ਪੰਜਾਬ ਦੇ ਕਈ ਵੱਡੇ ਕਾਂਗਰਸੀ ਆਗੂ ਭਾਜਪਾ ਦੇ ਸੰਪਰਕ ’ਚ : ਸ਼ਵੇਤ ਮਲਿਕ

10/07/2019 9:34:52 PM

ਸ੍ਰੀ ਅਨੰਦਪੁਰ ਸਾਹਿਬ, (ਜ.ਬ.)-ਪੰਜਾਬ ਭਾਜਪਾ ਦੇ ਪ੍ਰਧਾਨ ਮੈਂਬਰ ਰਾਜ ਸਭਾ ਸ਼ਵੇਤ ਮਲਿਕ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਪੰਜਾਬ ਲਈ ਗ੍ਰਹਿਣ ਦੱਸਦਿਆਂ ਕਿਹਾ ਕਿ ਇਸ ਸਰਕਾਰ ਦੇ ਦਿਨ ਬਸ ਗਿਣਤੀ ਦੇ ਹੀ ਰਹਿ ਗਏ ਹਨ। ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇ ਸ਼ਵੇਤ ਮਲਿਕ ਨੇ ਕਿਹਾ ਕਿ ਕੈਪਟਨ ਵੱਲੋਂ ਚੋਣਾਂ ਤੋਂ ਪਹਿਲਾਂ ਸੂਬੇ ਦੇ ਲੋਕਾਂ ਨਾਲ ਜਿਹੜੇ ਚੋਣ ਵਾਅਦੇ ਕੀਤੇ ਗਏ ਸਰਕਾਰ ਬਣਦਿਆਂ ਹੀ ਕੈਪਟਨ ਨੂੰ ਭੁੱਲ ਗਏ ਹਨ।

ਉਨ੍ਹਾਂ ਕਿਹਾ ਕਿ ਕੈਪਟਨ ਦੇ ਰਾਜ ਅੰਦਰ ਰੇਤ ਮਾਫੀਏ ਨੇ ਲੋਕਾਂ ਦਾ ਜਿਊਣਾ ਮੁਸ਼ਕਿਲ ਕੀਤਾ ਹੋਇਆ ਹੈ ਅਤੇ ਸੂਬੇ ਅੰਦਰ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ। ਸ਼ਵੇਤ ਮਲਿਕ ਨੇ ਕਿਹਾ ਕਿ ਪੰਜਾਬ ਦੇ ਵੱਡੇ-ਵੱਡੇ ਕਾਂਗਰਸੀ ਲੀਡਰ ਭਾਜਪਾ ਦੇ ਸੰਪਰਕ ’ਚ ਹਨ। ਉਨ੍ਹਾਂ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲਣ ਦੇ ਕੇਂਦਰ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਇਸ ਨੂੰ ਸਿਆਸਤ ਨਾਲ ਨਾ ਜੋੜਨ ਦੀ ਵੀ ਗੱਲ ਕੀਤੀ। ਸ਼੍ਰੋਮਣੀ ਅਕਾਲੀ ਦਲ ਨਾਲ ਭਾਜਪਾ ਦੇ ਰਿਸ਼ਤਿਆਂ ’ਚ ਖਟਾਸ ਦੀਆਂ ਚੱਲ ਰਹੀਆਂ ਗੱਲਾਂ ਸਬੰਧੀ ਉਨ੍ਹਾਂ ਕਿਹਾ ਕਿ ਅਜਿਹਾ ਕੁਝ ਨਹੀਂ ਹੈ ਅਤੇ ਸਾਡਾ ਦੋਵਾਂ ਪਾਰਟੀਆਂ ਦਾ ਨਹੁੰ-ਮਾਸ ਵਾਲਾ ਰਿਸ਼ਤਾ ਬਰਕਰਾਰ ਹੈ। ਪੰਜਾਬ ਦਾ ਮੁੱਖ ਮੁੱਦਾ ਬਣ ਚੁੱਕੀ ਬੰਗਾ-ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ਸੜਕ ਦੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਪਿਛਲੀ ਸਰਕਾਰ ਦੌਰਾਨ ਰੱਖੇ ਨੀਂਹ ਪੱਥਰ ਸਬੰਧੀ ਉਨ੍ਹਾਂ ਕਿਹਾ ਕਿ ਇਸ ਸੜਕ ਦਾ ਕੰਮ ਬਹੁਤ ਜਲਦੀ ਸ਼ੁਰੂ ਕੀਤਾ ਜਾ ਰਿਹਾ ਹੈ।

ਇਸ ਮੌਕੇ ਉਨ੍ਹਾਂ ਨਾਲ ਸੰਗਠਨ ਮੰਤਰੀ ਦਿਨੇਸ਼, ਦਿਆਲ ਸਿੰਘ ਸੋਢੀ, ਜ਼ਿਲਾ ਭਾਜਪਾ ਦੇ ਪ੍ਰਧਾਨ ਜਤਿੰਦਰ ਸਿੰਘ ਅਠਵਾਲ, ਰਣਧੀਰ ਸ਼ਰਮਾ, ਈਸ਼ਵਰ ਚੰਦਰ ਸਰਧਾਨਾ, ਚੰਦਰ ਬਜਾਜ, ਰਾਜੇਸ਼ ਚੌਧਰੀ, ਕੇ.ਕੇ. ਬੇਦੀ, ਪ੍ਰਵੀਨ ਬਾਂਸਲ, ਹਰਮਿੰਦਰ ਪਾਲ ਸਿੰਘ ਵਾਲੀਆ, ਮੁਕੇਸ਼ ਨੱਢਾ, ਰਚਨਾ ਲਾਂਬਾ, ਦਿਨੇਸ਼ ਜੋਸ਼ੀ, ਨਰੇਸ਼ ਚਾਵਲਾ, ਪਰਮਿੰਦਰ ਸ਼ਰਮਾ, ਹੇਮੰਤ ਚੌਧਰੀ, ਸੰਜੀਵ ਕੁਮਾਰ, ਅਨਿਲ ਸ਼ਰਮਾ, ਨੀਲਮ ਕੌਰ, ਰਵਨੀਤ ਖੱਟਡ਼ਾ, ਰਜਿੰਦਰਪਾਲ ਸਿੰਘ, ਮਨੋਜ ਸ਼ਰਮਾ ਅਤੇ ਰਮਨ ਜਿੰਦਲ ਆਦਿ ਹਾਜ਼ਰ ਸਨ।

Arun chopra

This news is Content Editor Arun chopra