ਮੈਨਜ਼ ਯੂਨੀਅਨ ਨੇ ਰੇਡਿਕਾ ਪ੍ਰਸ਼ਾਸਨ ਖਿਲਾਫ ਕੀਤੀ ਨਾਅਰੇਬਾਜ਼ੀ

07/28/2017 6:44:19 AM

ਕਪੂਰਥਲਾ, (ਮੱਲ੍ਹੀ)- ਰੇਲ ਕਰਮਚਾਰੀਆਂ ਦੀ ਮਾਨਤਾ ਪ੍ਰਾਪਤ ਜਥੇਬੰਦੀ ਆਰ. ਸੀ. ਐੱਫ. ਮੈਨਜ਼ ਯੂਨੀਅਨ ਵਲੋਂ ਰੇਲ ਕੋਚ ਫੈਕਟਰੀ ਅੰਦਰ ਰੇਲ ਕੋਚ ਉਤਪਾਦਨ ਮਟੀਰੀਅਲ ਦੀ ਕਮੀ ਨੂੰ ਲੈ ਕੇ ਆਪਣੇ ਸੰਘਰਸ਼ ਨੂੰ ਤੇਜ਼ ਕਰਦਿਆਂ ਰੇਲ ਡੱਬਾ ਕਾਰਖਾਨਾ (ਰੇਡਿਕਾ) ਕਪੂਰਥਲਾ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਰੇਡਿਕਾ ਦੇ ਵਰਕਸ਼ਾਪ ਗੇਟ ਸਾਹਮਣੇ ਇਕੱਤਰ ਵੱਡੀ ਗਿਣਤੀ 'ਚ ਰੇਲ ਕਰਮਚਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਰਾਜਬੀਰ ਸ਼ਰਮਾ, ਸੈਕਟਰੀ ਜਸਵੰਤ ਸਿੰਘ ਸੈਣੀ, ਤਾਲਿਬ ਮੁਹੰਮਦ, ਹਰੀ ਦੱਤ ਸ਼ਰਮਾ, ਰਜਿੰਦਰ ਸਿੰਘ, ਹਰਜੀਤ ਸਿੰਘ ਤੇ ਕੇ. ਪੀ. ਚੌਹਾਨ ਆਦਿ ਨੇ ਕਿਹਾ ਕਿ ਮਟੀਰੀਅਲ ਦੀ ਘਾਟ ਕਾਰਨ ਰੇਲ ਕਰਮਚਾਰੀ ਲਗਭਗ ਵਿਹਲੇ ਹਨ ਤੇ ਰੇਡਿਕਾ 'ਚ ਰੇਲ ਡੱਬਿਆਂ ਦਾ ਟੀਚਾ 150 ਕੋਚ ਪਿੱਛੇ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮਟੀਰੀਅਲ ਦੀ ਮੰਗ ਪੂਰੀ ਕਰਨ ਲਈ ਰੇਡਿਕਾ ਪ੍ਰਸ਼ਾਸਨ ਗੰਭੀਰ ਨਹੀਂ ਹੈ।
ਯੂਨੀਅਨ ਆਗੂ ਇੰਦਰਜੀਤ ਰੂਪੋਵਾਲੀ, ਨੀਰਜ ਕੁਮਾਰ, ਮਨਿੰਦਰ ਬੀਰ ਸਿੰਘ, ਪ੍ਰਭਜੀਤ ਚੀਮਾ, ਸੁਖਦੀਪ ਸਿੰਘ ਬਾਜਵਾ, ਨਵੀਨ ਸੈਣੀ, ਕ੍ਰਿਸ਼ਨ ਚੰਦ, ਸ਼ੇਰਪਾਲ ਤੇ ਸੰਦੀਪ ਕੁਮਾਰ ਆਦਿ ਨੇ ਕਿਹਾ ਕਿ ਰੇਲ ਡੱਬਾ ਉਤਪਾਦਨ ਲਈ ਲੋੜੀਂਦਾ ਮਟੀਰੀਅਲ ਉਪਲੱਬਧ ਨਾ ਕਰਵਾ ਕੇ ਰੇਡਿਕਾ ਪ੍ਰਸ਼ਾਸਨ ਰੇਲ ਡੱਬਿਆਂ ਦਾ ਨਿਰਮਾਣ ਕਾਰਜ ਤਾਂ ਪ੍ਰਭਾਵਿਤ ਕਰ ਹੀ ਰਿਹਾ ਹੈ , ਨਾਲ ਹੀ ਰੇਲ ਕਰਮਚਾਰੀਆਂ ਨੂੰ ਮਿਲਣ ਵਾਲੇ ਇੰਸੈਂਟਿਵ ਦਾ ਵੀ ਨੁਕਸਾਨ ਹੋ ਰਿਹਾ ਹੈ। ਜਿਸ ਨੂੰ ਮੈਨਜ਼ ਯੂਨੀਅਨ ਹਰਗਿਜ਼ ਬਰਦਾਸ਼ਤ ਨਹੀਂ ਕਰੇਗੀ ਤੇ ਆਉਣ ਵਾਲੇ ਦਿਨਾਂ 'ਚ ਮੈਨਜ਼ ਯੂਨੀਅਨ ਆਪਣੀ ਉਕਤ ਮੰਗ ਨੂੰ ਪੂਰਾ ਕਰਾਉਣ ਲਈ ਰੇਡਿਕਾ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਦਾ ਸਖ਼ਤ ਰੁੱਖ ਅਖਤਿਆਰ ਕਰਨ ਜਾ ਰਹੀ ਹੈ, ਜਿਸ ਦੌਰਾਨ ਵਾਪਰਨ ਵਾਲੀ ਹਰ ਅਣਸੁਖਾਵੀਂ ਘਟਨਾ ਲਈ ਰੇਡਿਕਾ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਰੋਸ ਪ੍ਰਦਰਸ਼ਨ ਦੌਰਾਨ ਜਸਵਿੰਦਰ ਸਿੰਘ, ਅਜਮੇਰ ਸਿੰਘ, ਕਸ਼ਮੀਰੀ ਲਾਲ, ਰਮੇਸ਼ ਚੰਦਰ, ਪਰਮਜੀਤ ਪਾਲ, ਅਨਿਲ ਚੌਹਾਨ, ਸੁਰਜੀਤ ਸਿੰਘ ਜੀਤਾ, ਤਰਸੇਮ ਗੋਇਲ, ਮਾਨ ਸਿੰਘ ਤੇ ਬਿੱਕਰ ਸਿੰਘ ਆਦਿ ਸਮੇਤ ਰੇਲ ਕਰਮੀਆਂ ਨੇ ਰੇਡਿਕਾ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।