ਮਜੀਠੀਆ ਹੀ ਡਰੱਗ ਰੈਕੇਟ ਦਾ ਕਿੰਗ ਪਿਨ, ਜਲਦੀ ਕਰੋ ਗ੍ਰਿਫਤਾਰ

03/17/2018 7:39:45 AM

ਚੰਡੀਗੜ੍ਹ (ਭੁੱਲਰ) - ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਬਿਕਰਮ ਮਜੀਠੀਆ ਤੋਂ ਨਸ਼ੇ ਦੇ ਦੋਸ਼ਾਂ ਦੇ ਸੰਬੰਧ 'ਚ ਮੁਆਫੀ ਮੰਗੇ ਜਾਣ ਤੋਂ ਬਾਅਦ ਜਿੱਥੇ 'ਆਪ' 'ਚ ਭੂਚਾਲ ਆਇਆ ਹੋਇਆ ਹੈ, ਉੱਥੇ ਹੀ ਹੁਣ ਨਸ਼ੇ ਦਾ ਮੁੱਦਾ ਫਿਰ ਤੋਂ ਉਭਰਨ ਤੋਂ ਬਾਅਦ ਕਾਂਗਰਸ 'ਚ ਵੀ ਮਜੀਠੀਆ ਖਿਲਾਫ ਕਾਰਵਾਈ ਨੂੰ ਲੈ ਕੇ ਇਕ ਵਾਰ ਫਿਰ ਚਰਚਾ ਛਿੜ ਚੁੱਕੀ ਹੈ। ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਨੇ ਅੱਜ ਸ਼ਾਮ ਇੱਥੇ ਆਪਣੇ ਘਰ ਪ੍ਰੈੱਸ ਕਾਨਫਰੰਸ ਕਰਕੇ ਐੱਸ. ਟੀ. ਐੱਫ. ਦੀ ਰਿਪੋਰਟ ਦੇ ਆਧਾਰ 'ਤੇ ਆਪਣੀ ਹੀ ਸਰਕਾਰ ਤੋਂ ਡਰੱਗ ਮਾਮਲੇ 'ਚ ਬਿਕਰਮ ਮਜੀਠੀਆ ਖਿਲਾਫ ਕਾਰਵਾਈ ਕਰਕੇ ਉਸ ਨੂੰ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਸਿੱਧੂ ਜੋੜੇ ਨੇ ਐੱਸ. ਟੀ. ਐੱਫ. ਵੱਲੋਂ ਹਾਈ ਕੋਰਟ 'ਚ ਦਿੱਤੀ ਗਈ ਰਿਪੋਰਟ ਦੇ ਹਵਾਲੇ ਨਾਲ ਇਹ ਮੰਗ ਕਰਦੇ ਹੋਏ ਕਿਹਾ ਕਿ ਹੁਣ ਤਾਂ ਸਾਰੇ ਪੁਖਤਾ ਸਬੂਤ ਮਿਲ ਚੁੱਕੇ ਹਨ। ਸਿੱਧੂ ਨੇ ਕਿਹਾ ਕਿ ਜੇਕਰ ਡਰੱਗ ਰੈਕੇਟ ਦੇ ਕਿੰਗ ਪਿਨ ਮਜੀਠੀਆ ਨੂੰ 35 ਲੱਖ ਦੀ ਮਦਦ ਕਰਨ ਵਾਲੇ ਜੌਹਲ ਦੀ ਜਾਇਦਾਦ ਦੀ ਜਾਂਚ ਹੋ ਸਕਦੀ ਹੈ ਤਾਂ ਉਸ ਦੀ ਜਾਇਦਾਦ ਦੀ ਜਾਂਚ ਕਿਉਂ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਰਿਪੋਰਟ 'ਚ ਸਾਫ ਕਿਹਾ ਗਿਆ ਹੈ ਕਿ ਪਰਮਿੰਦਰ ਸਿੰਘ ਪਿੰਦੀ, ਅਮਰਿੰਦਰ ਸਿੰਘ ਲਾਲੀ ਤੇ ਸਤਿੰਦਰ ਸਿੰਘ ਸੱਤਾ ਨੂੰ ਉਸ ਦੀ ਸਰਪ੍ਰਸਤੀ ਪ੍ਰਾਪਤ ਸੀ ਅਤੇ ਇਹ ਕੈਨੇਡਾ ਤੋਂ ਆ ਕੇ ਉਸ ਦੀ ਸਰਕਾਰੀ ਗੱਡੀ ਅਤੇ ਗੰਨਮੈਨ ਨਾਲ ਘੁੰਮਦੇ ਸਨ। ਸਿੱਧੂ ਨੇ ਦੋਸ਼ ਲਾਇਆ ਕਿ ਮਜੀਠੀਆ ਹੀ ਡਰੱਗ ਰੈਕੇਟ ਦਾ ਕਿੰਗ ਪਿਨ ਹੈ।  
ਨਵਜੋਤ ਸਿੱਧੂ ਨੇ ਕਿਹਾ ਕਿ ਕਾਂਗਰਸ ਵਿਧਾਇਕਾਂ ਤੋਂ ਇਲਾਵਾ ਮੈਂ ਵੀ ਪਿਛਲੇ ਸਮੇਂ 'ਚ 15-20 ਵਾਰ ਮੁੱਖ ਮੰਤਰੀ ਨੂੰ ਉਸ ਦੇ ਖਿਲਾਫ ਡਰੱਗ ਮਾਮਲੇ 'ਚ ਕਾਰਵਾਈ ਲਈ ਕਹਿ ਚੁੱਕਿਆ ਹਾਂ। ਸਿੱਧੂ ਨੇ ਕਿਹਾ ਕਿ ਹੁਣ ਇਹ ਵੀ ਸਾਫ਼ ਹੋ ਗਿਆ ਹੈ ਕਿ ਸਮੱਗਲਰਾਂ ਦੇ ਵਿਵਾਦ ਸੁਲਝਾਉਣ ਦਾ ਕੰਮ ਵੀ ਉਹ ਹੀ ਕਰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਔਲਖ ਜੇਲ 'ਚ ਹੈ ਤਾਂ ਉਸ ਦੇ ਖਿਲਾਫ ਜਾਂਚ ਕਿਉਂ ਨਹੀਂ ਹੋ ਰਹੀ।
ਕੇਜਰੀਵਾਲ ਵੱਲੋਂ ਮੁਆਫੀ ਮੰਗੇ ਜਾਣ ਬਾਰੇ ਸਿੱਧੂ ਨੇ ਕਿਹਾ ਕਿ ਇਸ 'ਚ 'ਆਪ' ਦਾ ਸਿਆਸੀ ਕਤਲ ਕੀਤਾ ਗਿਆ ਹੈ ਅਤੇ ਉਸ ਨੇ ਪੰਜਾਬ ਦੇ ਲੋਕਾਂ ਨਾਲ ਹੀ ਨਹੀਂ, ਸਗੋਂ ਆਪਣੀ ਪਾਰਟੀ ਦੇ ਆਗੂਆਂ ਨਾਲ ਵੀ ਧੋਖਾ ਕੀਤਾ ਹੈ। ਇਸ ਤਰ੍ਹਾਂ ਕੇਜਰੀਵਾਲ ਦਾ ਵੀ ਅਸਲੀ ਰੂਪ ਹੁਣ ਪੂਰੀ ਤਰ੍ਹਾਂ ਬੇਨਕਾਬ ਹੋ ਗਿਆ ਹੈ। ਕੇਜਰੀਵਾਲ ਦੀ ਮੁਆਫੀ ਨਾਲ ਮਜੀਠੀਆ ਦੋਸ਼ ਮੁਕਤ ਨਹੀਂ ਹੋ ਜਾਂਦਾ : ਰੰਧਾਵਾ
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਬਿਨਾਂ ਸ਼ਰਤ ਮੰਗੀ ਮੁਆਫੀ 'ਤੇ ਟਿੱਪਣੀ ਕਰਦਿਆਂ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੇਜਰੀਵਾਲ ਨੂੰ ਇੰਨੀ ਕਿਹੜੀ ਕਾਹਲੀ ਸੀ ਕਿ ਉਸਨੇ ਸ਼ਰਮਨਾਕ ਢੰਗ ਨਾਲ ਹਾਰ ਮੰਨ ਲਈ, ਜਦੋਂ ਕਿ ਅਦਾਲਤ ਨੇ ਇਸ ਮਾਮਲੇ ਵਿਚ ਅਜੇ ਫੈਸਲਾ ਸੁਣਾਉਣਾ ਹੈ ਅਤੇ ਮਾਮਲੇ ਦੀ ਜਾਂਚ ਅਜੇ ਚੱਲ ਰਹੀ ਹੈ।
ਇਸ ਦੌਰਾਨ ਰੰਧਾਵਾ ਨੇ ਮਜੀਠੀਆ ਵਿਰੁੱਧ ਉਨ੍ਹਾਂ ਵੱਲੋਂ ਲਾਏ ਗਏ ਦੋਸ਼ਾਂ ਨੂੰ ਦੁਹਰਾਉਂਦਿਆਂ ਕਿਹਾ ਕਿ ਕੇਜਰੀਵਾਲ ਦੀ ਮੁਆਫੀ ਮਜੀਠੀਆ ਨੂੰ ਪੰਜਾਬ ਵਿਚ ਨਸ਼ਿਆਂ ਦੀ ਸਮੱਗਲਿੰਗ ਅਤੇ ਪ੍ਰਸਾਰ ਲਈ ਅਪਰਾਧ ਤੋਂ ਮੁਕਤ ਨਹੀਂ ਕਰ ਸਕਦੀ ਅਤੇ ਉਹ ਪਹਿਲਾਂ ਹੀ ਲੋਕਾਂ ਦੀ ਅਦਾਲਤ ਵਿਚ ਦੋਸ਼ੀ ਠਹਿਰਾਏ ਜਾ ਚੁੱਕੇ ਹਨ।
ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿ ਆਮ ਆਦਮੀ ਪਾਰਟੀ ਅਤੇ ਅਕਾਲੀਆਂ ਦਰਮਿਆਨ ਅੰਦਰਖਾਤੇ ਗੱਠਜੋੜ ਸੀ, ਉਨ੍ਹਾਂ ਕਿਹਾ ਕਿ ਇਹ ਮੁਆਫੀ ਜਾਣ-ਬੁੱਝ ਕੇ ਠੀਕ ਉਸੇ ਦਿਨ ਮੰਗੀ ਗਈ ਜਦੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਗਠਿਤ ਕੀਤੀ ਗਈ ਵਿਸ਼ੇਸ਼ ਟਾਸਕ ਫੋਰਸ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਇਹ ਕਹਿੰਦਿਆਂ ਆਪਣੀ ਰਿਪੋਰਟ ਪੇਸ਼ ਕੀਤੀ ਕਿ ਅਜਿਹੇ ਸਬੂਤ ਹਨ, ਜਿਨ੍ਹਾਂ ਦੇ ਆਧਾਰ 'ਤੇ ਮਜੀਠੀਆ ਤੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਐੱਸ. ਆਈ. ਟੀ. ਦੀ ਰਿਪੋਰਟ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਕੀਤਾ ਗਿਆ ਹੈ।