ਡਾਕਟਰ ਦੀ ਆਈ-10 ਕਾਰ ''ਚੋਂ ਫੜਿਆ ਚੋਰੀ ਦਾ ਮਾਰਬਲ

07/14/2017 5:32:55 AM

ਸੁਲਤਾਨਪੁਰ ਲੋਧੀ, (ਸੋਢੀ)- ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਰਾਤ 1.30 ਵਜੇ ਤਲਵੰਡੀ ਚੌਧਰੀਆਂ ਦੇ ਐੱਸ. ਐੱਚ. ਓ. ਨਰਿੰਦਰ ਸਿੰਘ ਔਜਲਾ ਰੂਟੀਨ ਚੈਕਿੰਗ ਕਰ ਰਹੇ ਸਨ ਕਿ ਉਨ੍ਹਾਂ ਨੇ ਇਕ ਆਈ-10 ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਕਾਰ ਚਾਲਕ ਨੇ ਕਾਰ ਭਜਾ ਲਈ ਤੇ ਸ਼ੱਕ ਹੋਣ 'ਤੇ ਉਨ੍ਹਾਂ ਨੇ ਕਾਰ ਦਾ ਪਿੱਛਾ ਕੀਤਾ ਤਾਂ ਕਾਰ ਪਿੰਡ ਕੁੱਲੀਆਂ, ਤਲਵੰਡੀ ਚੌਧਰੀਆਂ 'ਚ (ਥਿੰਦ ਪੈਲੇਸ) ਨੇੜੇ ਸੜਕ ਦੇ ਨਾਲ ਲੱਗਦੇ ਖਤਾਨਾਂ 'ਚ ਬੇਕਾਬੂ ਹੋ ਕੇ ਉਤਰ ਗਈ। ਇਸ ਦੌਰਾਨ ਕਾਰ ਸਵਾਰ ਹਨੇਰੇ ਦਾ ਫਾਇਦਾ ਉਠਾ ਕੇ ਭੱਜਣ 'ਚ ਕਾਮਯਾਬ ਹੋ ਗਏ। ਉਥੇ ਜਦੋਂ ਕਾਰ ਦਾ ਮੁਆਇਨਾ ਕੀਤਾ ਤਾਂ ਦੇਖਿਆ ਗਿਆ ਕਿ ਆਈ-10 ਕਾਰ ਨੰਬਰ ਪੀ. ਬੀ. 09-ਵਾਈ-2143 ਦੀ ਨੰਬਰ ਪਲੇਟ 'ਤੇ ਚਿੱਟੇ ਕਾਗਜ਼ ਦੀ ਚੇਪੀ ਲਗਾ ਕੇ ਨੰਬਰ ਲੁਕੋਇਆ ਹੋਇਆ ਸੀ ਤੇ ਉਸ 'ਚ ਮਾਰਬਲ ਦੇ 34 ਦੇ ਕਰੀਬ ਪੀਸ ਲੱਦੇ ਹੋਏ ਸਨ। ਇੰਨਾ ਹੀ ਨਹੀਂ ਜਾਂਚ ਕਰਨ 'ਤੇ ਪਤਾ ਲੱਗਾ ਕਿ ਇਹ ਕਾਰ ਸੁਲਤਾਨਪੁਰ ਲੋਧੀ ਸਥਿਤ ਨੇਹਾ ਹਸਪਤਾਲ ਦੀ ਡਾ. ਨੇਹਾ ਦੇ ਨਾਮ 'ਤੇ ਰਜਿਸਟਰਡ ਹੈ।ਇਸ ਘਟਨਾ ਸੰਬੰਧੀ ਜਦ ਪੁਲਸ ਨੇ ਜਾਂਚ ਕੀਤੀ ਤਾਂ ਪਾਇਆ ਕਿ ਗੱਡੀ 'ਚ ਲੱਦਿਆ ਮਾਰਬਲ ਖਾਲਸਾ ਮਾਰਬਲ ਹਾਊਸ ਤਲਵੰਡੀ ਰੋਡ ਸੁਲਤਾਨਪੁਰ ਲੋਧੀ ਤੋਂ ਚੁਰਾਇਆ ਗਿਆ। ਇਸ ਬਾਰੇ ਜਦ ਸ਼ੋਅਰੂਮ ਦੇ ਐੱਮ. ਡੀ. ਭੁਪਿੰਦਰ ਸਿੰਘ ਖਾਲਸਾ ਤੇ ਜਥੇਦਾਰ ਪਰਮਿੰਦਰ ਸਿੰਘ ਖਾਲਸਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਜਦ ਸਵੇਰੇ ਸ਼ੋਅਰੂਮ 'ਤੇ ਪਹੁੰਚੇ ਤਾਂ ਦੇਖਿਆ ਕਿ ਉਥੇ ਰੱਖੇ ਗਏ ਮਾਰਬਲ 'ਚੋਂ 34 ਪੀਸ ਗਾਇਬ ਸਨ। ਇਸ ਦੌਰਾਨ ਕਿਸੇ ਨੇ ਦੱਸਿਆ ਕਿ ਥਿੰਦ ਪੈਲੇਸ ਦੇ ਨਜ਼ਦੀਕ ਸੜਕ ਦੇ ਨਾਲ ਲੱਗਦੇ ਖਤਾਨਾਂ 'ਚ ਮਾਰਬਲ ਨਾਲ ਲੱਦੀ ਇਕ ਆਈ-10 ਕਾਰ ਨੂੰ ਪੁਲਸ ਨੇ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਰੀਬ 38 ਹਜ਼ਾਰ ਰੁਪਏ ਦਾ ਮਾਰਬਲ ਚੋਰੀ ਹੋਇਆ ਹੈ। ਉਥੇ ਚੋਰੀ ਦਾ ਸਾਰਾ ਮਾਮਲਾ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਵਰਿਆਮ ਸਿੰਘ ਖਹਿਰਾ ਦੇ ਧਿਆਨ 'ਚ ਲਿਆਂਦਾ ਗਿਆ ਹੈ।