ਸਰਕਾਰੀ ਹੁਕਮਾਂ ਦੇ ਬਾਵਜੂਦ ਵੀ ਬਿਨਾਂ ਰਜਿਸਟਰੇਸ਼ਨ ਦੇ ਕੰਮ ਕਰ ਰਹੇ ਹਨ ਕਈ ਟ੍ਰੈਵਲ ਏਜੰਟ

07/30/2017 1:00:32 PM


ਕਪੂਰਥਲਾ(ਗੌਰਵ)-ਸੂਬਾ ਸਰਕਾਰ ਵੱਲੋਂ ਟ੍ਰੈਵਲ ਏਜੰਟਾਂ ਦੀ ਆੜ 'ਚ ਕਬੂਤਰਬਾਜ਼ੀ ਦਾ ਧੰਦਾ ਕਰਕੇ ਮਾਸੂਮ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਦੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ। ਇਨ੍ਹਾਂ ਨੂੰ ਦੇਖਦੇ ਹੋਏੇ ਸਾਰੇ ਟ੍ਰੈਵਲ ਏਜੰਟਾਂ ਨੂੰ ਸਰਕਾਰੀ ਤੌਰ 'ਤੇ ਰਜਿਸਟਰੇਸ਼ਨ ਕਰਵਾਉਣ ਨੂੰ ਲੈ ਕੇ ਜਾਰੀ ਕੀਤੇ ਗਏ ਹੁਕਮਾਂ ਦੇ ਬਾਵਜੂਦ ਵੀ ਜ਼ਿਲੇ ਦੇ ਵੱਖ-ਵੱਖ ਖੇਤਰਾਂ 'ਚ ਅਜਿਹੇ ਕਈ ਟ੍ਰੈਵਲ ਏਜੰਟ ਕੰਮ ਕਰ ਰਹੇ ਹਨ, ਜਿਨ੍ਹਾਂ ਦੇ ਕੋਲ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਮਨਜ਼ੂਰੀ ਨਹੀਂ ਹੈ, ਹਾਲਾਂਕਿ ਅਜਿਹੇ ਗੈਰ ਮਨਜ਼ੂਰਸ਼ੁਦਾ ਟ੍ਰੈਵਲ ਏਜੰਟਾਂ ਖਿਲਾਫ ਸਰਕਾਰ ਵਲੋਂ ਸੂਬੇ ਭਰ 'ਚ ਵੱਡੇ ਪੱਧਰ 'ਤੇ ਕਾਰਵਾਈ ਕਰਨ ਦਾ ਐਲਾਨ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸੂਬੇ 'ਚ ਬੀਤੇ 10-15 ਸਾਲਾਂ ਤੋਂ ਫਰਜ਼ੀ ਕਬੂਤਰਬਾਜ਼ੀ ਦੀਆਂ ਲਗਾਤਾਰ ਵੱਧ ਰਹੀਆਂ ਗਤੀਵਿਧੀਆਂ ਕਾਰਨ ਠੱਗੀ ਦੇ ਅਨੇਕਾਂ ਮਾਮਲੇ ਸਾਹਮਣੇ ਆਉਣ ਦੇ ਬਾਵਜੂਦ ਵੀ ਅਜਿਹੇ ਮਾਮਲੇ ਲਗਾਤਾਰ ਵਧਣ ਦੇ ਕਾਰਨ ਪੰਜਾਬ ਸਰਕਾਰ ਨੇ ਟ੍ਰੈਵਲ ਏਜੰਟਾਂ ਦੇ ਕਾਰੋਬਾਰ ਲਈ ਰਜਿਸਟਰੇਸ਼ਨ ਕਰਵਾਉਣ ਨੂੰ ਲੈ ਕੇ ਵਿਸ਼ੇਸ਼ ਹੁਕਮ ਜਾਰੀ ਕਰਦੇ ਹੋਏ ਸਾਰੇ ਟ੍ਰੈਵਲ ਏਜੰਟਾਂ ਨੂੰ ਆਪਣੇ ਜ਼ਿਲੇ 'ਚ ਪੈਂਦੇ ਡੀ. ਸੀ. ਦਫਤਰਾਂ 'ਚ ਰਜਿਸਟਰੇਸ਼ਨ ਕਰਵਾਉਣ ਦੇ ਹੁਕਮ ਜਾਰੀ ਕੀਤੇ ਸਨ। ਇਨ੍ਹਾਂ ਹੁਕਮਾਂ ਨੂੰ ਕਿਸ ਤਰ੍ਹਾਂ ਨਾਲ ਅਮਲੀਜਾਮਾ ਪਾਇਆ ਗਿਆ ਹੈ, ਇਸ ਸਬੰਧੀ ਜਦੋਂ 'ਜਗ ਬਾਣੀ' ਨੇ ਜ਼ਿਲੇ 'ਚ ਆਪਣੇ ਤੌਰ 'ਤੇ ਪੜਤਾਲ ਕੀਤੀ ਤਾਂ ਫਿਲਹਾਲ ਨਿਰਾਸ਼ਾਜਨਕ ਤਸਵੀਰ ਦੇਖਣ ਨੂੰ ਮਿਲੀ। ਦੱਸਿਆ ਜਾਂਦਾ ਹੈ ਕਿ ਐੱਨ. ਆਰ. ਆਈ. ਦੇ ਗੜ੍ਹ ਜ਼ਿਲਾ ਕਪੂਰਥਲਾ ਦੇ ਵੱਖ-ਵੱਖ ਸ਼ਹਿਰੀ ਤੇ ਗ੍ਰਾਮੀਣ ਖੇਤਰਾਂ 'ਚ ਹੁਣ ਵੀ ਗਿਣੇ ਚੁਣੇ ਟ੍ਰੈਵਲ ਏਜੰਟਾਂ ਦੇ ਕੋਲ ਹੀ ਸਰਕਾਰੀ ਲਾਇਸੈਂਸ ਹਨ। ਸਰਕਾਰੀ ਹੁਕਮਾਂ ਦੇ ਬਾਵਜੂਦ ਵੀ ਵੱਡੀ ਗਿਣਤੀ 'ਚ ਅਜਿਹੇ ਫਰਜ਼ੀ ਟ੍ਰੈਵਲ ਏਜੰਟ ਜ਼ਿਲੇ 'ਚ ਕੰਮ ਕਰ ਰਹੇ ਹਨ, ਜਿਨ੍ਹਾਂ ਦੇ ਕੋਲ ਮੂਲ ਘਰ ਦਾ ਪਤਾ ਜ਼ਿਲਾ ਪ੍ਰਸ਼ਾਸਨ ਦੇ ਕੋਲ ਨਹੀਂ ਹੈ ਤੇ ਇਨ੍ਹਾਂ 'ਚੋਂ ਕਈ ਤਾਂ ਦੂਸਰੇ ਜ਼ਿਲੇ ਤੇ ਸੂਬਿਆਂ ਨਾਲ ਸਬੰਧਿਤ ਹਨ ਤੇ ਲਗਾਤਾਰ ਆਪਣੇ ਸੰਪਰਕਾਂ ਦੀ ਮਦਦ ਨਾਲ ਆਪਣੇ ਧੰਦੇ ਨੂੰ ਚਲਾ ਰਹੇ ਹਨ। ਗੌਰ ਹੈ ਕਿ ਇਸ ਤੋਂ ਪਹਿਲਾਂ ਵੀ ਜ਼ਿਲੇ 'ਚ ਅਜਿਹੇ ਕਈ ਫਰਜ਼ੀ ਟ੍ਰੈਵਲ ਏਜੰਟ ਕਰੋੜਾਂ ਰੁਪਏ ਦੀ ਠੱਗੀ ਕਰਕੇ ਫਰਾਰ ਹੋ ਚੁੱਕੇ ਹਨ, ਜਿਨ੍ਹਾਂ ਨੇ ਕੁਝ ਮਹੀਨਿਆਂ ਦੇ ਲਈ ਬਿਨਾਂ ਸਰਕਾਰੀ ਰਜਿਸਟਰੇਸ਼ਨ ਕਰਵਾਏ ਆਪਣੇ ਦਫਤਰ ਚਾਲੂ ਕੀਤੇ ਤੇ ਕਰੋੜਾਂ ਰੁਪਏ ਦੀ ਠੱਗੀ ਕਰਨ ਦੇ ਬਾਅਦ ਦਫਤਰ ਬੰਦ ਕਰ ਦਿੱਤੇ ਸਨ। ਫਿਲਹਾਲ ਪੰਜਾਬ ਸਰਕਾਰ ਦੇ ਹੁਕਮ ਠੰਡੇ ਬਸਤੇ 'ਚ ਪਏ ਨਜ਼ਰ ਆ ਰਹੇ ਹਨ। 

ਕੀ ਕਹਿੰਦੇ ਐੱਸ. ਐੱਸ. ਪੀ.
ਇਸ ਸਬੰਧ 'ਚ ਜਦੋਂ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਦੀ ਸੂਚਨਾ 'ਤੇ ਰਜਿਸਟਰੇਸ਼ਨ ਨਾ ਕਰਵਾਉਣ ਵਾਲੇ ਟ੍ਰੈਵਲ ਏਜੰਟਾਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਤੇ ਫਰਜ਼ੀ ਪਾਏ ਗਏ ਲੋਕਾਂ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ।