ਮਨਮੋਹਨ ਤੇ ਬਿੱਟਾ ਨੇ ਵਧਦੇ ਅੱਤਵਾਦ ''ਤੇ ਚਿੰਤਾ ਪ੍ਰਗਟਾਈ

08/18/2017 4:39:54 AM

ਜਲੰਧਰ (ਧਵਨ)  - ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਅੱਤਵਾਦ ਰੋਕੂ ਫਰੰਟ ਦੇ ਕੌਮੀ ਕਨਵੀਨਰ ਮਨਿੰਦਰਜੀਤ ਸਿੰਘ ਬਿੱਟਾ ਨੇ ਦੇਸ਼ 'ਚ ਵਧਦੇ ਅੱਤਵਾਦ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ।
ਉਹ ਦਿੱਲੀ 'ਚ ਪੰਜਾਬੀਆਂ ਵਲੋਂ ਆਯੋਜਿਤ ਇਕ ਪ੍ਰੋਗਰਾਮ 'ਚ ਹਿੱਸਾ ਲੈ ਰਹੇ ਸਨ। ਸਮਾਰੋਹ 'ਚ ਡਾ. ਮਨਮੋਹਨ ਸਿੰਘ ਨੂੰ 'ਜਿਊਲਜ਼ ਆਫ ਪੰਜਾਬ' ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ 'ਤੇ ਬਿੱਟਾ ਨੇ ਸਕੂਲੀ ਜੀਵਨ ਤੋਂ ਲੈ ਕੇ ਹੁਣ ਤਕ ਦੇ ਸਿਆਸੀ ਅਤੇ ਸਮਾਜਿਕ ਜੀਵਨ 'ਤੇ ਜੈਪੁਰ ਦੇ ਮਨੀਸ਼ ਵਲੋਂ ਪ੍ਰਕਾਸ਼ਿਤ ਕੀਤੀ ਗਈ ਇਕ ਕਿਤਾਬ ਨੂੰ ਡਾ. ਮਨਮੋਹਨ ਸਿੰਘ ਨੇ ਰਿਲੀਜ਼ ਕੀਤਾ। ਸਮਾਰੋਹ 'ਚ ਏਅਰ ਚੀਫ ਮਾਰਸ਼ਲ ਬੀ. ਐੱਸ. ਧਨੋਆ ਸਮੇਤ  ਕਈ ਚੋਟੀ ਦੀਆਂ ਸ਼ਖਸੀਅਤਾਂ ਨੇ ਹਿੱਸਾ ਲਿਆ। ਡਾ. ਮਨਮੋਹਨ ਸਿੰਘ ਨੇ ਇਸ ਮੌਕੇ 'ਤੇ ਕਿਹਾ ਕਿ ਦੇਸ਼ 'ਚ ਆਰਥਿਕ ਵਿਕਾਸ ਨੂੰ ਵਧਾਉਣ ਲਈ ਅਹਿਮ ਕਦਮ ਚੁੱਕੇ ਜਾਣ ਦੀ ਲੋੜ ਹੈ। ਉਨ੍ਹਾਂ ਬਿੱਟਾ ਵਲੋਂ ਸਮਾਜਿਕ ਖੇਤਰਾਂ 'ਚੋਂ ਵਿਦਿਆਰਥੀਆਂ ਅੰਦਰ ਪੈਦਾ ਕੀਤੀ ਜਾ ਰਹੀ ਦੇਸ਼ ਭਗਤੀ ਦੀ ਸ਼ਲਾਘਾ ਕੀਤੀ। ਬਿੱਟਾ ਨੇ ਇਸ ਮੌਕੇ 'ਤੇ ਕਿਹਾ ਕਿ ਅੱਤਵਾਦ ਵਿਰੁੱਧ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ।