ਮੈਰਿਜ ਪੈਲਸਾਂ ''ਚ ਅਸਲਾ ਲੈ ਕੇ ਆਉਣ ''ਤੇ ਮਨਾਹੀ ਦੇ ਹੁਕਮ

02/16/2019 11:48:15 AM

ਮੋਹਾਲੀ (ਨਿਆਮੀਆਂ) : ਗੁਰਪ੍ਰੀਤ ਕੌਰ ਸਪਰਾ ਜ਼ਿਲਾ ਮੈਜਿਸਟਰੇਟ ਮੋਹਾਲੀ ਨੇ ਜ਼ਿਲਾ ਮੋਹਾਲੀ 'ਚ ਸਥਿਤ ਮੈਰਿਜ ਪੈਲੇਸਾਂ ਵਿਚ ਵਿਆਹ ਜਾਂ ਹੋਰ ਸਮਾਗਮਾਂ ਮੌਕੇ ਆਮ ਲੋਕਾਂ ਦੇ ਅਸਲਾ ਲੈ ਕੇ ਆਉਣ 'ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ ਅਤੇ ਇਹ ਵੀ ਹੁਕਮ ਕੀਤੇ ਗਏ ਹਨ ਕਿ ਜੇਕਰ ਕੋਈ ਵਿਅਕਤੀ ਅਸਲਾ ਲੈ ਕੇ ਆਉਂਦਾ ਹੈ ਤਾਂ ਪੈਲੇਸ ਦਾ ਮਾਲਕ ਪੁਲਸ ਨੂੰ ਤੁਰੰਤ ਸੂਚਿਤ ਕਰੇਗਾ। ਇਸ ਤੋਂ ਇਲਾਵਾ ਜ਼ਿਲੇ ਵਿਚ ਸਥਿਤ ਮੈਰਿਜ ਪੈਲੇਸਾਂ, ਹੋਟਲਾਂ, ਬੈਂਕੁਇਟ ਹਾਲਾਂ ਆਦਿ ਦੇ ਮਾਲਕਾਂ/ਪ੍ਰਬੰਧਕਾਂ ਨੂੰ ਸਮਾਗਮਾਂ ਸਮੇਂ ਗੱਡੀਆਂ ਨੂੰ ਪਾਰਕ ਕਰਨ ਲਈ ਉਚਿਤ ਥਾਂ ਦਾ ਪ੍ਰਬੰਧ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ। 
ਡਿਪਟੀ ਕਮਿਸ਼ਨਰ ਸਪਰਾ ਨੇ ਸਾਈਬਰ ਕੈਫੇ ਦੇ ਮਾਲਕਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਕਿਸੇ ਵੀ ਅਣਜਾਣ ਵਿਅਕਤੀ, ਜਿਸ ਦੀ ਪਛਾਣ ਕੈਫੇ ਮਾਲਕ ਵਲੋਂ ਨਹੀਂ ਕੀਤੀ ਗਈ, ਨੂੰ ਸਾਈਬਰ ਕੈਫੇ ਦੀ ਵਰਤੋਂ ਨਾ ਕਰਨ ਦੇਣ ਤੇ ਇਹ ਵੀ ਹੁਕਮ ਕੀਤੇ ਕਿ ਵਰਤੋਂ ਕਰਨ ਵਾਲੇ ਵਿਅਕਤੀ ਦੀ ਪਛਾਣ ਦੇ ਰਿਕਾਰਡ ਲਈ ਰਜਿਸਟਰ ਲਾਇਆ ਜਾਵੇ। ਉਨ੍ਹਾਂ ਜ਼ਿਲੇ ਵਿਚ ਰਾਤ 10 ਤੋਂ ਸਵੇਰੇ 6 ਵਜੇ ਤਕ ਲਾਊਡ ਸਪੀਕਰ ਚਲਾਉਣ 'ਤੇ ਮਨਾਹੀ ਦੇ ਹੁਕਮ ਵੀ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਜ਼ਿਲਾ ਪ੍ਰਬੰਧਕੀ ਕੰਪਲੈਕਸ ਸੈਕਟਰ-76 ਦੇ ਅੰਦਰ ਅਤੇ ਬਾਹਰ ਧਰਨੇ/ਰੈਲੀਆਂ ਕਰਨ 'ਤੇ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਕਿਰਾਏਦਾਰਾਂ/ ਨੌਕਰਾਂ/ ਪੇਇੰਗ ਗੈਸਟ ਦੀ ਸੂਚਨਾ ਪੁਲਸ ਥਾਣੇ ਵਿਚ ਦੇਣ ਦੇ ਹੁਕਮ ਜਾਰੀ ਕੀਤੇ ਹਨ, ਤਾਂ ਜੋ ਜ਼ੁਲਮ ਨੂੰ ਠੱਲ੍ਹ ਪਾਈ ਜਾ ਸਕੇ। ਇਹ ਹੁਕਮ 17 ਮਾਰਚ  2019 ਤਕ ਲਾਗੂ ਰਹਿਣਗੇ।

Babita

This news is Content Editor Babita