ਬਿਜਲੀ ਕੱਟਾਂ ਤੋਂ ਪਰੇਸ਼ਾਨ ਕਿਸਾਨਾਂ ਨੇ ਜੇ.ਈ.ਨਾਲ ਕੀਤੀ ਖਿੱਚਧੂਹ

06/27/2019 11:07:59 AM

ਮਮਦੋਟ (ਸੰਨੀ ਚੋਪੜਾ, ਸੰਜੀਵ ਮਦਾਨ) - ਫਿਰੋਜ਼ਪੁਰ ਦੇ ਕਸਬਾ ਮਮਦੋਟ 'ਚ ਕਰੀਬ 4 ਪਿੰਡਾਂ ਦੇ ਕਿਸਾਨਾਂ ਵਲੋਂ ਬੀਤੀ ਅੱਧੀ ਰਾਤ ਨੂੰ ਬਿਜਲੀ ਘਰ ਦਾ ਘਿਰਾਓ ਕਰਕੇ ਧਰਨਾ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿਛਲੇ ਕਰੀਬ 4 ਦਿਨਾਂ ਤੋਂ ਬੱਤੀ ਬੰਦ ਹੋਣ ਤੋਂ ਕਿਸਾਨ ਏਨੇ ਭੜਕੇ ਹੋਏ ਸਨ ਕਿ ਉਨ੍ਹਾਂ ਨੇ ਗੁੱਸੇ 'ਚ ਆ ਕੇ ਜੇ. ਈ. ਨਾਲ ਖਿੱਚ ਧੂਹ ਕਰਨੀ ਸ਼ੁਰੂ ਕਰ ਦਿੱਤੀ, ਜਿਨ੍ਹਾਂ ਨੂੰ ਸੂਚਨਾ ਮਿਲਣ 'ਤੇ ਪਹੁੰਚੇ ਪੁਲਸ ਮੁਲਾਜ਼ਮ ਨੇ ਬਚਾ ਲਿਆ। ਕਿਸਾਨਾਂ ਨੇ ਦੋਸ਼ ਲਾਇਆ ਕਿ ਬਿਜਲੀ ਵਿਭਾਗ ਵਲੋਂ ਲਗਾਤਾਰ 4 ਦਿਨਾਂ ਤੋਂ ਉਨ੍ਹਾਂ ਨੂੰ ਬਿਜਲੀ ਸਪਲਾਈ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਪਾਣੀ ਖੁਣੋਂ ਖੇਤਾਂ 'ਚ ਲੱਗਾ ਝੋਨਾ ਸੁੱਕ ਰਿਹਾ ਹੈ, ਜੋ ਪਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਫੋਨ ਕਰਦੇ ਹਨ ਤਾਂ ਉਕਤ ਅਧਿਕਾਰੀ ਉਨ੍ਹਾਂ ਦਾ ਫੋਨ ਹੀ ਨਹੀਂ ਚੁੱਕਦੇ। ਜਦੋਂ ਉਹ ਬਿਜਲੀ ਘਰ ਆ ਕੇ ਉਨ੍ਹਾਂ ਨੂੰ ਸ਼ਿਕਾਇਤ ਦਰਜ ਕਰਾਉਂਦੇ ਹਨ ਤਾਂ ਉਥੋਂ ਦੇ ਅਧਿਕਾਰੀ ਫਾਲਟ ਕਹਿ ਕੇ ਪੱਲਾ ਝਾੜ ਦਿੰਦੇ ਹਨ।

ਪੁਲਸ ਨੇ ਬਿਜਲੀ ਅਧਿਕਾਰੀਆਂ ਵਲੋਂ ਜਲਦ ਬਿਜਲੀ ਚਾਲੂ ਕਰਨ ਤੇ ਪਿਛਲੇ ਦਿਨਾਂ ਦੀ ਬਣਦੀ ਬਕਾਇਆ ਬਿਜਲੀ ਦੇਣ ਦਾ ਭਰੋਸਾ ਦੇਣ ਮਗਰੋਂ ਕਿਸਾਨ ਸ਼ਾਂਤ ਕਰਾਉਂਦੇ ਹੋਏ ਧਰਨਾ ਚੁੱਕਵਾ ਦਿੱਤਾ। ਇਸ ਦੌਰਾਨ ਪੁਲਸ ਨੇ ਇਸ ਦੌਰਾਨ ਜੇ. ਈ. ਨਾਲ ਕਿਸੇ ਤਰ੍ਹਾਂ ਦਾ ਕੋਈ ਧੱਕਾ-ਮੁੱਕੀ ਹੋਣ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਸਾਰਾ ਮਾਮਲਾ ਸ਼ਾਂਤ ਹੋਣ ਦੀ ਗੱਲ ਕਹੀ। ਦੱਸ ਦੇਈਏ ਕਿ ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਸਰਕਾਰ ਵਲੋਂ ਬਿਜਲੀ ਸੈਕਟਰ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਂਦੀ ਹੈ ਪਰ ਕੁਝ ਥਾਵਾਂ 'ਤੇ ਫਾਲਟ ਦੇ ਨਾਂ 'ਤੇ ਕਿਸਾਨਾਂ ਨੂੰ ਅਕਸਰ ਖੱਜਲ-ਖੁਆਰ ਕੀਤਾ ਜਾਂਦਾ ਹੈ।

rajwinder kaur

This news is Content Editor rajwinder kaur