ਵਿਆਹੁਤਾ ਨੇ ਮਾਂ ਅਤੇ ਉਸਦੇ ਸਾਥੀਆਂ ''ਤੇ ਕੁੱਟਮਾਰ ਕਰ ਨਗਨ ਕਰਨ ਦੇ ਲਗਾਏ ਦੋਸ਼

07/03/2019 4:25:32 PM

ਮਲੋਟ (ਜੁਨੇਜਾ) : ਥਾਣਾ ਸਦਰ ਮਲੋਟ ਅਧੀਨ ਆਉਂਦੇ ਪਿੰਡ ਲੱਕੜਵਾਲਾ ਵਿਖੇ ਇਕ ਮਹਿਲਾ ਦੀ ਮਾਰ-ਕੁਟਾਈ ਕਰਨ ਅਤੇ ਉਸਨੂੰ ਨਗਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਟਮਾਰ ਦਾ ਸ਼ਿਕਾਰ ਹੋਈ ਔਰਤ ਆਲਮਵਾਲਾ ਦੇ ਸਿਵਲ ਹਸਪਤਾਲ ਵਿਚ ਭਰਤੀ ਹੈ। ਪੱਤਰਕਾਰਾਂ ਨੂੰ ਦਿੱਤੇ ਬਿਆਨਾਂ ਅਨੁਸਾਰ ਉਕਤ ਔਰਤ ਨੇ ਦੱਸਿਆ ਕਿ ਉਸਦਾ ਵਿਆਹ ਅਬੋਹਰ ਨੇੜੇ ਚਿਰਾਗ ਢਾਣੀ ਵਿਖੇ ਹੋਇਆ ਸੀ। ਡੇਢ ਮਹੀਨਾ ਪਹਿਲਾਂ ਉਸਦੇ ਸਹੁਰੇ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕਰਨ ਉਪਰੰਤ ਉਸਦੀ ਕੁੱਟਮਾਰ ਕੀਤੀ ਤਾਂ ਉਹ ਆਪਣੇ ਦੋਵਾਂ ਬੱਚਿਆ ਸਮੇਤ ਲੱਕੜਵਾਲਾ ਵਿਖੇ ਆਪਣੇ ਭਰਾ ਕੋਲ ਆ ਕੇ ਰਹਿਣ ਲੱਗ ਪਈ। ਇਥੇ ਹੀ ਉਸਦੀ ਮਾਂ ਮਲਕੀਤ ਕੌਰ ਉਰਫ ਜਸਪ੍ਰੀਤ ਕੌਰ ਇਕ ਵਿਅਕਤੀ ਹਰਜਿੰਦਰ ਸਿੰਘ ਨਾਲ ਰਹਿ ਰਹੀ ਹੈ। 
ਉਸਦੀ ਮਾਂ ਉਸ 'ਤੇ ਜ਼ਬਰਦਸਤੀ ਸਹੁਰੇ ਪਰਿਵਾਰ ਨਾਲ ਰਹਿਣ ਲਈ ਦਬਾਅ ਬਣਾ ਰਹੀ ਸੀ। ਬੀਤੀ ਰਾਤ ਜਦੋਂ ਉਸਦੀ ਵਿਚੋਲਣ ਦਾ ਫੋਨ ਆਇਆ ਕਿ ਸਹੁਰੇ ਪਰਿਵਾਰ ਵੱਲੋਂ ਬੱਚਿਆਂ ਨੂੰ ਆਪਣੇ ਕੋਲ ਰੱਖਣ ਦੀ ਗੱਲ ਕੀਤੀ ਹੈ ਜਦਕਿ ਉਸਨੂੰ ਨਹੀਂ ਵਸਾਉਣਾ ਚਾਹੁੰਦੇ ਤਾਂ ਉਸਦੀ ਮਾਂ ਜ਼ਬਰਦਸਤੀ ਉਸ 'ਤੇ ਸਹੁਰੇ ਜਾਣ ਲਈ ਕਹਿਣ ਲੱਗੀ। ਇਸ ਦੌਰਾਨ ਹੀ ਨੇ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਹਰਜਿੰਦਰ ਸਿੰਘ ਨੇ ਉਸਦੇ ਕੱਪੜੇ ਪਾੜ ਦਿੱਤੇ ।
ਇਸ ਮੌਕੇ ਹਰਜਿੰਦਰ ਸਿੰਘ ਦੇ ਨਾਲ ਉਸਦੇ ਭਰਾ ਗੁਰਵਿੰਦਰ ਸਿੰਘ ਅਤੇ ਬਲਜਿੰਦਰ ਸਿੰਘ ਵੀ ਨਾਲ ਸਨ। ਪੀੜਤ ਮਹਿਲਾ ਦਾ ਕਹਿਣਾ ਹੈ ਕਿ ਉਸ ਵੱਲੋਂ ਰਾਤ ਨੂੰ ਪੁਲਸ ਹੈਲਪ ਲਾਈਨ 'ਤੇ ਫੋਨ ਕੀਤਾ ਪਰ ਪੁਲਸ ਨੇ ਸੁਣਵਾਈ ਨਹੀਂ ਕੀਤੀ। ਉਧਰ ਹਸਪਤਾਲ 'ਚ ਦਾਖਲ ਮਹਿਲਾ ਦਾ ਬਿਆਨ ਲੈਣ ਪੁੱਜੇ ਥਾਣੇਦਾਰ ਅੰਗਰੇਜ਼ ਸਿੰਘ ਨੇ ਕਿਹਾ ਕਿ ਬੀਤੀ ਰਾਤ ਵੀ ਉਨ੍ਹ੍ਹਾਂ ਢਾਈ ਵਜੇ ਤੱਕ ਪਿੰਡ ਜਾ ਕੇ ਪੜਤਾਲ ਕੀਤੀ। ਅੱਜ ਮਹਿਲਾ ਦੇ ਬਿਆਨ ਲੈਣ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ।

Gurminder Singh

This news is Content Editor Gurminder Singh