ਸਪਿਰਟ ਨਾਲ ਲੋਹੜੀ ਬਾਲਦਿਆਂ ਦੋ ਝੁਲਸੇ, ਹਸਪਤਾਲ ''ਚ ਇਲਾਜ ਅਧੀਨ

01/14/2018 7:43:48 AM

ਪੰਚਕੂਲਾ  (ਚੰਦਨ) - ਸੈਕਟਰ-17 ਵਿਚ ਸ਼ਨੀਵਾਰ ਰਾਤ ਲੋਹੜੀ ਬਾਲਦੇ ਸਮੇਂ ਦੋ ਵਿਅਕਤੀ ਝੁਲਸ ਗਏ, ਜਿਨ੍ਹਾਂ ਨੂੰ ਸੈਕਟਰ-6 ਦੇ ਹਸਪਤਾਲ ਪਹੁੰਚਾਇਆ ਗਿਆ, ਜਿਥੇ ਮੁਢਲੇ ਇਲਾਜ ਤੋਂ ਬਾਅਦ ਦੋਵਾਂ ਨੂੰ ਸੈਕਟਰ-21 ਸਥਿਤ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।
ਜਾਣਕਾਰੀ ਅਨੁਸਾਰ ਸ਼ਨੀਵਾਰ ਦੀ ਰਾਤ ਨੂੰ ਲੋਹੜੀ ਮਨਾਉਣ ਲਈ ਸੈਕਟਰ-17 ਵਿਚ ਮੁਹੱਲੇ ਦੇ ਲੋਕ ਇਕੱਠੇ ਹੋ ਗਏ, ਜਦੋਂ ਉਨ੍ਹਾਂ ਲੋਹੜੀ ਬਾਲਣ ਲਈ ਅੱਗ ਬਾਲੀ ਤਾਂ ਉਹ ਨਹੀਂ ਬਲੀ ਤੇ ਇਸੇ ਦੌਰਾਨ ਕਿਸੇ ਨੇ ਲੱਕੜੀਆਂ 'ਤੇ ਸਪਿਰਟ ਪਾ ਦਿੱਤਾ, ਜਿਸ ਨਾਲ ਅਚਾਨਕ ਭੜਕੀ ਅੱਗ ਨਾਲ 62 ਸਾਲਾ ਗਿਰੀਸ਼ ਤੇ 46 ਸਾਲਾ ਪ੍ਰੇਮ ਦੂਬੇ ਅੱਗ ਦੀ ਲਪੇਟ ਵਿਚ ਆਉਣ ਕਾਰਨ ਝੁਲਸ ਹੋ ਗਏ।
ਗੁਆਂਢੀਆਂ ਨੇ ਪਹੁੰਚਾਇਆ ਦੋਵਾਂ ਨੂੰ ਹਸਪਤਾਲ
ਗਿਰੀਸ਼ ਤੇ ਪ੍ਰੇਮ ਦੂਬੇ ਦੋਵਾਂ ਦਾ ਚਿਹਰਾ ਅੱਗ ਕਾਰਨ ਝੁਲਸ ਗਿਆ। ਗੁਆਂਢੀਆਂ ਦੀ ਮਦਦ ਨਾਲ ਦੋਵਾਂ ਨੂੰ ਪ੍ਰਾਈਵੇਟ ਗੱਡੀ ਰਾਹੀਂ ਮੁਢਲੇ ਇਲਾਜ ਲਈ ਸੈਕਟਰ-6 ਦੇ ਜਨਰਲ ਹਸਪਤਾਲ 'ਚ ਪਹੁੰਚਾਇਆ ਗਿਆ। ਦੋਵਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।