ਕਿਸਾਨਾਂ ਦੇ ਵਿਰੋਧ ਤੋਂ ਬਾਅਦ ਮਨੋਰੰਜਨ ਕਾਲੀਆ ਦਾ ਵੱਡਾ ਬਿਆਨ

11/07/2020 5:19:50 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਕਿਸਾਨਾਂ ਵਲੋਂ ਅੱਜ ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦਾ ਘਿਰਾਓ ਕਰਕੇ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਸ਼ੰਟੀ ਦੇ ਘਰ ਦੇ ਅੰਦਰ ਬੰਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਯਾਦਵਿੰਦਰ ਸਿੰਘ ਸ਼ੰਟੀ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ ਕਿ ਜੋ ਕੇਂਦਰ ਸਰਕਾਰ ਨੇ ਖੇਤੀਬਾੜੀ ਆਰਡੀਨੈਂਸ ਬਿਲ ਲਿਆਂਦਾ ਹੈ, ਉਹ ਕਿਸਾਨਾਂ ਦੇ ਹਿੱਤ 'ਚ ਹੈ। ਇਸ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਹੋਵੇਗੀ। ਭਾਜਪਾ ਕਿਸਾਨਾਂ ਦੀ ਹਿਤੈਸ਼ੀ ਪਾਰਟੀ ਹੈ। ਕਿਸਾਨਾਂ ਦੇ ਸਮਰਥਨ ਨਾਲ ਹੀ ਕੇਂਦਰ 'ਚ ਮੋਦੀ ਸਰਕਾਰ ਲਗਾਤਾਰ ਦੂਸਰੀ ਵਾਰ ਆਈ ਹੈ। ਕਿਸਾਨ ਆਪਣੀ ਫਸਲ ਚਾਹੇ ਤਾਂ ਪ੍ਰਾਈਵੇਟ ਮੰਡੀਆਂ 'ਚ ਵੇਚ ਸਕਦਾ ਹੈ, ਚਾਹੇ ਉਹ ਸਰਕਾਰੀ ਮੰਡੀਆਂ 'ਚ, ਉਹ ਕਿਸਾਨਾਂ ਦੀ ਆਪਣੀ ਮਰਜ਼ੀ ਹੈ। ਐੱਮ. ਐੱਸ. ਪੀ. ਨੂੰ ਖ਼ਤਮ ਨਹੀਂ ਕੀਤਾ ਜਾ ਰਿਹਾ। ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਬਿੱਲ 'ਚ ਐੱਮ. ਐੱਸ. ਪੀ. ਨੂੰ ਖ਼ਤਮ ਨਾ ਕਰਨ ਸਬੰਧੀ ਕਿਉਂ ਨਹੀਂ ਲਿਖਿਆ ਤਾਂ ਉਨ੍ਹਾਂ ਕਿਹਾ ਕਿ ਹੁਣ ਕਿਹੜਾ ਕਾਨੂੰਨ ਹੈ ਐੱਮ. ਐੱਸ. ਪੀ. ਦਾ, ਫਿਰ ਵੀ ਕਿਸਾਨਾਂ ਨੂੰ ਐੱਮ. ਐੱਸ. ਪੀ. ਮਿਲ ਰਹੀ ਹੈ। ਅੱਗੇ ਵੀ ਮਿਲਦੀ ਰਹੇਗੀ।

ਇਹ ਵੀ ਪੜ੍ਹੋ : ਕਿਸਾਨਾਂ ਨੇ ਮਨੋਰੰਜਨ ਕਾਲੀਆ ਦਾ ਘਿਰਾਓ ਕਰਕੇ ਕੀਤਾ ਘਰ ਅੰਦਰ ਬੰਦ, ਗੱਡੀ ਵੀ ਲਈ ਕਬਜ਼ੇ 'ਚ     

ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਸਾਬਕਾ ਕੈਬਨਿਟ ਮੰਤਰੀ ਅਤੇ ਪੰਜਾਬ ਭਾਜਪਾ ਦੇ ਆਗੂ ਜਾਇਨੀ ਨੇ ਕਿਹਾ ਕਿ ਪਹਿਲਾਂ ਮੈਂ ਕਿਸਾਨ ਹਾਂ, ਫਿਰ ਪਾਰਟੀ ਆਗੂ। ਕੇਂਦਰ ਦੀ ਲੀਡਰਸ਼ਿਪ ਕਿਸਾਨਾਂ ਦੇ ਮੁੱਦੇ 'ਤੇ ਸਾਡੀ ਗੱਲ ਨਹੀਂ ਸੁਣ ਰਹੀ। ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਗੱਲ ਪਾਰਟੀ ਦੇ ਪਲੇਟਫਾਰਮ 'ਤੇ ਰੱਖਣੀ ਚਾਹੀਦੀ ਹੈ। ਮੈਂ ਵੀ ਕਿਸਾਨਾਂ ਸਬੰਧੀ ਗੱਲ ਪਾਰਟੀ ਦੇ ਪਲੇਟਫਾਰਮ 'ਤੇ ਰੱਖੀ ਹੈ। ਪੰਜਾਬ ਦਾ ਪੈਸਾ ਰੋਕਣ ਸਬੰਧੀ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕੇਂਦਰ ਵਲੋਂ ਭੇਜੇ ਗਏ ਪੈਸੇ ਦਾ ਹਿਸਾਬ ਮੰਗਿਆ ਸੀ ਪਰ ਪੰਜਾਬ ਸਰਕਾਰ ਨੇ ਹਿਸਾਬ ਨਹੀਂ ਦਿੱਤਾ। ਇਸ ਕਰਕੇ ਪੰਜਾਬ ਦਾ ਪੈਸਾ ਰੋਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਰੇਲ ਆਵਾਜਾਈ ਉਦੋਂ ਚੱਲੇਗੀ ਜਦੋਂ ਪੰਜਾਬ ਸਰਕਾਰ ਕੇਂਦਰ ਸਰਕਾਰ ਨੂੰ ਭਰੋਸਾ ਦਿਵਾਵੇਗੀ ਕਿ ਰੇਲ ਆਵਾਜਾਈ 'ਚ ਵਿਘਨ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਧਰਨੇ ਪ੍ਰਦਰਸ਼ਨ ਕਰਨ ਦਾ ਹੱਕ ਹੈ। ਇਹ ਪੁੱਛਣ 'ਤੇ ਕੀ ਉਹ ਕਿਸਾਨਾਂ ਨਾਲ ਗੱਲ ਕਰਨਗੇ ਕਿਉਂਕਿ ਪਾਰਟੀ ਕਹਿ ਰਹੀ ਕਿ ਬਿਲ ਦੇ ਮੁੱਦੇ 'ਤੇ ਉਹ ਕਿਸਾਨਾਂ ਨੂੰ ਸਮਝਾਵੇਗੀ, ਤਾਂ ਉਨ੍ਹਾਂ ਕਿਹਾ ਕਿ ਅਜਿਹੇ ਮਾਹੌਲ 'ਚ ਕੋਈ ਗੱਲ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਅੱਜ ਉਹ ਨਗਰ ਕੌਂਸਲ ਦੀਆਂ ਚੋਣਾਂ ਸਬੰਧੀ ਭਾਜਪਾ ਆਗੂਆਂ ਦੀ ਮੀਟਿੰਗ ਲੈਣ ਆਇਆ ਸਨ। ਪਾਰਟੀ ਨਗਰ ਕੌਂਸਲ ਦੀਆਂ ਚੋਣਾਂ ਦੀ ਤਿਆਰੀ ਪੂਰੇ ਜੋਰ-ਸ਼ੋਰ ਨਾਲ ਕਰ ਰਹੀ ਹੈ। ਇਸ ਮੌਕੇ 'ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਵਿੰਦਰ ਸਿੰਘ ਸ਼ੰਟੀ, ਸੀਨੀਅਰ ਭਾਜਪਾ ਆਗੂ ਸੋਹਣ ਮਿੱਤਲ, ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ, ਭਾਜਪਾ ਦੇ ਯੁਵਾ ਮੋਰਚੇ ਦੇ ਪੰਜਾਬ ਉਪ ਪ੍ਰਧਾਨ ਨੀਰਜ ਜਿੰਦਲ, ਜ਼ਿਲ੍ਹਾ ਇੰਡਸਟਰੀ ਸੈਲ ਦੇ ਪ੍ਰਧਾਨ ਸੰਜੀਵ ਕੁਮਾਰ, ਦੀਪਕ ਮਿੱਤਲ ਆਦਿ ਵੀ ਹਾਜ਼ਰ ਸਨ। 

ਇਹ ਵੀ ਪੜ੍ਹੋ : ਦੋਆਬਾ ਵਾਸੀਆਂ ਲਈ ਸ਼ਾਨਦਾਰ ਤੋਹਫ਼ਾ, 20 ਤੋਂ 3 ਸ਼ਹਿਰਾਂ ਲਈ ਸ਼ੁਰੂ ਹੋਵੇਗੀ ਸਪਾਈਸ ਜੈੱਟ ਫਲਾਈਟ ਸਰਵਿਸ

Anuradha

This news is Content Editor Anuradha