ਖੁਸ਼ੀ-ਖੁਸ਼ੀ ਚੱਲ ਰਹੇ ਵਿਆਹ ਸਮਾਗਮ ''ਚ ਚੱਲੀਆਂ ਤਲਵਾਰਾਂ, ਖੂਨੋ-ਖੂਨ ਹੋਏ ਕੁੜੀ ਦੇ ਭਰਾ ਤੇ ਜੀਜਾ (ਤਸਵੀਰਾਂ)

06/19/2017 6:54:07 PM

ਖਰੜ (ਅਮਰਦੀਪ) : ਪਿੰਡ ਸਹੌੜਾਂ ਵਿਖੇ ਇਕ ਵਿਆਹ ਸਮਾਗਮ 'ਚ ਕੁਝ ਵਿਅਕਤੀਆਂ ਨੇ ਤਲਵਾਰਾਂ ਨਾਲ ਹਮਲਾ ਕਰਕੇ 3 ਵਿਅਕਤੀਆਂ ਨੂੰ ਗੰਭੀਰ ਫੱਟੜ ਕਰ ਦਿੱਤਾ। ਸਿਵਲ ਹਸਪਤਾਲ ਖਰੜ ਵਿਖੇ ਜ਼ੇਰੇ ਇਲਾਜ ਕਰਨ ਕੁਮਾਰ ਨੇ ਦੱਸਿਆ ਕਿ ਉਸ ਦੀ ਭਾਣਜੀ ਦੇ ਵਿਆਹ ਦਾ ਚੱਲ ਰਿਹਾ ਸੀ ਤੇ ਜਦੋਂ ਉਹ ਆਪਣੇ ਭਰਾ ਮੁਰਾਰੀ ਕੁਮਾਰ ਤੇ ਜੀਜਾ ਵਿਜੇ ਕੁਮਾਰ ਨਾਲ ਗੱਲਬਾਤ ਕਰ ਰਹੇ ਸਨ ਤਾਂ ਅਚਾਨਕ ਵਿਆਹ 'ਚ ਸ਼ਾਮਲ ਦੋ ਵਿਅਕਤੀ ਉਨ੍ਹਾਂ ਨੂੰ ਗਾਲ੍ਹਾਂ ਕੱਢਣ ਲੱਗ ਪਏ। ਜਦੋਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਉਨ੍ਹਾਂ ਵਿਚੋਂ ਇਕ ਵਿਅਕਤੀ ਨੇ ਫੋਨ ਕਰਕੇ ਹੋਰ ਵਿਅਕਤੀ ਬੁਲਾ ਲਏ, ਜਿਨ੍ਹਾਂ ਕੋਲ ਤਲਵਾਰਾਂ ਤੇ ਡੰਡੇ ਸਨ ਤੇ ਉਨ੍ਹਾਂ ਆਉਂਦੇ ਸਾਰ ਹੀ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਤੇ ਉਹ ਤਿੰਨੋਂ ਗੰਭੀਰ ਰੂਪ ਵਿਚ ਫੱਟੜ ਹੋ ਗਏ।  
ਇਸ ਦੌਰਾਨ ਵਿਜੇ ਕੁਮਾਰ ਦਾ ਹੱਥ ਕੱਟਿਆ ਗਿਆ, ਜਿਸ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਹਮਲਾਵਰ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਇਸ ਸਬੰਧੀ ਸੰਪਰਕ ਕਰਨ 'ਤੇ ਥਾਣਾ ਸਦਰ ਦੇ ਐੱਸ. ਐੱਚ. ਓ. ਇੰਸਪੈਕਟਰ ਭਗਵੰਤ ਸਿੰਘ ਨੇ ਆਖਿਆ ਕਿ ਪੁਲਸ ਇਸ ਸਬੰਧੀ ਜਾਂਚ ਕਰ ਰਹੀ ਹੈ, ਜੋ ਵੀ ਦੋਸ਼ੀ ਪਾਇਆ ਗਿਆ, ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।