ਧਰਮੀ ਫੌਜੀਆਂ ਦੇ ਬਣਦੇ ਹੱਕ ਦਿਵਾਉਣ ਲਈ ਦਿੱਲੀ ਕਮੇਟੀ ਵਚਨਬੱਧ : ਸਿਰਸਾ

07/10/2019 11:03:05 AM

ਜਲੰਧਰ (ਚਾਵਲਾ)— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਧਰਮੀ ਫੌਜੀਆਂ ਦੇ ਬਣਦੇ ਹੱਕ ਉਨ੍ਹਾਂ ਨੂੰ ਦਿਵਾਉਣ ਲਈ ਦਿੱਲੀ ਕਮੇਟੀ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਸਾਡੀ ਲੀਗਲ ਸੈੱਲ ਦੀ ਟੀਮ ਨੇ ਬੀਤੇ ਦਿਨ ਫਗਵਾੜਾ ਵਿਖੇ ਧਰਮੀ ਫੌਜੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਤੋਂ ਉਹ ਸਾਰੇ ਕਾਗਜ਼ਾਤ ਅਤੇ ਜਾਣਕਾਰੀ ਲਈ, ਜਿਨ੍ਹਾਂ ਨਾਲ ਉਨ੍ਹਾਂ ਦਾ ਕੇਸ ਰੱਖਿਆ ਮੰਤਰਾਲੇ ਭਾਰਤ ਸਰਕਾਰ ਅੱਗੇ ਪੇਸ਼ ਕੀਤਾ ਜਾਣਾ ਹੈ।

ਸਿਰਸਾ ਨੇ ਦੱਸਿਆ ਕਿ ਜਗਦੀਪ ਸਿੰਘ ਕਾਹਲੋਂ ਚੇਅਰਮੈਨ ਲੀਗਲ ਸੈੱਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਦੀ ਅਗਵਾਈ ਹੇਠ ਮੈਂਬਰ ਸਰਬਜੀਤ ਸਿੰਘ ਵਿਰਕ, ਨਿਸ਼ਾਨ ਸਿੰਘ ਮਾਨ ਅਤੇ ਐਡਵੋਕੇਟ ਹਰਪ੍ਰੀਤ ਸਿੰਘ ਨੇ ਧਰਮੀ ਫੌਜੀਆਂ ਨੂੰ ਮਿਲ ਕੇ ਉਨ੍ਹਾਂ ਤੋਂ ਸਾਰੇ ਕੇਸ ਦੀ ਜਾਣਕਾਰੀ ਲਈ ਹੈ ਅਤੇ ਫਗਵਾੜਾ 'ਚ ਮੀਟਿੰਗ ਦੌਰਾਨ ਕੇਸ ਦੀ ਫਾਈਲ ਤਿਆਰ ਕਰਨ ਵਾਸਤੇ ਲੋੜੀਂਦੇ ਕਾਗਜ਼ਾਤ ਪ੍ਰਾਪਤ ਕਰ ਲਏ ਹਨ। ਦਿੱਲੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਅਸੀਂ ਇਹ ਕੇਸ ਰੱਖਿਆ ਮੰਤਰਾਲੇ ਕੋਲ ਪੇਸ਼ ਕਰਕੇ ਧਰਮੀ ਫੌਜੀਆਂ ਦੇ ਬਣਦੇ ਹੱਕ ਜ਼ਰੂਰ ਦਿਵਾਵਾਂਗੇ। ਉਨ੍ਹਾਂ ਨੇ ਕਿਹਾ ਕਿ ਇਸ ਕੇਸ 'ਚ ਜਨਰਲ ਹਰਬਖਸ਼ ਸਿੰਘ ਦਾ ਬਿਆਨ ਬਹੁਤ ਮਹੱਤਵਪੂਰਨ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਜੰਗ ਵਿਚੋਂ ਪਿੱਛੇ ਭੱਜੇ ਫੌਜੀਆਂ ਨੂੰ ਸਾਰੀਆਂ ਉਹ ਸਹੂਲਤਾਂ ਮਿਲਦੀਆਂ ਹਨ, ਜੋ ਸੇਵਾਮੁਕਤ ਫੌਜੀਆਂ ਨੂੰ ਮਿਲਦੀਆਂ ਹਨ ਤਾਂ ਇਨ੍ਹਾਂ ਫੌਜੀਆਂ ਨੂੰ ਕਿਉਂ ਨਹੀਂ?

ਉਨ੍ਹਾਂ ਕਿਹਾ ਕਿ ਧਰਮੀ ਫੌਜੀਆਂ ਨੇ ਜੋ ਵੀ ਕੀਤਾ, ਉਹ ਉਨ੍ਹਾਂ ਨੇ ਆਪਣੇ ਧਾਰਮਿਕ ਅਸਥਾਨ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਉੱਪਰ ਹੋਏ ਹਮਲੇ ਦੇ ਰੋਸ ਵਜੋਂ ਕੀਤਾ ਸੀ, ਇਸ ਲਈ ਅਸੀਂ ਇਸ ਕੇਸ ਨੂੰ ਰੱਖਿਆ ਮੰਤਰਾਲੇ ਭਾਰਤ ਸਰਕਾਰ ਕੋਲ ਰੱਖ ਰਹੇ ਹਾਂ ਕਿ 1984 ਦਾ ਅਕਾਲ ਤਖਤ ਸਾਹਿਬ 'ਤੇ ਹਮਲਾ ਸਿੱਖ ਹਿਰਦਿਆਂ ਨੂੰ ਵੱਡੀ ਸੱਟ ਮਾਰਨ ਵਾਲਾ ਸੀ। ਉਨ੍ਹਾਂ ਕਿਹਾ ਕਿ ਸਿੱਖ ਫੌਜੀਆਂ ਨੇ ਹਮੇਸ਼ਾ ਦੇਸ਼ ਲਈ ਵਫਾਦਾਰੀ ਨਾਲ ਸਰਹੱਦਾਂ ਦੀ ਰਾਖੀ ਕੀਤੀ ਹੈ ਤੇ ਹੁਣ ਤੱਕ ਦੀਆਂ ਜੰਗਾਂ 'ਚ ਸ਼ਹਾਦਤਾਂ ਵੀ ਦਿੱਤੀਆਂ ਹਨ। ਇਸ ਲਈ ਧਰਮੀ ਫੌਜੀਆਂ ਦੇ ਮਾਮਲੇ ਨੂੰ ਉਸ ਸਮੇਂ ਦੇ ਹਾਲਾਤ ਦੇ ਮੱਦੇਨਜ਼ਰ ਦੇਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਡੀ ਟੀਮ ਧਰਮੀ ਫੌਜੀਆਂ ਦਾ ਕੇਸ ਬਹੁਤ ਗੰਭੀਰਤਾ ਅਤੇ ਸੰਜੀਦਗੀ ਨਾਲ ਤਿਆਰ ਕਰ ਰਹੀ ਹੈ ਅਤੇ ਸਾਨੂੰ ਆਸ ਹੈ ਕਿ ਸਰਕਾਰ ਧਾਰਮਿਕ ਭਾਵਨਾਵਾਂ ਨੂੰ ਧਿਆਨ 'ਚ ਰੱਖਦਿਆਂ ਧਰਮੀ ਫੌਜੀਆਂ ਨੂੰ ਉਨ੍ਹਾਂ ਦੇ ਉਹ ਸਾਰੇ ਹੱਕ ਦੇਵੇਗੀ, ਜੋ ਸੇਵਾਮੁਕਤ ਫੌਜੀਆਂ ਨੂੰ ਮਿਲਦੇ ਹਨ।

shivani attri

This news is Content Editor shivani attri