ਮੋਹਾਲੀ ''ਚ ਅਗਲੇ ਸਾਲ ਸ਼ੁਰੂ ਹੋਵੇਗਾ ਮੈਡੀਕਲ ਕਾਲਜ : ਮਨਪ੍ਰੀਤ ਬਾਦਲ

07/20/2019 12:01:25 AM

ਚੰਡੀਗੜ੍ਹ,(ਪਾਲ) : ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਰਾਜ ਸਰਕਾਰ ਨੇ ਅਗਲੇ ਸਾਲ ਮੁਹਾਲੀ ਵਿੱਚ ਮੈਡੀਕਲ ਕਾਲਜ ਸ਼ਰੂ ਕਰਨ ਦਾ ਫੈਸਲਾ ਕੀਤਾ ਹੈ। ਜਿਸਦੇ ਲਈ ਵਿੱਤ ਵਿਭਾਗ ਵਲੋਂ ਸਾਰੀਆਂ ਮਨਜੂਰੀਆਂ ਪੂਰੀ ਕਰ ਦਿੱਤੀਆਂ ਗਈਆਂ ਹਨ। ਮਨਪ੍ਰੀਤ ਸਿੰਘ ਬਾਦਲ ਸ਼ੁਕਰਵਾਰ ਨੂੰ ਚੰਡੀਗੜ ਦੇ ਸੈਕਟਰ-22 ਵਿਖੇ ਕਰੀਬ 25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਆਧੁਨਿਕ ਸਹੂਲਤਾਂ ਤੋਂ ਲੈਸ ਮੈਡੀਕੋਜ਼ ਸੈਂਟਰ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨ ਮਗਰੋਂ ਇਥੇ ਮੌਜੂਦ ਡਾਕਟਰਾਂ, ਮੈਡੀਕਲ ਅਤੈ ਪੈਰਾ ਮੈਡੀਕਲ ਸਟਾਫ ਅਤੇ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਨਵੀਂ ਇਮਾਰਤ ਵਿੱਚ ਹਰ ਸਾਲ ਦੋ ਲੱਖ ਤੋਂ ਵੱਧ ਲੋਕਾਂ ਦੇ ਟੈਸਟ ਅਤੇ ਜਾਂਚ ਕਰਨ ਦੀ ਸਮਰਥਾ ਹੈ। ਇਸ ਮੌਕੇ ਤੇ ਮਨਪ੍ਰੀਤ ਬਾਦਲ ਨੇ ਦੋ ਦਿਨ ਤੱਕ ਚਲੱਣ ਵਾਲੇ ਮੁਫਤ ਮੈਡੀਕਲ ਜਾਂਚ ਕੈਂਪ ਦਾ ਵੀ ਉਦਘਾਟਨ ਕੀਤਾ।

ਮਨਪ੍ਰੀਤ ਬਾਦਲ ਨੇ ਕਿਹਾ ਕਿ ਮੁਹਾਲੀ ਮੈਡੀਕਲ ਕਾਲਜ ਵਿੱਚ ਅਗਲੇ ਸਾਲ ਤੋਂ ਕਲਾਸਾਂ ਚਾਲੂ ਕਰਨ ਦੀ ਤਿਆਰੀ ਹੋ ਚੁੱਕੀ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਆਯੂਸ਼ਮਾਨ ਭਾਰਤ ਯੋਜਨਾ ਦਾ ਵਿਸਥਾਰ ਕਰਦੇ ਹੋਏ ਨਵੇਂ ਰੂਪ ਵਿੱਚ ਛੇਤੀ ਹੀ ਲਾਗੂ ਕੀਤਾ ਜਾਵੇਗਾ, ਜਿਸ ਨਾਲ ਲੱਖਾਂ ਪੰਜਾਬੀਆਂ ਨੂੰ ਲਾਭ ਮਿਲੇਗਾ।
ਇਸ ਮੌਕੇ ਤੇ ਬੋਲਦਿਆਂ ਮੈਡੀਕੋਜ਼ ਸੈਂਟਰ ਦੇ ਡਿਪਟੀ ਡਾਈਰੈਕਟਰ ਹਰਨੀਤ ਸਿੰਘ ਅਤੇ ਫਾਂਉਡਰ ਡਾਕਟਰ ਗੁਰਵਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਜੀਵਨਸ਼ੈਲੀ ਅਤੇ ਖਾਣਪੀਣ ਦੀਆਂ ਆਦਤਾਂ ਕਾਰਨ ਅੱਜ ਹਰ ਇੱਕ ਵਿਅਕਤੀ ਕਿਸੇ ਨਾ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਰਿਹਾ ਹੈ। ਅਜਿਹੇ ਵਿੱਚ ਲੋਕਾਂ ਨੂੰ ਸਾਲ ਵਿੱਚ ਘੱਟ ਤੋਂ ਘੱਟ ਇੱਕ ਵਾਰ ਟੈਸਟ ਜਰੂਰ ਕਰਵਾਉਣੇ ਚਾਹੀਦੇ ਹਨ ਅਤੇ ਜਿਹੜੇ ਵਿਅਕਤੀ ਪੰਜਾਹ ਸਾਲ ਉਮਰ ਪੂਰੀ ਕਰ ਚੁੱਕੇ ਹਨ ਉਨਾਂ ਨੂੰ ਸਾਲ ਵਿੱਚ ਦੋ ਵਾਰ ਟੈਸਟ ਕਰਵਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮੈਡੀਕੋਜ਼ ਸੈਂਟਰ ਦੀ ਪੁਰਾਣੀ ਇਮਾਰਤ ਵਿੱਚ ਜਿਥੇ ਹਰ ਸਾਲ ਇੱਕ ਲੱਖ ਦੇ ਕਰੀਬ ਰੋਗੀਆਂ ਦੀ ਜਾਂਚ ਅਤੇ ਟੈਸਟ ਆਦਿ ਕੀਤੇ ਜਾਂਦੇ ਸਨ, ਉਥੇ ਹੀ 25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਸ ਇਮਾਰਤ ਵਿੱਚ ਕਈ ਆਧੁਨਿਕ ਮਸ਼ੀਨਾਂ ਲਗਾਈਆਂ ਗਈਆਂ ਹਨ। ਇਥੇ ਸਲਾਨਾਂ ਦੋ ਲੱਖ ਦੇ ਕਰੀਬ ਲੋਕਾਂ ਦੇ ਟੈਸਟ ਕਰਵਾਏ ਜਾਣ ਦੀ ਸਮਰਥਾ ਹੈ। ਭਵਿੱਖ ਵਿੱਖ ਮੈਡੀਕੋਜ਼ ਸੈਂਟਰ ਦੀ ਚੰਡੀਗੜ੍ਹ ਨੇੜਲੇ ਸ਼ਹਿਰਾਂ ਵਿੱਚ ਵਿਸਥਾਰ ਕੀਤਾ ਜਾਵੇਗਾ।