ਮਨਪ੍ਰੀਤ ਬਾਦਲ ਦਾ ਖੁਲਾਸਾ, ਪੰਜਾਬ ਸਰਕਾਰ ਲੋਕਾਂ ਲਈ ਲਿਆਉਣ ਜਾ ਰਹੀ ਹੈ ਇਹ ਨਵੀਂ ਸਕੀਮ

07/17/2017 7:28:51 PM

ਬਠਿੰਡਾ (ਬਲਵਿੰਦਰ) : ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਥੇ ਖੁਲਾਸਾ ਕੀਤਾ ਕਿ ਪੰਜਾਬ ਸਰਕਾਰ ਆਟਾ-ਦਾਲ ਸਕੀਮ ਦੀ ਥਾਂ ਹੁਣ 'ਸਮਾਰਟ ਕਾਰਡ' ਸਕੀਮ ਚਲਾ ਰਹੀ ਹੈ, ਜੋ ਸਿਰਫ ਔਰਤਾਂ ਦੇ ਨਾਂ 'ਤੇ ਹੀ ਬਣ ਸਕੇਗਾ। ਇਸ ਨੂੰ ਜਾਰੀ ਕਰਨ ਦਾ ਕੰਮ ਜ਼ੋਰਾਂ 'ਤੇ ਹੈ। ਉਹ ਇਥੇ ਕਾਂਗਰਸੀ ਆਗੂ ਪਵਨ ਮਾਨੀ ਦੇ ਘਰ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ।
ਬਾਦਲ ਨੇ ਕਿਹਾ ਕਿ ਆਟਾ-ਦਾਲ ਸਕੀਮ 'ਚ ਹੋਰ ਵਾਧਾ ਕਰਦਿਆਂ ਚਾਹ-ਪੱਤੀ, ਚੀਨੀ ਆਦਿ ਵਸਤਾਂ ਦੇਣ ਦਾ ਵਾਅਦਾ ਵੀ ਕੀਤਾ ਸੀ ਪਰ ਇਸ 'ਚ ਥੋੜ੍ਹਾ ਜਿਹਾ ਬਦਲਾਅ ਕੀਤਾ ਹੈ ਕਿਉਂਕਿ ਉਕਤ ਵਸਤਾਂ ਵੰਡਣ ਦਾ ਬਹੁਤ ਜ਼ਿਆਦਾ ਝੰਜਟ ਹੈ ਤੇ ਘਪਲੇਬਾਜ਼ੀ ਦਾ ਡਰ ਵੀ ਰਹਿੰਦਾ ਹੈ ਜਿਸ ਕਾਰਨ ਸਰਕਾਰ ਦੀ ਪੂਰੀ ਸਕੀਮ ਹੱਕੀ ਲੋਕਾਂ ਤੱਕ ਨਹੀਂ ਪਹੁੰਚਦੀ ਅਤੇ ਵਿਚਲੋਈਏ ਹੀ ਮੋਟੀਆਂ ਕਮਾਈਆਂ ਕਰ ਜਾਂਦੇ ਹਨ। ਇਸ ਲਈ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਕੋਈ ਵੀ ਵਸਤੂ ਵੰਡਣ ਦੀ ਬਜਾਏ ਹਰੇਕ ਪਰਿਵਾਰ ਨੂੰ ਇਕ ਸਮਾਰਟ ਕਾਰਡ ਦਿੱਤਾ ਜਾਵੇ, ਜੋ ਇਕ ਬੈਂਕ ਖਾਤੇ ਨਾਲ ਜੁੜਿਆ ਹੋਵੇਗਾ। ਇਸ ਖਾਤੇ 'ਚ ਸਰਕਾਰ ਵੱਲੋਂ ਬਣਦੀ ਰਕਮ ਟਰਾਂਸਫਰ ਕੀਤੀ ਜਾਵੇਗੀ, ਜੋ ਕਿ ਇਕ ਸਾਲ ਵਿਚ ਦੋ ਵਾਰ ਆਵੇਗੀ। ਇਹ ਰਕਮ ਹਰੇਕ ਪਰਿਵਾਰ ਦੇ ਜੀਆਂ ਦੇ ਹਿਸਾਬ ਨਾਲ ਉਕਤ ਵਸਤਾਂ ਦੇ ਮੁੱਲ ਦੇ ਬਰਾਬਰ ਹੋਵੇਗੀ। ਫਿਰ ਉਹ ਪਰਿਵਾਰ ਇਨ੍ਹਾਂ ਪੈਸਿਆਂ ਨਾਲ ਕਿਸੇ ਵੀ ਦੁਕਾਨ ਤੋਂ ਆਪਣੀ ਮਨਮਰਜ਼ੀ ਨਾਲ ਰਾਸ਼ਨ ਖਰੀਦ ਸਕਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਮੈਨੀਫੈਸਟੋ 'ਚ 428 ਵਾਅਦੇ ਕੀਤੇ ਸਨ, ਜਿਨ੍ਹਾਂ 'ਚੋਂ 240 ਪੂਰੇ ਹੋ ਚੁੱਕੇ ਹਨ। ਬਾਕੀ ਵਾਅਦਿਆਂ ਖਾਤਰ ਵੀ ਫੰਡ ਇਕੱਤਰ ਕੀਤੇ ਜਾ ਰਹੇ ਹਨ।   ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਗਏ ਹਨ, ਇਸ ਦੇ ਬਾਵਜੂਦ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦਾ ਸਿਲਸਿਲਾ ਉਵੇਂ ਹੀ ਜਾਰੀ ਹੈ, ਬਾਰੇ ਉਨ੍ਹਾਂ ਕਿਹਾ ਕਿ ਇਹ ਬਹੁਤ ਦੁਖਦਾਈ ਹੈ। ਸਰਕਾਰ ਚਾਹੁੰਦੀ ਹੈ ਕਿ ਖੁਦ ਕਰਜ਼ਾ ਲੈ ਕੇ ਕਿਸਾਨਾਂ ਨੂੰ ਕਰਜ਼ਾ ਮੁਕਤ ਕੀਤਾ ਜਾਵੇ। ਇਸ ਸੋਚ 'ਤੇ ਵਿਚਾਰ ਕੀਤਾ ਜਾ ਰਿਹਾ ਹੈ, ਬਲਕਿ ਸੰਬੰਧਿਤ ਧਿਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਵੀ ਜਾਰੀ ਹੈ। ਫਿਲਹਾਲ ਘੋਸ਼ਿਤ ਸਰਕਾਰ ਦੀ ਕਰਜ਼ਾ ਮੁਆਫੀ ਸਕੀਮ ਤਹਿਤ 10 ਲੱਖ ਕਿਸਾਨ ਪਰਿਵਾਰਾਂ ਨੂੰ ਰਾਹਤ ਦਿੱਤੀ ਜਾ ਰਹੀ ਹੈ, ਜਿਸ ਵਾਸਤੇ ਕਈ ਟੀਮਾਂ ਤੇਜ਼ੀ ਨਾਲ ਕੰਮ ਕਰ ਰਹੀਆਂ ਹਨ। ਜਲਦੀ ਹੀ ਸੰਬੰਧਿਤ ਕਿਸਾਨਾਂ ਨੂੰ ਨੋਟਿਸ ਭੇਜ ਦਿੱਤੇ ਜਾਣਗੇ। ਇਸ ਮੌਕੇ ਕਾਂਗਰਸੀ ਆਗੂ ਪਵਨ ਮਾਨੀ, ਅਰੁਣ ਵਧਾਵਨ, ਬਬਲੀ ਕੋਟਫੱਤਾ, ਮਨੋਹਰ ਲਾਲ ਬਾਂਸਲ, ਮੰਗਤ ਰਾਮ ਬਾਂਸਲ ਸਾਬਕਾ ਵਿਧਾਇਕ, ਗੁਰਜੰਟ ਸਿੰਘ ਕੁੱਤੀਵਾਲ ਸਾਬਕਾ ਵਿਧਾਇਕ, ਮਨਦੀਪ ਝੁੰਬਾ ਆਦਿ ਕਾਂਗਰਸੀ ਆਗੂ ਮੌਜੂਦ ਸਨ।
ਬਾਦਲ ਪਰਿਵਾਰ ਨੂੰ ਕੁਝ ਨਹੀਂ ਕਹਾਂਗਾ : ਮਨਪ੍ਰੀਤ ਬਾਦਲ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਯਾਨੀ ਕਿ ਬਾਦਲ ਪਰਿਵਾਰ ਵੱਲੋਂ ਬਹੁਤ ਸਾਰੀ ਬੇਨਾਮੀ ਸੰਪਤੀ ਬਣਾਉਣ ਦੀਆਂ ਚਰਚਾਵਾਂ ਹਨ, ਕੀ ਇਨ੍ਹਾਂ ਵਿਰੁੱਧ ਕੋਈ ਕਾਰਵਾਈ ਹੋਵੇਗੀ, ਬਾਰੇ ਮਨਪ੍ਰੀਤ ਸਿੰਘ ਬਾਦਲ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਵਿਅਕਤੀ ਵਿਸ਼ੇਸ਼ ਵਿਰੁੱਧ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰਨਗੇ ਕਿਉਂਕਿ ਵਿੱਤ ਮੰਤਰੀ ਦਾ ਅਹੁਦਾ ਨਿੱਜੀ ਰੰਜਿਸ਼ਾਂ ਕੱਢਣ ਲਈ ਨਹੀਂ ਹੈ, ਸਗੋਂ ਕਾਨੂੰਨੀ ਦਾਇਰੇ 'ਚ ਰਹਿ ਕੇ ਕੰਮ ਕਰਨ ਲਈ ਹੈ। ਪਿਛਲੇ 10 ਸਾਲਾਂ 'ਚ ਬਹੁਤ ਸਾਰੇ ਵਿਭਾਗਾਂ 'ਚ ਘਪਲੇ ਹੋਏ ਹਨ, ਜਿਨ੍ਹਾਂ ਦੀ ਜਾਂਚ ਆਰੰਭ ਦਿੱਤੀ ਗਈ ਹੈ। ਜੇਕਰ ਉਕਤ ਪਰਿਵਾਰ ਦਾ ਨਾਂ ਕਿਸੇ ਘਪਲੇ 'ਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਜ਼ਰੂਰ ਕੀਤੀ ਜਾਵੇਗੀ।