ਪਹਿਲੀ ਵਾਰ ਤਾਏ ਬਾਦਲ ਖਿਲਾਫ ਖੁੱਲ੍ਹ ਕੇ ਬੋਲੇ ਮਨਪ੍ਰੀਤ ਬਾਦਲ

01/30/2018 11:11:27 AM

ਲੁਧਿਆਣਾ (ਹਿਤੇਸ਼) : ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਅਕਾਲੀ ਦਲ ਦਾ ਸਾਥ ਛੱਡੇ ਭਾਵੇਂ 5 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਪਰ ਉਨ੍ਹਾਂ ਨੇ ਆਪਣੇ ਤਾਏ ਪ੍ਰਕਾਸ਼ ਸਿੰਘ ਬਾਦਲ ਖਿਲਾਫ ਸ਼ਾਇਦ ਪਹਿਲੀ ਵਾਰ ਖੁੱਲ੍ਹ ਕੇ ਬੋਲਿਆ ਹੈ। ਇਹ ਮੌਕਾ ਚਾਹੇ ਸੀ. ਐੱਮ. ਕੈਪਟਨ ਅਮਰਿੰਦਰ ਸਿੰਘ ਦੇ ਆਉਣ ਦਾ ਪ੍ਰੋਗਰਾਮ ਇਕਦਮ ਰੱਦ ਹੋਣ ਕਾਰਨ ਉਨ੍ਹਾਂ ਦੀ ਜਗ੍ਹਾ ਆ ਕੇ ਵਰਧਮਾਨ ਗਰੁੱਪ ਵਲੋਂ ਗਿਆਸਪੁਰਾ ਦੇ ਸਰਕਾਰੀ ਸਕੂਲ ਵਿਚ ਬਣਵਾਏ ਬਲਾਕ ਦਾ ਉਦਘਾਟਨ ਕਰਨ ਦਾ ਸੀ ਪਰ ਉਨ੍ਹਾਂ ਦੇ ਨਿਸ਼ਾਨੇ 'ਤੇ ਪੰਜਾਬ ਦੀ ਸੱਤਾ 'ਤੇ ਲੰਬੇ ਸਮੇਂ ਤਕ ਰਾਜ ਕਰਨ ਵਾਲਾ ਬਾਦਲ ਪਰਿਵਾਰ ਰਿਹਾ। ਮਨਪ੍ਰੀਤ ਨੇ ਇਥੋਂ ਤਕ ਟਿੱਪਣੀ ਕਰ ਦਿੱਤੀ ਕਿ ਜਿਸ ਆਗੂ ਨੂੰ ਇਕ ਵਾਰ ਬਾਦਲ ਸਾਹਿਬ ਨਕਾਰ ਦੇਣ, ਉਹ ਮੁੜ ਰਾਜਨੀਤੀ ਵਿਚ ਨਜ਼ਰ ਨਹੀਂ ਆਉਂਦਾ। ਇਸ ਦੇ ਲਈ ਉਨ੍ਹਾਂ ਨੇ ਜਗਦੇਵ ਸਿੰਘ ਤਲਵੰਡੀ, ਗੁਰਚਰਨ ਸਿੰਘ ਟੌਹੜਾ ਅਤੇ ਮਨਜੀਤ ਸਿੰਘ ਕਲਕੱਤਾ ਦੀ ਮਿਸਾਲ ਵੀ ਦਿੱਤੀ ਪਰ ਮੇਰੇ ਕਿਸੇ ਤਰ੍ਹਾਂ ਮੁੜ ਕਾਮਯਾਬ ਹੋਣ ਨਾਲ ਬਾਦਲ ਪਰਿਵਾਰ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ, ਜਿਸ ਕਾਰਨ ਬਾਦਲ ਪਰਿਵਾਰ ਦੇ ਮੈਂਬਰਾਂ ਵਲੋਂ ਹਰ ਗੱਲ ਦਾ ਠੀਕਰਾ ਉਨ੍ਹਾਂ 'ਤੇ ਭੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦਾ ਸਬੂਤ ਇਹ ਹੈ ਕਿ ਸਰਕਾਰ ਵਲੋਂ ਬਣਾਈ ਕਿਸਾਨਾਂ ਦੇ ਕਰਜ਼ ਮੁਆਫ ਕਰਨ ਜਾਂ ਟਿਊਬਵੈੱਲਾਂ 'ਤੇ ਮੀਟਰ ਲਾਉਣ ਸਬੰਧੀ ਯੋਜਨਾਵਾਂ 'ਚ ਖਾਮੀਆਂ ਕੱਢ ਕੇ ਉਨ੍ਹਾਂ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ, ਜੋ ਅਕਾਲੀ ਦਲ ਦੀ ਸਿਆਸੀ ਨਾਸਮਝੀ ਦਾ ਨਤੀਜਾ ਹੈ, ਜਿਨ੍ਹਾਂ ਨੇ ਲੋਕਾਂ ਦੀ ਰੋਜ਼ੀ-ਰੋਟੀ, ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਦੇ ਅਸਲੀ ਮੁੱਦਿਆਂ ਦਾ ਫਿਕਰ ਕਰਨ ਦੀ ਜਗ੍ਹਾ ਹਮੇਸ਼ਾ ਧਰਮ ਅਤੇ ਜਾਤੀ 'ਤੇ ਆਧਾਰਤ ਰਾਜਨੀਤੀ ਕੀਤੀ ਹੈ।
ਜਦੋਂ ਹਰਸਿਮਰਤ ਬਾਦਲ ਵਲੋਂ ਰਾਜ ਸਰਕਾਰ, ਖਾਸ ਕਰ ਕੇ ਵਿੱਤ ਮੰਤਰੀ 'ਤੇ ਸਹਿਯੋਗ ਨਾ ਦੇਣ ਕਾਰਨ ਏਮਜ਼ ਪੂਰਾ ਹੋਣ ਵਿਚ ਅੜਚਨ ਆਉਣ ਬਾਰੇ ਲਾਏ ਗਏ ਦੋਸ਼ਾਂ ਬਾਰੇ ਮਨਪ੍ਰੀਤ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਸਾਫ ਕਿਹਾ ਕਿ ਏਮਜ਼ ਲਈ ਰਾਜ ਸਰਕਾਰ ਨੇ ਸਿਰਫ ਜ਼ਮੀਨ ਦੇਣੀ ਹੈ, ਬਾਕੀ ਕਿਸੇ ਕੰਮ ਵਿਚ ਉਨ੍ਹਾਂ ਦਾ ਕੋਈ ਲੈਣ-ਦੇਣ ਨਹੀਂ ਹੈ, ਜਿਸ ਦੇ ਬਾਵਜੂਦ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮੇਰੇ ਪ੍ਰਤੀ ਹਰਸਿਮਰਤ ਦੀ ਨਾਰਾਜ਼ਗੀ ਇਸ ਗੱਲ ਨੂੰ ਲੈ ਕੇ ਹੈ ਕਿ ਜਦੋਂ ਸੀ. ਐੱਮ. ਅਤੇ ਡਿਪਟੀ ਸੀ. ਐੱਮ. ਘਰ ਦੇ ਹੋਣ ਦੇ ਬਾਵਜੂਦ ਬਠਿੰਡਾ ਲੋਕ ਸਭਾ ਚੋਣਾਂ 'ਚ ਉਹ ਮੇਰੇ ਮੁਕਾਬਲੇ ਸਿਰਫ 19 ਹਜ਼ਾਰ ਵੋਟਾਂ ਤੋਂ ਜਿੱਤੀ ਸੀ, ਜਿਸ ਦੇ ਲਈ ਵੋਟਾਂ ਖਰੀਦਣ ਲਈ 100 ਕਰੋੜ ਖਰਚ ਕਰਨ ਦਾ ਦੋਸ਼ ਵੀ ਮਨਪ੍ਰੀਤ ਨੇ ਬਾਦਲ ਪਰਿਵਾਰ 'ਤੇ ਲਾ ਦਿੱਤਾ। ਹੁਣ ਫਿਰ ਬਾਦਲ ਪਰਿਵਾਰ ਨੂੰ ਡਰ ਹੈ ਕਿ ਕਿਤੇ ਉਨ੍ਹਾਂ ਦੀ ਵਜ੍ਹਾ ਨਾਲ ਬਠਿੰਡਾ 'ਚ ਬੇੜੀ ਨਾ ਡੁੱਬ ਜਾਵੇ।