ਮਕਸੂਦਾਂ ਥਾਣੇ 'ਚ ਹੋਏ ਧਮਾਕਿਆਂ ਦੀ ਜਾਂਚ ਲਈ ਦਿੱਲੀ ਤੋਂ ਜਲੰਧਰ ਪਹੁੰਚੀ ਐੱਨ. ਐੱਸ. ਜੀ. ਦੀ ਟੀਮ (ਵੀਡੀਓ)

09/15/2018 6:57:01 PM

ਜਲੰਧਰ — ਇਥੋਂ ਦੇ ਥਾਣਾ ਮਕਸੂਦਾਂ 'ਚ ਹੋਏ ਬੰਬ ਧਮਾਕਿਆਂ ਦੀ ਜਾਂਚ ਲਈ ਦਿੱਲੀ ਤੋਂ ਐੱਨ. ਐੱਸ. ਜੀ. ਦੀ ਫੋਰੈਂਸਿਕ ਟੀਮ ਦੀ ਬੰਬ ਡਿਫਿਊਜ਼ਲ ਟੀਮ ਮਕਸੂਦਾਂ ਥਾਣੇ ਪਹੁੰਚ ਚੁੱਕੀ ਹੈ, ਜਿਸ ਦੀ ਅਗਵਾਈ ਮੇਜਰ ਕਰ ਰਹੇ ਹਨ। 8 ਮੈਂਬਰੀ ਟੀਮ 'ਚ ਪੂਰੀ ਤਿਆਰੀ ਦੇ ਨਾਲ ਥਾਣੇ 'ਚ ਹੋਏ ਚਾਰ ਬੰਬ ਧਮਾਕਿਆਂ ਦੀ ਜਗ੍ਹਾ ਨੂੰ ਜਾਂਚਿਆ ਗਿਆ ਅਤੇ ਉਥੇ ਪਏ ਵਿਸਫੋਟਕ ਪਦਾਰਥਾਂ ਦੇ ਸੈਂਪਲ ਇਕੱਠੇ ਕਰਕੇ ਲੈਬ ਭੇਜਣ ਲਈ ਆਪਣੇ ਕੋਲ ਰੱਖ ਲਏ ਗਏ ਹਨ। ਮੌਕੇ 'ਤੇ ਪਹੁੰਚੇ ਜਲੰਧਰ ਦੇ ਡੀ. ਐੱਸ. ਪੀ. ਗੁਰਜੀਤ ਸਿੰਘ ਨੇ ਦੱਸਿਆ ਕਿ ਐੱਨ. ਐੱਸ. ਜੀ. ਦੀ ਟੀਮ ਜਲੰਧਰ ਪਹੁੰਚ ਚੁੱਕੀ ਹੈ ਅਤੇ ਪਤਾ ਲਗਾਏਗੀ ਕਿ ਧਮਾਕਿਆਂ 'ਚ ਕਿਹੜੀ ਚੀਜ਼ ਦਾ ਇਸਤੇਮਾਲ ਹੋਇਆ ਹੈ। 

ਦੱਸਣਯੋਗ ਹੈ ਕਿ ਸ਼ੁੱਕਰਵਾਰ ਦੇਰ ਸ਼ਾਮ ਥਾਣਾ ਮਕਸੂਦਾਂ 'ਚ ਪੁਲਸ ਮੁਲਾਜ਼ਮ ਡਿਊਟੀ 'ਤੇ ਤਾਇਨਾਤ ਸਨ ਕਿ ਅਚਾਨਕ ਹੀ ਅੰਦਰੋਂ ਇਕ ਤੋਂ 4 ਧਮਾਕੇ ਹੋਏ ਸਨ। ਇਸ ਨਾਲ ਥਾਣਾ ਮਕਸੂਦਾਂ ਦੇ ਇੰਚਾਰਜ ਰਮਨਦੀਪ ਸਿੰਘ, ਮੰਡ ਚੌਕੀ ਦਾ ਪੁਲਸ ਮੁਲਾਜ਼ਮ ਪਰਮਿੰਦਰ ਸਿੰਘ ਅਤੇ ਥਾਣੇ ਦਾ ਸੰਤਰੀ ਜ਼ਖਮੀ ਹੋ ਗਏ ਸਨ। ਮੌਕੇ 'ਤੇ ਥਾਣੇ ਦੇ ਬਾਹਰ ਬੈਠਾ ਇਕ ਵਿਅਕਤੀ ਰਾਜੀਵ ਨੇ ਦੱਸਿਆ ਕਿ ਅਚਾਨਕ ਹੀ ਥਾਣੇ ਦੇ ਅੰਦਰ ਹੋਏ ਧਕਾਕਿਆਂ ਤੋਂ ਬਾਅਦ ਪੂਰਾ ਥਾਣਾ ਧੂੰਏਂ ਨਾਲ ਭਰ ਗਿਆ। ਧਮਾਕਿਆਂ ਦੀ ਆਵਾਜ਼ 2 ਕਿਲੋਮੀਟਰ ਤੱਕ ਦੂਰ ਲੋਕਾਂ ਨੇ ਸੁਣੀ। 

ਧਮਾਕਿਆਂ ਦੌਰਾਨ ਥਾਣੇ 'ਚ ਲੱਗੇ ਸ਼ੀਸ਼ੇ ਦੇ ਦਰਵਾਜ਼ੇ ਅਤੇ ਖਿੜਕੀਆਂ ਟੁੱਟ ਗਈਆਂ ਅਤੇ ਥਾਣੇ ਦੇ ਅੰਦਰ ਖੜ੍ਹੇ ਕਈ ਵਾਹਨ ਨੁਕਸਾਨੇ ਗਏ। ਬੰਬ ਬਲਾਸਟ ਤੋਂ ਬਾਅਦ ਪੰਜਾਬ ਪੁਲਸ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਖੁਦ ਜਾਂਚ ਲਈ ਪਹੁੰਚੇ ਸਨ। ਹਮਲੇ ਦੇ ਪਿੱਛੇ ਅੱਤਵਾਦੀ ਸੰਗਠਨ ਦਾ ਹੱਥ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਪੁਲਸ ਕਮਿਸ਼ਨਰ ਪੀ. ਕੇ. ਸਿਨਹਾ ਨੇ ਦੱਸਿਆ ਕਿ ਬੰਬ ਧਮਾਕਿਆਂ ਦੇ ਪਿੱਛੇ ਅੱਤਵਾਦੀ ਸੰਗਠਨ ਦਾ ਹੱਥ ਹੋ ਸਕਦਾ ਹੈ। ਦੱਸਣਯੋਗ ਹੈ ਕਿ ਪੁਲਸ ਕਮਿਸ਼ਨ ਪ੍ਰਵੀਨ ਕੁਮਾਰ ਸਿਨਹਾ ਨੇ ਦੱਸਿਆ ਸੀ ਕਿ ਜਾਂਚ ਲਈ ਐੱਨ. ਐੱਸ. ਜੀ. ਆ ਰਹੀ ਹੈ ਜੋ ਕਿ ਘਟਨਾ ਵਾਲੇ ਸਥਾਨ ਦੀ ਜਾਂਚ ਕਰੇਗੀ।