ਟਰੱਕ ਯੂਨੀਅਨਾਂ ਭੰਗ ਕਰਨ ਦੇ ਫੈਸਲੇ ਤੋਂ ਬਾਅਦ ਟਰੱਕ ਆਪ੍ਰੇਟਰ ਦੀ ਮੌਤ

08/06/2017 6:53:41 AM

ਭਵਾਨੀਗੜ੍ਹ  (ਵਿਕਾਸ) - ਸੂਬੇ 'ਚ ਟਰੱਕ ਯੂਨੀਅਨਾਂ ਭੰਗ ਕਰਨ ਦੇ ਸਰਕਾਰ ਦੇ ਫੈਸਲੇ ਤੋਂ ਬਾਅਦ ਸਦਮੇ ਵਿਚ ਆਏ ਇਕ ਟਰੱਕ ਆਪ੍ਰੇਟਰ ਦੀ ਅੱਜ ਮੌਤ ਹੋ ਗਈ। ਇਸ ਸਬੰਧੀ ਮ੍ਰਿਤਕ ਦੇ ਲੜਕੇ ਜਗਦੇਵ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸ ਦੇ ਪਿਤਾ ਸ਼ੇਰ ਸਿੰਘ ਪੁੱਤਰ ਜਗਤ ਸਿੰਘ ਨੂੰ ਅੱਜ ਅਖਬਾਰਾਂ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਟਰੱਕ ਯੂਨੀਅਨਾਂ ਤੋੜਨ ਦਾ ਫੈਸਲਾ ਵਾਪਸ ਨਾ ਲੈਣ ਦੇ ਬਿਆਨ ਸੁਣ ਕੇ ਭਾਰੀ ਸਦਮਾ ਲੱਗਾ ਅਤੇ ਪ੍ਰੇਸ਼ਾਨ ਹੋ ਕੇ ਅੱਜ ਘਰੋਂ ਸਕੂਟਰ 'ਤੇ ਭਵਾਨੀਗੜ੍ਹ ਵੱਲ ਨੂੰ ਚਲਾ ਗਿਆ ਤਾਂ ਬਾਅਦ ਦੁਪਹਿਰ ਕਿਸੇ ਨੇ ਦੱਸਿਆ ਕਿ ਉਸਦਾ ਪਿਤਾ ਬਲਿਆਲ ਰੋਡ 'ਤੇ ਡਿੱਗਿਆ ਪਿਆ ਹੈ, ਜਦੋਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ।
ਇਸੇ ਦੌਰਾਨ ਕੋਰ ਕਮੇਟੀ ਟਰੱਕ ਯੂਨੀਅਨ ਪੰਜਾਬ ਦੇ ਮੈਂਬਰ ਗੁਰਤੇਜ ਸਿੰਘ ਝਨੇੜੀ ਅਤੇ ਟਰੱਕ ਯੂਨੀਅਨ ਭਵਾਨੀਗੜ੍ਹ ਦੇ ਪ੍ਰਧਾਨ ਵਿਪਨ ਕੁਮਾਰ ਸ਼ਰਮਾ ਨੇ ਆਪ੍ਰੇਟਰ ਦੀ ਮੌਤ 'ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਸੂਬਾ ਸਰਕਾਰ ਟਰੱਕ ਯੂਨੀਅਨਾਂ ਤੋੜਨ ਦੇ ਫੈਸਲੇ ਨੂੰ ਤੁਰੰਤ ਵਾਪਸ ਲਵੇ। ਇਸ ਸਬੰਧੀ ਐੱਸ. ਆਈ. ਜੱਗਾ ਸਿੰਘ ਨੇ ਦੱਸਿਆ ਕਿ ਇਸ ਮਾਮਲੇ 'ਚ ਪੁਲਸ ਵੱਲੋਂ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।