ਪਾਕਿਸਤਾਨ ''ਚ ਹੁਣ ਇਕ ਹੋਰ ਲੜਕੀ ਦਾ ਕਰਵਾਇਆ ਧਰਮ ਤਬਦੀਲ

12/28/2019 2:43:17 PM

ਜਲੰਧਰ (ਚਾਵਲਾ) : ਪਾਕਿਸਤਾਨ 'ਚ ਸਿੱਖ ਅਤੇ ਹਿੰਦੂ ਲੜਕੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਦਾ ਧਰਮ ਤਬਦੀਲ ਕਰਵਾਉਣ ਦੀ ਬਿਰਤੀ ਜਾਰੀ ਹੈ। ਹੁਣ ਤਾਜ਼ਾ ਮਾਮਲੇ 'ਚ ਮਹਿਕ ਕੇਸਵਾਨੀ ਪੁੱਤਰੀ ਅਮਰ ਲਾਲ ਕੇਸਵਾਨੀ ਨਾਂ ਦੀ ਲੜਕੀ ਦਾ ਧਰਮ ਤਬਦੀਲ ਕਰਵਾ ਦਿੱਤਾ ਗਿਆ ਹੈ। ਇਹ ਖੁਲਾਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ ਹੈ।

ਇਥੇ ਜਾਰੀ ਕੀਤੇ ਇਕ ਬਿਆਨ 'ਚ ਉਨ੍ਹਾਂ ਨੇ ਦੱਸਿਆ ਕਿ ਤਾਜ਼ਾ ਮਾਮਲੇ 'ਚ ਮਹਿਕ ਕੇਸਵਾਨੀ ਨਾਂ ਦੀ ਲੜਕੀ ਦਾ ਨਾਂ ਬਦਲ ਕੇ ਮਹਿਕ ਫਾਤਿਮਾ ਰੱਖ ਦਿੱਤਾ ਗਿਆ ਹੈ ਅਤੇ ਫਿਰ ਮੁਹੰਮਦ ਅਸ਼ਰ ਨਾਂ ਦੇ ਮੁਸਲਿਮ ਵਿਅਕਤੀ ਨਾਲ ਉਸ ਦਾ ਵਿਆਹ ਕਰਵਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜਗਜੀਤ ਕੌਰ ਤੇ ਹੋਰ ਬਾਕੀ ਕੇਸਾਂ ਵਾਂਗ ਇਹ ਵੀ ਪਹਿਲਾਂ ਅਗਵਾ ਕੀਤੀ ਗਈ, ਫਿਰ ਧਰਮ ਤਬਦੀਲ ਕਰਵਾਇਆ ਗਿਆ ਤੇ ਫਿਰ ਮੁਸਲਿਮ ਲੜਕੇ ਮੁਹੰਮਦ ਅਸ਼ਰ ਨਾਂ ਦੇ ਵਿਅਕਤੀ ਨਾਲ ਨਿਕਾਹ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪਾਕਿਸਤਾਨੀ ਸਿਆਸਤਦਾਨ ਮੀਆਂ ਜਾਵੇਦ ਨੇ ਇਸ ਦਾ ਵਿਆਹ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ 'ਚ ਮੀਆਂ ਮਿੱਠੂ ਨਾਂ ਦਾ ਅਜਿਹਾ ਵਿਅਕਤੀ ਹੈ, ਜੋ ਕਿ ਅਜਿਹੇ ਮਾਮਲਿਆਂ 'ਚ ਧਰਮ ਤਬਦੀਲ ਕਰਵਾਉਣ ਤੇ ਨਿਕਾਹ ਕਰਵਾਉਣ ਲਈ ਮਸ਼ਹੂਰ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ 'ਚ ਹਰ ਸਾਲ ਸਿੰਧ ਤੋਂ 1000 ਲੜਕੀਆਂ ਦਾ ਧਰਮ ਤਬਦੀਲ ਕਰਵਾਇਆ ਜਾਂਦਾ ਹੈ, ਕਿਉਂਕਿ ਉਹ ਦੇਸ਼ ਵਿਚ ਘੱਟ ਗਿਣਤੀ ਸਿੱਖ ਅਤੇ ਹਿੰਦੂ ਭਾਈਚਾਰੇ ਨਾਲ ਸਬੰਧਤ ਲੜਕੀਆਂ ਹਨ।

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਪਾਕਿਸਤਾਨ, ਅਫਗਾਨਿਤਸਾਨ ਤੇ ਬੰਗਲਾਦੇਸ਼ ਵਿਚ ਘੱਟ ਗਿਣਤੀਆਂ ਕੋਲ ਭਾਰਤ ਵਿਚ ਆ ਕੇ ਵਸਣ ਤੋਂ ਇਲਾਵਾ ਹੋਰ ਕੋਈ ਚਾਰਾ ਬਾਕੀ ਨਹੀਂ ਰਹਿ ਗਿਆ ਜਿਥੇ ਉਹ ਜਾ ਕੇ ਸ਼ਰਨ ਲੈ ਸਕਣ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੇ ਪਰਿਵਾਰਾਂ ਨੂੰ ਇਥੇ ਸ਼ਰਨ ਦਿੱਤੀ ਜਾਵੇ ਅਤੇ ਨਾਗਰਿਕਤਾ ਪ੍ਰਦਾਨ ਕੀਤੀ ਜਾਵੇ ਤਾਂ ਜੋ ਅਸੀਂ ਘੱਟ ਗਿਣਤੀਆਂ ਦੀਆਂ ਆਪਣੀਆਂ ਧੀਆਂ ਅਤੇ ਪਰਿਵਾਰਾਂ ਦੀ ਰਾਖੀ ਕਰ ਸਕੀਏ। ਉਨ੍ਹਾਂ ਕਿਹਾ ਕਿ ਕਿਉਂਕਿ ਭਾਰਤ ਘੱਟ ਗਿਣਤੀਆਂ ਦਾ ਮੁੱਖ ਦੇਸ਼ ਹੈ, ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਇਨ੍ਹਾਂ ਤਿੰਨਾਂ ਮੁਲਕਾਂ 'ਚ ਰਹਿੰਦੇ ਘੱਟ ਗਿਣਤੀ ਪਰਿਵਾਰਾਂ ਲਈ ਜਲਦੀ ਤੋਂ ਜਲਦੀ ਉਪਰਾਲੇ ਕਰੀਏ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਜਿਸ ਤੇਜ਼ੀ ਨਾਲ ਪਿਛਲੇ ਦਿਨਾਂ ਤੋਂ ਘੱਟ ਗਿਣਤੀਆਂ ਦੀਆਂ ਲੜਕੀਆਂ ਨੂੰ ਅਗਵਾ ਕਰ ਕੇ, ਜਬਰੀ ਧਰਮ ਤਬਦੀਲ ਕਰ ਕੇ ਅਤੇ ਮੁਸਲਮਾਨ ਲੜਕਿਆਂ ਨਾਲ ਨਿਕਾਹ ਪੜ੍ਹਾਉਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਨੂੰ ਵੇਖਦਿਆਂ ਉਨ੍ਹਾਂ ਨੂੰ ਡਰ ਹੈ ਕਿ ਜੋ ਬਾਕੀ ਪਰਿਵਾਰ ਉਥੇ ਰਹਿ ਗਏ ਹਨ, ਉਨ੍ਹਾਂ ਨਾਲ ਵੀ ਬਹੁਤ ਜ਼ਿਆਦਾ ਜ਼ਿਆਦਤੀ ਅਤੇ ਧੱਕੇਸ਼ਾਹੀ ਹੋ ਸਕਦੀ ਹੈ। ਇਸ ਲਈ ਸਮਾਂ ਰਹਿੰਦੇ ਭਾਰਤ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ।

Anuradha

This news is Content Editor Anuradha