ਜੀ. ਕੇ. ਦੇ ਝੂਠ ਦਾ ਪਰਦਾਫਾਸ਼ ਸ੍ਰੀ ਅਕਾਲ ਤਖਤ ਸਾਹਿਬ ਦੀ ਜਾਂਚ ''ਚ ਹੋ ਜਾਵੇਗਾ : ਕਮੇਟੀ ਮੈਂਬਰ

08/18/2019 1:46:43 PM

ਜਲੰਧਰ (ਚਾਵਲਾ)— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਵੱਲੋਂ ਵਸੰਤ ਵਿਹਾਰ ਸਕੂਲ 'ਚ ਸਵੀਮਿੰਗ ਪੂਲ ਅਤੇ ਜਿਮ ਖੋਲ੍ਹਣ ਦੇ ਮਾਮਲੇ 'ਤੇ ਰੋਜ਼ਾਨਾ ਬੋਲੇ ਜਾ ਰਹੇ ਨਵੇਂ ਝੂਠਾਂ ਦਾ ਪਰਦਾਫਾਸ਼ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਕਰਵਾਈ ਜਾਣ ਵਾਲੀ ਜਾਂਚ 'ਚ ਹੋ ਜਾਵੇਗਾ। ਇਸ ਜਾਂਚ ਲਈ ਕਮੇਟੀ ਦੇ ਪਹਿਲਾਂ ਹੀ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖ ਕੇ ਜਾਂਚ ਕਰਵਾਉਣ ਦੀ ਬੇਨਤੀ ਕਰ ਚੁੱਕੇ ਹਨ। ਇਹ ਪ੍ਰਗਟਾਵਾ ਬੀਤੇ ਦਿਨ ਇਥੇ ਜਾਰੀ ਕੀਤੇ ਇਕ ਸਾਂਝੇ ਬਿਆਨ 'ਚ ਕਮੇਟੀ ਮੈਂਬਰ ਜਗਦੀਪ ਸਿੰਘ ਕਾਹਲੋਂ, ਹਰਜੀਤ ਸਿੰਘ ਪੱਪਾ, ਕੁਲਦੀਪ ਸਿੰਘ ਸਾਹਨੀ ਨੇ ਕੀਤਾ।

ਉਨ੍ਹਾਂ ਕਿਹਾ ਕਿ ਵਸੰਤ ਵਿਹਾਰ ਸਕੂਲ ਦੇ ਮਾਮਲੇ ਵਿਚ ਰੋਜ਼ਾਨਾ ਨਵੇਂ ਝੂਠ ਬੋਲ ਕੇ ਸੰਗਤ ਨੂੰ ਗੁੰਮਰਾਹ ਕਰਨ ਦਾ ਜੋ ਯਤਨ ਜੀ. ਕੇ. ਕਰ ਰਹੇ ਹਨ, ਉਹ ਕਦੇ ਵੀ ਸਫਲ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਵ ਉੱਚ ਅਦਾਲਤ ਹੈ ਤੇ ਸਿਰਸਾ ਦੀ ਬੇਨਤੀ 'ਤੇ ਹੋਣ ਵਾਲੀ ਜਾਂਚ ਸ਼੍ਰੀ ਜੀ. ਕੇ. ਵੱਲੋਂ ਕੀਤੀ ਜਾ ਰਹੀ ਸੌੜੀ ਸਿਆਸਤ ਦਾ ਪਾਜ਼ ਖੋਲ੍ਹ ਦੇਵੇਗੀ। ਉਨ੍ਹਾਂ ਕਿਹਾ ਕਿ ਜੀ. ਕੇ. ਵੱਲੋਂ ਪਰਮਜੀਤ ਸਿੰਘ ਸਰਨਾ ਤੇ ਜੁੰਡਲੀ ਨਾਲ ਮਿਲ ਕੇ ਕਾਂਗਰਸ ਦੀ ਸ਼ਹਿ 'ਤੇ ਦਿੱਲੀ ਗੁਰਦੁਆਰਾ ਕਮੇਟੀ ਨੂੰ ਬਦਨਾਮ ਕਰਨ ਲਈ ਕੀਤੀਆਂ ਜਾ ਰਹੀਆਂ ਕੋਝੀਆਂ ਹਰਕਤਾਂ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਥੋੜ੍ਹੀ ਹੈ।

ਇਨ੍ਹਾਂ ਮੈਂਬਰਾਂ ਨੇ ਕਿਹਾ ਕਿ ਗੁਰੂ ਕੀ ਗੋਲਕ ਚੋਰੀ ਦੇ ਦੋਸ਼ੀ ਜੀ. ਕੇ. ਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਹੋ ਗਿਆ ਹੈ ਕਿ ਸੰਗਤ ਵੱਲੋਂ ਦਿੱਲੀ ਕਮੇਟੀ 'ਤੇ ਦਬਾਅ ਬਣਾਇਆ ਜਾ ਰਿਹਾ ਸੀ ਕਿ ਜੀ. ਕੇ. 'ਤੇ ਕੇਸ ਪਾ ਕੇ ਗੁਰੂ ਕੀ ਗੋਲਕ ਦਾ ਪੈਸਾ ਉਗਰਾਹਿਆ ਜਾਵੇ ਅਤੇ ਦੋਬਾਰਾ ਗੁਰੂ ਕੀ ਗੋਲਕ ਵਿਚ ਪਾਇਆ ਜਾਵੇ। ਸੰਗਤ ਦੇ ਦਬਾਅ ਅੱਗੇ ਝੁਕਦਿਆਂ ਸਿਰਸਾ ਦੀ ਅਗਵਾਈ ਵਾਲੀ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਅਦਾਲਤ 'ਚ ਕੇਸ ਦਾਇਰ ਕਰਕੇ ਜੀ. ਕੇ. ਦੀ ਜਾਇਦਾਦ ਜ਼ਬਤ ਕਰਕੇ ਉਸ ਦੀ ਨੀਲਾਮੀ ਅਦਾਲਤੀ ਨਿਗਰਾਨੀ ਹੇਠ ਕਰਵਾ ਕੇ ਗੁਰੂ ਕੀ ਗੋਲਕ ਦਾ ਪੈਸਾ ਵਾਪਸ ਗੁਰੂ ਘਰ ਦੇ ਸਪੁਰਦ ਕੀਤਾ ਜਾਵੇ। ਇਹ ਕੇਸ ਪਾਉਣ ਲਈ ਤਿਆਰੀ ਮੁਕੰਮਲ ਹੋ ਗਈ ਹੈ ਅਤੇ ਸ਼ਾਇਦ ਇਸੇ ਗੱਲ ਦੀ ਭਿਣਕ ਜੀ. ਕੇ. ਨੂੰ ਲੱਗ ਗਈ ਹੈ, ਜਿਸ ਤੋਂ ਬੌਖਲਾ ਕੇ ਉਹ ਇਨ੍ਹਾਂ ਕੋਝੀਆਂ ਹਰਕਤਾਂ 'ਤੇ ਉਤਰ ਆਏ ਹਨ।

ਆਪਣੀ ਰਾਜਨੀਤੀ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਦੀ ਵਰਤੋਂ ਕਰਨ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਇਨ੍ਹਾਂ ਮੈਂਬਰਾਂ ਨੇ ਕਿਹਾ ਕਿ ਗੁਰੂ ਘਰ ਦੇ ਬਾਹਰ ਪਿਆਓ ਤੋੜਨ ਵੇਲੇ ਸਿਰਸਾ ਖੁਦ ਉਥੇ ਪਹੁੰਚ ਕੇ ਸੰਗਤ ਦੇ ਸਹਿਯੋਗ ਨਾਲ ਡਟ ਗਏ ਸਨ ਤੇ ਫਿਰ ਅਦਾਲਤੀ ਹੁਕਮਾਂ ਮਗਰੋਂ ਪਿਆਓ ਦਾ ਮੁੜ ਨਿਰਮਾਣ ਹੋਇਆ। ਉਨ੍ਹਾਂ ਕਿਹਾ ਕਿ ਸੰਗਤ ਨੇ ਹੀ ਪਿਆਓ ਬਚਾਇਆ ਤੇ ਹੁਣ ਜਿਸ ਟਾਸਕ ਫੋਰਸ ਦੀ ਵਰਤੋਂ ਉਨ੍ਹਾਂ ਨੇ ਨਿੱਜੀ ਕੰਮਾਂ ਲਈ ਕੀਤੀ ਸੀ, ਉਸ ਦਾ ਨਾਂ ਪਿਆਓ ਵਸਤੇ ਵਰਤ ਕੇ ਜੀ. ਕੇ. ਨਾ ਸਿਰਫ ਗੁਰੂ ਸਾਹਿਬ ਦੇ ਨਾਮ ਦੀ ਦੁਰਵਰਤੋਂ ਕੀਤੀ ਹੈ, ਬਲਕਿ ਪਿਆਓ ਦੀ ਰਾਖੀ ਲਈ ਡਟੀ ਸੰਗਤ ਦੇ ਯੋਗਦਾਨ ਨੂੰ ਵੀ ਭੰਡਿਆ ਹੈ, ਜਿਸਦੀ ਜਿੰਨੀ ਆਲੋਚਨਾ ਕੀਤੀ ਜਾਵੇ ਥੋੜ੍ਹੀ ਹੈ।

shivani attri

This news is Content Editor shivani attri