ਕਪੂਰਥਲਾ ਤੋਂ 'ਆਪ' ਹਲਕਾ ਇੰਚਾਰਜ ਮੰਜੂ ਰਾਣਾ ਨੇ 3 ਵਿਅਕਤੀਆਂ 'ਤੇ ਕਰਵਾਈ FIR, ਜਾਣੋ ਪੂਰਾ ਮਾਮਲਾ

10/07/2022 5:14:12 AM

ਕਪੂਰਥਲਾ/ਜਲੰਧਰ (ਭੂਸ਼ਣ/ਮਹਾਜਨ) : ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਮੰਜੂ ਰਾਣਾ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕਰਨ ਦੇ ਮਾਮਲੇ ’ਚ ਪੁਲਸ ਨੇ 3 ਵਿਅਕਤੀਆਂ ਦੇ ਖ਼ਿਲਾਫ਼ ਧਾਰਾ 352-ਏ, 294, 506, 507, 509, 120-ਬੀ ਤਹਿਤ ਮਾਮਲਾ ਦਰਜ ਕਰ ਲਿਆ ਹੈ। ਥਾਣਾ ਨੰਬਰ 5 ਦੀ ਪੁਲਸ ਨੇ 3 ‘ਆਪ’ ਆਗੂਆਂ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਨਾਮਜ਼ਦ ਤਿੰਨੇ ਵਿਅਕਤੀ ਆਮ ਆਦਮੀ ਪਾਰਟੀ ਨਾਲ ਸਬੰਧਤ ਦੱਸੇ ਜਾਂਦੇ ਹਨ। ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਕਪੂਰਥਲਾ ਦੀ ਹਲਕਾ ਇੰਚਾਰਜ ਮੰਜੂ ਰਾਣਾ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਹ ਰਿਟਾਇਰਡ ਅਡੀਸ਼ਨਲ ਸੈਸ਼ਨ ਜੱਜ ਹੈ ਅਤੇ ਇਸ ਦੇ ਨਾਲ ਉਹ ਸਥਾਈ ਲੋਕ ਅਦਾਲਤ ਦੀ ਚੇਅਰਪਰਸਨ ਵੀ ਰਹੀ ਹੈ।ਜਲੰਧਰ ਕੈਂਟ ਦੇ ਏ. ਸੀ. ਪੀ. ਗਗਨਦੀਪ ਸਿੰਘ ਘੁੰਮਣ ਦਾ ਕਹਿਣਾ ਹੈ ਕਿ ਪੁਲਸ ਨੇ ਤਿੰਨਾਂ ਆਗੂਆਂ ਖ਼ਿਲਾਫ਼ ਐੱਫ਼. ਆਈ. ਆਰ. ਨੰਬਰ 0174 ਆਈ. ਪੀ. ਸੀ. ਦੀ ਧਾਰਾ 352-ਏ, 294, 506, 507, 509 ਅਤੇ 120-ਬੀ ਤਹਿਤ ਕੇਸ ਦਰਜ ਕਰ ਲਿਆ ਹੈ। ਹੁਣ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : CM ਮਾਨ ਨਾਲ ਕਿਸਾਨਾਂ ਦੀ ਹੋਈ ਮੀਟਿੰਗ, ਵੱਖ-ਵੱਖ ਮੁੱਦਿਆਂ ਦੇ ਹੱਲ ਲਈ ਦੁਹਰਾਈ ਵਚਨਬੱਧਤਾ

ਜਾਣਕਾਰੀ ਮੁਤਾਬਕ ਕਪੂਰਥਲਾ ਤੋਂ ਆਮ ਆਦਮੀ ਪਾਰਟੀ ਲਈ ਕੰਮ ਕਰਨ ਵਾਲੀ ਮਹਿਲਾ ਨੇਤਰੀ, ਜਿਹੜੀ ਕਿ ਜਲੰਧਰ ਦੇ ਥਾਣਾ ਨੰਬਰ 5 ਦੇ ਇਲਾਕੇ ਵਿਚ ਰਹਿੰਦੀ ਹੈ, ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਕਿਹਾ ਕਿ ਕਪੂਰਥਲਾ ਦੇ ਰਹਿਣ ਵਾਲੇ ਕੰਵਰ ਇਕਬਾਲ, ਯਸ਼ਪਾਲ ਅਤੇ ਪਰਮਿੰਦਰ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਆਗੂ ਹਨ, ਦੇ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਵੱਲੋਂ ਜਿੱਤੇ ਰਾਣਾ ਗੁਰਜੀਤ ਸਿੰਘ ਨਾਲ ਲਿੰਕ ਹਨ ਅਤੇ ਰਾਣਾ ਉਨ੍ਹਾਂ ਨੂੰ ਪੈਸੇ ਵੀ ਦਿੰਦਾ ਹੈ ਤਾਂ ਕਿ ਉਹ ਉਸ ਦੇ (ਨੇਤਰੀ) ਅਕਸ ਨੂੰ ਖਰਾਬ ਕਰ ਸਕੇ। ਉਕਤ ਤਿੰਨਾਂ ਵਿਅਕਤੀਆਂ ਨੇ ਵ੍ਹਟਸਐਪ ’ਤੇ ਗਲਤ ਮੈਸੇਜ ਪਾਏ, ਜਿਸ ਬਾਰੇ ਪਤਾ ਚੱਲਣ ’ਤੇ ਜਿਉਂ ਹੀ ਫੋਨ ਕਰਕੇ ਉਨ੍ਹਾਂ ਨੂੰ ਇਸ ਬਾਰੇ ਪੁੱਛਿਆ ਤਾਂ ਉਹ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੇ।

ਕੰਵਰ ਇਕਬਾਲ ਵਾਸੀ ਕਪੂਰਥਲਾ ਤੇ ਯਸ਼ਪਾਲ ਆਜ਼ਾਦ ਵਾਸੀ ਕਪੂਰਥਲਾ ਨੇ ਸੋਸ਼ਲ ਮੀਡੀਆ ’ਤੇ ਬੀਤੇ ਦਿਨੀਂ ਉਨ੍ਹਾਂ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਵਟਸਐਪ ’ਤੇ ਕੀਤੇ ਗਏ ਇਨ੍ਹਾਂ ਅਭੱਦਰ ਸ਼ਬਦਾਂ ਦਾ ਸਕਰੀਨਸ਼ਾਟ ਉਨ੍ਹਾਂ ਦੇ ਕੋਲ ਮੌਜੂਦ ਹੈ, ਜਦੋਂ ਉਨ੍ਹਾਂ ਫੋਨ ’ਤੇ ਕੰਵਰ ਇਕਬਾਲ ਤੋਂ ਇਸ ਸਬੰਧੀ ਪੁੱਛਿਆ ਤਾਂ ਉਹ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗਾ ਤੇ ਭਵਿੱਖ ’ਚ ਵੀ ਅਜਿਹਾ ਕਰਨ ਦੀਆਂ ਗੱਲਾਂ ਕਰਨ ਲੱਗਾ ਤੇ ਆਪਣੇ ਸਾਥੀਆਂ ਦੇ ਨਾਲ ਮਾਰਨ ਦੀਆਂ ਗੱਲਾਂ ਕਰਨ ਲੱਗਾ। ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਆਪਣੀਆ ਟਿੱਪਣੀਆਂ ਤੋਂ ਕਦੇ ਪਿੱਛੇ ਨਹੀਂ ਹਟੇਗਾ।

ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਵੱਲੋਂ ਭਲਕੇ ਕੱਢੇ ਜਾਣਗੇ ਰੋਸ ਮਾਰਚ, ਜਾਰੀ ਕੀਤਾ ਰੂਟ ਪਲਾਨ

ਮੰਜੂ ਰਾਣਾ ਨੇ ਆਪਣੀ ਸ਼ਿਕਾਇਤ ’ਚ ਦੱਸਿਆ ਕਿ ਉਨ੍ਹਾਂ ਸਾਲ 2022 ’ਚ ਕਪੂਰਥਲਾ ਵਿਧਾਨ ਸਭਾ ਤੋਂ ਚੋਣ ਲੜੀ ਸੀ ਤੇ ਇਸ ਪੂਰੇ ਕੰਮ ਦੇ ਲਈ ਉਕਤ ਵਿਅਕਤੀਆਂ ਨੂੰ ਮੇਰੇ ਵਿਰੋਧੀ ਪੱਖ ਨੇ ਪੈਸੇ ਦਿੱਤੇ ਹਨ, ਇਸ ਲਈ ਉਹ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀ। ਆਪਣੀ ਸ਼ਿਕਾਇਤ ’ਚ ਮੰਜੂ ਰਾਣਾ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਅਜਿਹਾ ਕਰਨ ਦੇ ਲਈ ਪਰਮਿੰਦਰ ਸਿੰਘ ਢੋਟ ਨੇ ਉਕਸਾਇਆ ਹੈ ਕਿਉਂਕਿ ਇਹ ਲੋਕ ਢੋਟ ਨਾਲ ਜੁੜੇ ਹੋਏ ਹਨ, ਇਸ ਲਈ ਇਹ ਤਿੰਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇ। ਪੁਲਸ ਨੇ ਤਿੰਨਾਂ ਮੁਲਜ਼ਮਾਂ ਕੰਵਰ ਇਕਬਾਲ, ਯਸ਼ਪਾਲ ਆਜ਼ਾਦ ਤੇ ਪਰਮਿੰਦਰ ਢੋਟ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਗੌਰ ਹੋਵੇ ਕਿ ਤਿੰਨੇ ਵਿਅਕਤੀ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ। ਫਿਲਹਾਲ ਮਾਮਲੇ ’ਚ ਕਿਸੇ ਦੀ ਵੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਇਹ ਵੀ ਪੜ੍ਹੋ : ਮੁੰਬਈ 'ਚ ਨੀਤਾ ਅੰਬਾਨੀ ਦੇ ਨਾਂ 'ਤੇ ਖੁੱਲ੍ਹੇਗਾ ਭਾਰਤ ਦਾ ਪਹਿਲਾ ਬਹੁ-ਕਲਾ ਸੱਭਿਆਚਾਰਕ ਕੇਂਦਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh