''ਆਪ'' ਦਾ ਗੜ੍ਹ ਤੋੜਨ ਵਾਲੇ ਮਲਵਈ ਕਾਂਗਰਸੀ ਵਿਧਾਇਕਾਂ ਦਾ ਵਜ਼ੀਰੀਆਂ ''ਚ ਲੱਗ ਸਕਦੈ ਨੰਬਰ

07/05/2017 10:38:33 AM

ਮੋਗਾ (ਪਵਨ ਗਰੋਵਰ, ਗੋਪੀ ਰਾਊਕੇ)—ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਬੀਤੀ 16 ਮਾਰਚ ਨੂੰ ਪੰਜਾਬ ਮੰਤਰੀ ਮੰਡਲ ਦੇ ਗਠਨ ਸਮੇਂ ਭਾਵੇਂ ਪੰਜਾਬ ਦੇ ਦਿਲ ਸਮਝੇ ਜਾਣ ਵਾਲੇ ਮਾਲਵੇ ਖਿੱਤੇ ਦੇ ਪੰਜ ਜ਼ਿਲਿਆਂ ਮੋਗਾ, ਫਰੀਦਕੋਟ, ਫਿਰੋਜ਼ਪੁਰ, ਮੁਕਤਸਰ ਅਤੇ ਫਾਜ਼ਿਲਕਾ 'ਚੋਂ ਕਿਸੇ ਵੀ ਵਿਧਾਇਕ ਨੂੰ ਮੰਤਰੀ ਮੰਡਲ 'ਚ ਸ਼ਾਮਲ ਨਹੀਂ ਕੀਤਾ, ਪਰ ਹੁਣ ਜਦੋਂ ਫਿਰ ਤੋਂ ਮੰਤਰੀ ਮੰਡਲ ਦੇ ਵਿਸਥਾਰ ਕਰਨ ਦੀ ਪ੍ਰਕਿਰਿਆ ਚੱਲਣ ਲੱਗੀ ਹੈ ਤਾਂ ਮਾਲਵੇ ਦੇ ਉਨ੍ਹਾਂ ਵਿਧਾਇਕਾਂ ਦਾ ਨਾਮ ਮੰਤਰੀ ਮੰਡਲ ਦੀ ਦੌੜ 'ਚ ਸ਼ੁਰੂ ਹੋ ਗਿਆ ਹੈ ਜਿਹੜੇ ਤੀਜੀ, ਚੌਥੀ ਵਾਰ ਵਿਧਾਇਕ ਬਣਨ ਦੇ ਨਾਲ–ਨਾਲ ਮਾਲਵੇ 'ਚ ਆਮ ਆਦਮੀ ਪਾਰਟੀ ਦਾ ਵੱਡਾ ਗੜ੍ਹ ਤੋੜ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜੇ ਹਨ। ਮੰਤਰੀ ਮੰਡਲ 'ਚ ਸਭ ਤੋਂ ਮੋਹਰੀ ਨਾਮ ਇਸ ਵੇਲੇ ਗੁਰਮੀਤ ਸਿੰਘ ਰਾਣਾ ਸੋਢੀ ਦਾ ਚੱਲ ਰਿਹਾ ਹੈ ਜੋ ਕਿ ਲਗਾਤਾਰ ਚੌਥੀ ਦਫ਼ਾ ਗੁਰੂ ਹਰਸਹਾਇ ਹਲਕੇ ਤੋਂ ਵਿਧਾਇਕ ਬਣੇ ਹਨ। ਸੂਤਰ ਮੁਤਾਬਕ ਰਾਣਾ ਸੋਢੀ ਦੇ ਸਮਰਥਕ ਉਨ੍ਹਾਂ ਦੀ ਮੰਤਰੀ ਮੰਡਲ 'ਚ ਸ਼ਮੂਲੀਅਤ ਪੱਕੀ ਮੰਨ ਰਹੇ ਹਨ। ਗਿੱਦੜਬਾਹਾ ਹਲਕੇ ਤੋਂ ਵਿਧਾਇਕ ਤੇ ਤੇਜ਼ ਤਰਾਰ ਨੌਜਵਾਨ ਨੇਤਾ ਅਮਰਿੰਦਰ ਸਿੰਘ ਰਾਜਾ ਵੜਿੰਗ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਹੋਣ ਕਰਕੇ ਨੌਜਵਾਨ ਕੋਟੇ 'ਚੋਂ ਮੰਤਰੀ ਬਣਨ ਦੀ ਤਾਂਕ 'ਚ ਹਨ। ਇਸ ਤੋਂ ਇਲਾਵਾ ਮੰਤਰੀ ਬਣਨ ਦੀ ਦੌੜ 'ਚ ਗੁਰਪ੍ਰੀਤ ਸਿੰਘ ਕਾਂਗੜ ਵਿਧਾਇਕ ਰਾਮਪੁਰਾ ਫੂਲ ਵੀ ਸ਼ਾਮਲ ਦੱਸੇ ਜਾਂਦੇ ਹਨ ਜਿਹੜੇ ਤੀਜੀ ਵਾਰ ਵਿਧਾਇਕ ਬਣਨ ਦੇ ਨਾਲ–ਨਾਲ ਕੈਪਟਨ ਗਰੁੱਪ ਨਾਲ ਹਮੇਸ਼ਾ ਖੜੇ ਰਹਿਣ ਵਾਲੇ ਆਗੂ ਹਨ। ਇਸੇ ਤਰ੍ਹਾਂ ਜ਼ਿਲਾ ਮੋਗਾ ਦੇ ਵਿਧਾਨ ਸਭਾ ਹਲਕਾ ਬਾਘਾਪੁਰਾਣਾ ਤੋਂ ਵਿਧਾਇਕ ਬਣੇ ਦਰਸ਼ਨ ਸਿੰਘ ਬਰਾੜ ਦੇ ਹੱਕ 'ਚ ਇੱਕ ਗੱਲ ਤਾਂ ਇਹ ਜਾਂਦੀ ਹੈ ਕਿ ਉਹ ਉਸ ਵੇਲੇ ਮੋਗਾ ਜ਼ਿਲੇ 'ਚ ਕਾਂਗਰਸ ਪਾਰਟੀ ਦੀ ਅਗਵਾਈ ਕਰਦੇ ਰਹੇ ਜਦੋਂ ਪਿਛਲੀ ਅਕਾਲੀ ਹਕੂਮਤ ਸਮੇਂ ਕਾਂਗਰਸ ਪਾਰਟੀ ਦੇ ਬਹੁਤੇ ਆਗੂਆਂ ਨੇ ਆਪਣੀਆਂ ਸਰਗਰਮੀਆਂ ਸੀਮਿਤ ਕਰ ਦਿੱਤੀਆਂ ਸਨ। ਤੀਜੀ ਦਫ਼ਾ ਵਿਧਾਇਕ ਬਣੇ ਬਰਾੜ ਅੱਤਵਾਦ ਦੀ ਕਾਲੀ ਹਨੇਰੀ ਤੋਂ ਪਾਰਟੀ ਨਾਲ ਜੁੜੇ ਆ ਰਹੇ ਹਨ ਅਤੇ ਇਸ ਤੋਂ ਪਹਿਲਾਂ ਵੀ 1992 'ਚ ਰਾਜ ਮੰਤਰੀ ਰਹਿ ਚੁੱਕੇ ਹਨ। ਦੱਸਣਯੋਗ ਹੈ ਕਿ ਮਾਲਵੇ 'ਚੋਂ 'ਆਪ' ਸਭ ਤੋਂ ਵੱਧ ਬਾਘਾਪੁਰਾਣਾ ਸੀਟ ਨੂੰ ਸੁਰੱਖਿਅਤ ਮੰਨਦੀ ਸੀ ਪਰ ਵਿਧਾਇਕ ਬਰਾੜ ਨੇ 'ਆਪ' ਦਾ ਕਿਲਾ ਢਹਿ-ਢੇਰੀ ਕੀਤਾ ਹੈ। ਇੱਕ ਕਾਂਗਰਸੀ ਆਗੂ ਨੇ ਦੱਸਿਆ ਕਿ ਪਟਿਆਲਾ ਅਤੇ ਅੰਮ੍ਰਿਤਸਰ ਜ਼ਿਲਿਆਂ ਨੂੰ ਪਹਿਲਾਂ ਮੰਤਰੀ ਮੰਡਲ 'ਚ ਸਭ ਤੋਂ ਵੱਧ ਨੁਮਾਇੰਦਗੀ ਮਿਲੀ ਹੈ ਅਤੇ ਮਾਲਵਾ 'ਫਾਡੀ' ਰਿਹਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਨੇ ਮਾਲਵੇ 'ਚ 'ਆਪ' ਦਾ ਗੜ੍ਹ ਤੋੜਨ 'ਚ ਅਹਿਮ ਭੂਮਿਕਾ ਨਿਭਾਈ ਹੈ ਇਸ ਲਈ ਮਾਲਵੇ ਦੇ ਵਿਧਾਇਕਾਂ ਨੂੰ ਪੰਜਾਬ ਸਰਕਾਰ 'ਚ ਬਣਦਾ ਸਨਮਾਨ ਮਿਲਣਾ ਚਾਹੀਦਾ ਹੈ। ਹੁਣ ਦੇਖਣਾ ਇਹ ਹੈ ਕਿ ਮਾਲਵੇ ਦੇ ਕਿੰਨਾਂ ਵਿਧਾਇਕਾਂ ਨੂੰ ਮੰਤਰੀ ਮੰਡਲ ਵਿਚ ਜਗ੍ਹਾ ਮਿਲਦੀ ਹੈ।