ਕੁੜੀ ਦੀ ਵਿਦਾਇਗੀ ਸਮੇਂ ਭਿੜੀਆਂ ਦੋ ਧਿਰਾਂ, ਭਜਾ-ਭਜਾ ਕੁੱਟੇ ਬਾਰਾਤੀ

10/07/2019 6:41:17 PM

ਅਜਨਾਲਾ (ਫਰਿਆਦ) : ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਬੱਲੜਵਾਲ ਦੇ ਗੁਰਦੁਆਰਾ ਬਾਬਾ ਗਮਚੁੱਕ (ਭੂਆ ਜੀ ਦੀ ਕੁਟੀਆ) ਦੇ ਨਜ਼ਦੀਕ ਸਥਿਤ ਇਕ ਮੈਰਿਜ ਪੈਲਸ 'ਚ ਐਤਵਾਰ ਦੀ ਰਾਤ ਸਮੇਂ ਕਰੀਬ 8 ਵਜੇ ਚੱਲ ਰਹੇ ਵਿਆਹ 'ਚ 2 ਧਿਰਾਂ ਵਿਚਾਲੇ ਲੜਾਈ ਹੋ ਗਈ। ਦਰਅਸਲ ਲੜਕੀ ਦੀ ਵਿਦਾਇਗੀ ਸਮੇਂ ਇਕ ਕੁੜੀ ਨਾਲ ਹੋਈ ਛੇੜਛਾੜ ਨੂੰ ਲੈ ਕੇ 2 ਧਿਰਾਂ 'ਚ ਝੜਪ ਹੋ ਗਈ। ਇਹ ਝੜਪ ਇੰਨੀ ਵੱਧ ਗਈ ਕਿ ਇਕ ਧਿਰ ਨੇ ਬਰਾਤੀਆਂ ਨੂੰ ਭਜਾ-ਭਜਾ ਕੇ ਵੀ ਕੁੱਟ ਸੁੱਟਿਆ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਲੜਕੇ ਦੇ ਪਿਤਾ ਸਣੇ 5 ਵਿਅਕਤੀ ਗੰਭੀਰ ਜ਼ਖਮੀ ਹੋਏ ਹਨ। ਲੜਕੇ ਧਿਰ ਤੋਂ ਮਿਲੀ ਜਾਣਕਾਰੀ ਅਨੁਸਾਰ ਲੜਕੇ ਦੇ ਪਿਤਾ ਗੰਭੀਰ ਜ਼ਖਮੀ ਹੋਣ ਕਾਰਨ ਉਨ੍ਹਾਂ ਨੂੰ ਅਜਨਾਲਾ ਸਿਵਲ ਹਸਪਤਾਲ ਤੋਂ ਅੰਮ੍ਰਿਤਸਰ ਰੈਫਰ ਕਰਨਾ ਪਿਆ।

ਦੂਜੇ ਪਾਸੇ ਅਣਪਛਾਤੇ ਹਮਲਾਵਰਾਂ ਵੱਲੋਂ ਬਰਾਤੀਆਂ ਨੂੰ ਲੈ ਕੇ ਆਈ ਬੱਸ ਦੀ ਵੀ ਭੰਨਤੋੜ ਕੀਤੀ ਗਈ ਜਦੋਂ ਕਿ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਝਗੜਾ ਵਿਆਹ ਦੀ ਵਿਦਾਇਗੀ ਸਮੇਂ ਹੋ ਰਹੀ ਰਸਮ ਦੌਰਾਨ ਵਿਆਹ 'ਚ ਸ਼ਾਮਲ ਹੋਣ ਆਈ ਲੜਕੀ ਨਾਲ ਛੇੜਛਾੜ ਕਾਰਨ ਹੋਇਆ, ਜਿਸ ਉਪਰੰਤ ਵਿਆਹ ਵਾਲੇ ਲਾੜੇ ਦੀ ਪਿਤਾ ਨੇ ਵਿਆਹ ਮੌਕੇ ਝਗੜਾ ਨਾ ਕਰਨ ਦੀ ਅਪੀਲ ਕਰਦੇ ਹੋਏ ਵਿਆਹ 'ਚ ਖਲਲ ਨਾ ਪਾਉਣ ਲਈ ਆਖਿਆ, ਇਹ ਸੁਣ ਕੇ ਦੂਜੀ ਧਿਰ ਦੇ ਲੋਕ ਗੁੱਸੇ 'ਚ ਆ ਗਏ ਅਤੇ ਉਨ੍ਹਾਂ ਬਰਾਤੀਆਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ।

Gurminder Singh

This news is Content Editor Gurminder Singh