ਪੰਜਾਬ ਸਰਕਾਰ ਕਰਜ਼ਾ ਚੁੱਕ ਕੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ''ਚ ਜੁੱਟੀ : ਮਨਪ੍ਰੀਤ ਬਾਦਲ

09/14/2017 1:39:24 PM

ਚੰਡੀਗੜ੍ਹ : ਪੰਜਾਬ ਸਰਕਾਰ ਆਪਣੀ ਔਕਾਤ ਅਤੇ ਹੈਸੀਅਤ ਤੋਂ ਜ਼ਿਆਦਾ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਕੋਸ਼ਿਸ਼ 'ਚ ਲੱਗੀ ਹੋਈ ਹੈ। ਇਹ ਕਹਿਣਾ ਹੈ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ, ਜੋ ਚੰਡੀਗੜ੍ਹ 'ਚ ਨੈਸ਼ਨਲ ਸੈਮੀਨਾਰ ਆਨ ਐਗਰੀ ਬਿਜ਼ਨੈੱਸ ਪੋਟੈਂਸ਼ੀਅਲ ਆਫ ਪੰਜਾਬ ਸਟੇਟ ਨਾਂ ਦੇ 2 ਦਿਨਾ ਸੈਮੀਨਾਰ 'ਚ ਮੁੱਖ ਬੁਲਾਰੇ ਵਜੋਂ ਪੁੱਜੇ ਸਨ। ਇਸ ਸੈਮੀਨਾਰ 'ਚ ਪੰਜਾਬ ਦੇ ਕਿਸਾਨਾਂ ਦੀਆਂ ਸਮੱਸਿਆਵਾਂ 'ਤੇ ਵਿਚਾਰ ਕੀਤਾ ਗਿਆ ਅਤੇ ਰਵਾਇਤੀ ਫਸਲਾਂ ਨੂੰ ਛੱਡ ਕੇ ਡਾਈਵਰਸੀਫਿਕੇਸ਼ਨ ਵਲ ਜਾਣ 'ਤੇ ਵਿਚਾਰ ਕੀਤਾ ਗਿਆ। ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ 'ਚ ਟੈਕਸ ਬਹੁਤ ਜ਼ਿਆਦਾ ਸਨ ਅਤੇ ਹੁਣ ਜੀ. ਐੱਸ. ਟੀ. ਆਉਣ ਨਾਲ ਸਾਰੇ ਟੈਕਸ ਇੱਕੋ ਜਿਹੇ ਹੋ ਗਏ ਹਨ। ਇਸ ਦਾ ਫਾਇਦਾ ਅੱਗੇ ਹੋਣ ਵਾਲਾ ਹੈ। ਫੂਡ ਪ੍ਰੋਸੈਸਿੰਗ ਯੂਨਿਟਸ ਲਈ ਪੰਜਾਬ ਦਾ ਮਾਹੌਲ ਬਹੁਤ ਉਚਿਤ ਹੈ। ਮੱਕੀ ਦੀ ਫਸਲ ਨਾਲ ਅਸੀਂ ਇਥੇਨਾਲ ਬਣਾ ਸਕਦੇ ਹਾਂ, ਜੋ ਪੈਟਰੋਲ ਦੇ ਨਾਲ ਕੰਮ ਆ ਸਕਦਾ ਹੈ ਪਰ ਇਸ ਦੇ ਲਈ ਐੱਸ. ਐੱਸ. ਪੀ. ਕੇਂਦਰ ਸਰਕਾਰ ਜੇਕਰ ਫਿਕਸ ਕਰਦੀ ਹੈ ਤਾਂ ਹੀ ਅਜਿਹਾ ਹੋ ਸਕੇਗਾ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਕਰਜ਼ਾ ਚੁੱਕ ਕੇ ਕਿਸਾਨਾਂ ਦਾ ਕਰਜ਼ਾ ਮਾਫ ਕਰ ਰਹੀ ਹੈ। ਆਉਣ ਵਾਲੀਆਂ ਵਿਧਾਨ ਸਭਾ ਸੈਸ਼ਨ 'ਚ ਵੱਡੇ ਕਿਸਾਨਾਂ ਦੀਆਂ ਮੁਸ਼ਕਲਾਂ ਬਾਰੇ ਵੀ ਕਈ ਮਹੱਤਵਪੂਰਨ ਫੈਸਲੇ ਲਏ ਜਾਣਗੇ।