਦੇ ਨਿੱਜੀ ਹਸਪਤਾਲ ਇਲਾਜ ਲਈ ਲੈ ਕੇ ਆਏ ਜਿਥੇ ਉਸ ਦੀ ਮੌਤ ਹੋ ਗਈ।

ਏ. ਐੱਸ. ਆਈ. ਬਲਬੀਰ ਸਿੰਘ ਨੇ ਅੱਗੇ ਦੱਸਿਆ ਕਿ ਮ੍ਰਿਤਕਾ ਦੇ ਭਰਾ ਸੁਰਜੀਤ ਸਿੰਘ ਦੇ ਬਿਆਨਾਂ 'ਤੇ ਗੁਰਿੰਦਰ ਸਿੰਘ ਅਤੇ ਸਿਮਰਤ ਕੌਰ ਵਿਰੁੱਧ ਧਾਰਾ 306 ਆਈ.ਪੀ. ਤਹਿਤ ਥਾਣਾ ਘੁੰਮਣ ਕਲਾਂ ਵਿਖੇ ਕੇਸ ਦਰਜ ਕਰ ਦਿੱਤਾ ਗਿਆ ਹੈ।