ਅਕਾਲੀ ਦਲ ’ਚ ਫਿਰ ਉੱਠੀ ਬਗਾਵਤ, ਮਨਪ੍ਰੀਤ ਇਯਾਲੀ ਨੇ ਦਰੋਪਦੀ ਮੁਰਮੂ ਨੂੰ ਵੋਟ ਕਰਨ ਤੋਂ ਕੀਤਾ ਇਨਕਾਰ

07/18/2022 6:26:19 PM

ਲੁਧਿਆਣਾ (ਵੈੱਬ ਡੈਸਕ) : ਵਿਧਾਨ ਸਭਾ ਹਲਕਾ ਦਾਖਾ ਤੋਂ ਅਕਾਲੀ ਦਲ ਦੇ ਵਿਧਾਇਕ ਅਤੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਯਾਲੀ ਨੇ ਰਾਸ਼ਟਰਪਤੀ ਚੋਣਾਂ ਦੇ ਬਾਇਕਾਟ ਦਾ ਐਲਾਨ ਕੀਤਾ ਹੈ। ਮਨਪ੍ਰੀਤ ਇਯਾਲੀ ਦੇ ਇਸ ਫ਼ੈਸਲੇ ਨੂੰ ਅਕਾਲੀ ਦਲ ਵਿਚ ਇਕ ਵਾਰ ਫਿਰ ਬਗਾਵਤ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਸ਼ਟਰਪਤੀ ਚੋਣਾਂ ਵਿਚ ਐੱਨ. ਡੀ. ਏ. ਉਮੀਦਵਾਰ ਦ੍ਰੋਪਦੀ ਮੁਰਮੂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਸੀ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਸਖ਼ਤ ਕਦਮ, ਟ੍ਰੈਫਿਕ ਨਿਯਮ ਤੋੜਨ ’ਤੇ ਹੋਵੇਗੀ ਵੱਡੀ ਕਾਰਵਾਈ, ਦੁੱਗਣਾ ਕੀਤਾ ਜੁਰਮਾਨਾ

ਪਾਰਟੀ ਲੀਡਰਸ਼ਿਪ ’ਤੇ ਸਵਾਲ ਚੁੱਕਦਿਆਂ ਮਨਪ੍ਰੀਤ ਇਯਾਲੀ ਨੇ ਕਿਹਾ ਕਿ ਪਾਰਟੀ ਨੇ ਐੱਨ. ਡੀ. ਏ. ਨੂੰ ਸਮਰਥਨ ਦੇਣ ਤੋਂ ਪਹਿਲਾਂ ਉਨ੍ਹਾਂ ਨਾਲ ਇਕ ਵਾਰ ਵੀ ਸਲਾਹ ਮਸ਼ਵਰਾ ਨਹੀਂ ਕੀਤਾ। ਮਨਪ੍ਰੀਤ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਆਉਣ ਤੋਂ ਬਾਅਦ ਵੀ ਸਾਡੇ ਮਸਲੇ ਹੱਲ ਨਹੀਂ ਹੋਏ, ਜਿਸ ਕਾਰਨ ਸਾਡੀ ਲੀਡਰਸ਼ਿਪ (ਅਕਾਲੀ ਦਲ) ਵੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੱਤਾ ਵਿਚ ਕਾਂਗਰਸ ਨੇ ਲੰਬਾ ਸਮਾਂ ਰਾਜ ਕੀਤਾ ਹੈ ਪਰ ਪੰਜਾਬ ਨਾਲ ਹਮੇਸ਼ਾ ਵਿਤਕਰਾ ਹੁੰਦਾ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਸਿੱਖ ਕੌਮ ਨੇ ਦੇਸ਼ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ। ਦੇਸ਼ ਦੀ ਆਜ਼ਾਦੀ ਵਿਚ 80 ਫੀਸਦੀ ਕੁਰਬਾਨੀਆਂ ਪੰਜਾਬੀਆਂ ਨੇ ਸਿੱਖ ਕੌਮ ਨੇ ਦਿੱਤੀਆਂ ਹਨ। ਕਾਂਗਰਸ ਤੋਂ ਸਾਨੂੰ ਕੋਈ ਉਮੀਦ ਨਹੀਂ ਸੀ ਪਰ ਭਾਜਪਾ ਨੇ ਵੀ ਪੰਜਾਬ ਨਾਲ ਵਿਤਕਰਾ ਹੀ ਕੀਤਾ। 

ਇਹ ਵੀ ਪੜ੍ਹੋ : ਮੋਬਾਇਲ ਦੀ ਜ਼ਿਆਦਾ ਵਰਤੋਂ ਕਰਨ ਵਾਲੇ ਸਾਵਧਾਨ, ਹੈਰਾਨ ਕਰ ਦੇਵੇਗੀ ਲੁਧਿਆਣਾ ਦੇ ਮੁੰਡਿਆਂ ਨਾਲ ਵਾਪਰੀ ਅਣਹੋਣੀ

ਮਨਪ੍ਰੀਤ ਨੇ ਕਿਹਾ ਕਿ ਵੰਡ ਸਮੇਂ ਪੰਜਾਬ ਨੂੰ ਪੰਜਾਬੀ ਬੋਲਦੇ ਇਲਾਕੇ ਨਹੀਂ ਦਿੱਤੇ ਗਏ। ਚੰਡੀਗੜ੍ਹ ’ਤੇ ਪੰਜਾਬ ਦਾ ਹੱਕ ਹੈ ਪਰ ਅੱਜ ਤੱਕ ਪੰਜਾਬ ਨੂੰ ਨਹੀਂ ਦਿੱਤਾ ਗਿਆ। ਪੰਜਾਬ ਦੇ ਪਾਣੀ ਦੇ ਮਸਲੇ ਹੱਲ ਨਹੀਂ ਕੀਤੇ ਗਏ। ਜ਼ਬਰਨ ਐੱਸ. ਵਾਈ. ਐੱਲ. ਨਹਿਰ ਕੱਢਣ ਦੀ ਸ਼ੁਰੂਆਤ ਹੋਈ। ਸਿੱਖਾ ਦੇ ਕਤਲੇਆਮ ਅਤੇ ਦਰਬਾਰ ਸਾਹਿਬ ’ਤੇ ਹਮਲਾ ਕਾਂਗਰਸ ਨੇ ਕਰਵਾਇਆ। ਲਿਹਾਜ਼ਾ ਕਾਂਗਰਸ ਤੋਂ ਕੋਈ ਉਮੀਦ ਨਹੀਂ ਸੀ ਪਰ ਭਾਜਪਾ ਨੇ ਵੀ ਉਮੀਦਾਂ ’ਤੇ ਪਾਣੀ ਫੇਰ ਦਿੱਤਾ। 

ਭਾਜਪਾ ਸਰਕਾਰ ’ਚ ਖੋਹਿਆ ਜਾ ਰਿਹਾ ਪੰਜਾਬ ਦਾ ਹੱਕ

ਅਕਾਲੀ ਵਿਧਾਇਕ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਿਚ ਪੰਜਾਬ ਦੇ ਹੱਕ ਖੋਹੇ ਜਾ ਰਹੇ ਹਨ। ਹਰਿਆਣਾ ਨੂੰ ਚੰਡੀਗੜ੍ਹ ਵਿਚ ਵਿਧਾਨ ਸਭਾ ਲਈ ਜ਼ਮੀਨ ਦੇਣ, ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਣ, ਬੀ. ਬੀ. ਐੱਮ. ਬੀ. ਦਾ ਮਸਲਾ, ਬੰਦੀ ਸਿੱਖਾਂ ਦੀ ਰਿਹਾਈ ਅਤੇ ਚੰਡੀਗੜ੍ਹ ਵਿਚ ਕੇਂਦਰੀ ਨਿਯਮ ਲਾਗੂ ਕਰਨ ਵਰਗੇ ਕਈ ਮਾਮਲਿਆਂ ਵਿਚ ਪੰਜਾਬ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੇ ਐੱਸ.ਵਾਈ.ਐੱਲ. ਅਤੇ ਰਿਹਾਈ ਵਰਗੇ ਗੀਤਾਂ ਨੂੰ ਵੀ ਧੱਕੇ ਨਾਲ ਬੈਨ ਕੀਤਾ ਗਿਆ। ਲਿਹਾਜ਼ਾ ਉਨ੍ਹਾਂ ਨੇ ਬੁੱਧੀਜੀਵੀਆਂ, ਆਪਣੇ ਹਲਕੇ ਦੇ ਵੋਟਰਾਂ ਨਾਲ ਮਸ਼ਵਰੇ ਤੋਂ ਬਾਅਦ ਰਾਸ਼ਟਰਪਤੀ ਚੋਣ ਦੇ ਬਾਇਕਾਟ ਦਾ ਫੈਸਲਾ ਲਿਆ ਹੈ। 

ਇਹ ਵੀ ਪੜ੍ਹੋ : ਪਤਨੀ ਨਾਲ ਸਹੁਰੇ ਘਰ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ, ਖੜ੍ਹ-ਖੜ੍ਹ ਤੱਕਦੇ ਰਹੇ ਲੋਕ

ਝੂੰਦਾ ਰਿਪੋਰਟ ਲਾਗੂ ਕਰਨ ਦੀ ਲੋੜ 

ਇਸ ਤੋਂ ਇਲਾਵਾ ਮਨਪ੍ਰੀਤ ਨੇ ਅਸਿੱਧੇ ਤੌਰ ’ਤੇ ਪਾਰਟੀ ਲੀਡਰਸ਼ਿਪ ਵਿਚ ਤਬਦੀਲੀ ਕਰਨ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਕਾਲੀ ਦਲ ਤੋਂ ਵੱਡੀਆਂ ਉਮੀਦਾਂ ਹਨ ਪਰ ਅੱਜ ਅਕਾਲੀ ਦਲ ਦੀ ਹਾਲਾਤ ਬਹੁਤ ਮਾੜੀ ਹੋ ਚੁੱਕੀ ਹੈ। ਅਕਾਲੀ ਦਲ ਸਿਰਫ ਤਿੰਨ ਸੀਟਾਂ ’ਤੇ ਸੁੰਗੜ ਕੇ ਰਹਿ ਗਿਆ ਹੈ। ਜੇਕਰ ਅਕਾਲੀ ਦਲ ਆਪਣੀ ਹੋਂਦ ਨੂੰ ਕਾਇਮ ਰੱਖਣਾ ਚਾਹੁੰਦਾ ਹੈ ਤਾਂ ਸਿੱਖ ਕੌਮ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਝੂੰਦਾ ਰਿਪੋਰਟ ਨੂੰ ਲਾਗੂ ਕਰਨਾ ਚਾਹੀਦਾ ਹੈ। ਅਕਾਲੀ ਦਲ ਨੂੰ ਰਾਜ ਦੇ ਪਿੱਛੇ ਭੱਜਣ ਦੀ ਬਜਾਏ ਸਿੱਖਾਂ ਦੇ ਹੱਕਾਂ ਲਈ ਲੜਨਾ ਚਾਹੀਦਾ ਹੈ। ਇਸ ਨਾਲ ਲੋਕਾਂ ਵਿਚ ਭਰੋਸਾ ਫਿਰ ਤੋਂ ਕਾਇਮ ਕੀਤਾ ਜਾ ਸਕਦਾ ਹੈ। 

ਇਹ ਵੀ ਪੜ੍ਹੋ : ਫਰੀਦਕੋਟ ਜੇਲ ’ਚ ਬੰਦ ਗੈਂਗਸਟਰ ਬੱਗਾ ਖਾਨ ਦਾ ਵੱਡਾ ਕਾਂਡ, ਪੰਜਾਬ ਪੁਲਸ ਤੇ ਖੁਫੀਆ ਏਜੰਸੀਆਂ ਦੇ ਉਡਾਏ ਹੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 


 

Gurminder Singh

This news is Content Editor Gurminder Singh