ਮਜੀਠਾ ਬੱਸ ਸਟੈਂਡ ਬਾਹਰ 7 ਖੋਖਿਆਂ ਤੇ 3 ਬੱਸਾਂ ਨੂੰ ਲੱਗੀ ਅੱਗ

06/04/2019 6:35:06 PM

ਮਜੀਠਾ-ਥਾਣਾ ਮਜੀਠਾ ਦੇ ਨੇਡ਼ੇ ਬੱਸ ਅੱਡਾ ਦੇ ਬਾਹਰ ਲੱਗੇ ਫਰੂਟ, ਚਾਹ ਦੇ ਅਤੇ ਹੋਰ ਖੋਖਿਆਂ ਨੂੰ ਅੱਗ ਲੱਗਣ ਨਾਲ ਭਾਰੀ ਨੁਕਸਾਨ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਖੋਖਿਆਂ ਦੇ ਮਾਲਕ ਮਨਜੀਤ ਸਿੰਘ, ਰਾਜ ਕੁਮਾਰ ਪੁੱਤਰ ਚਮਨ ਲਾਲ, ਹੈਪੀ ਪੁੱਤਰ ਅਜੀਤ ਸਿੰਘ, ਰਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ, ਬਖਸ਼ੀਸ਼ ਸਿੰਘ ਪੁੱਤਰ ਮਹਿੰਦਰ ਸਿੰਘ, ਸੋਨੂੰ ਅਤੇ ਰਾਜਨ ਨੇ ਦੱਸਿਆ ਕਿ ਹਰੇਕ ਖੋਖੇ ’ਚ ਫਰਿੱਜ, ਜੂਸਰ ਮਿਕਸਰ, ਛੱਤ ਵਾਲੇ ਪੱਖੇ, ਇਲੈਕਟ੍ਰੋਨਿਕ ਕੰਡੇ, ਫਰਨੀਚਰ, ਫਰੂਟ ਆਦਿ ਪਏ ਸਨ ਅਤੇ ਅਸੀਂ ਰੋਜ਼ਾਨਾ ਦੀ ਤਰ੍ਹਾਂ ਖੋਖੇ ਬੰਦ ਕਰ ਕੇ ਗਏ ਸੀ ਕਿ ਦੇਰ ਰਾਤ ਅਚਾਨਕ ਅੱਗ ਲੱਗਣ ਨਾਲ ਖੋਖੇ ਸਡ਼ ਕੇ ਸੁਆਹ ਹੋ ਗਏ, ਜਿਨ੍ਹਾਂ ਨਾਲ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ।

ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਤਾਂ ਪਤਾ ਨਹੀਂ ਲੱਗਾ ਪਰ ਤੇਜ਼ ਹਨੇਰੀ ਕਾਰਨ ਅੱਗ ਨੇ ਭਿਆਨਕ ਰੂਪ ਧਾਰ ਲਿਆ ਅਤੇ ਕਰੀਬ 7 ਖੋਖਿਆਂ ਨੂੰ ਆਪਣੀ ਲਪੇਟ ’ਚ ਲੈ ਲਿਆ। ਇਸ ਦੇ ਨਾਲ ਹੀ ਬੱਸ ਅੱਡੇ ਦੇ ਅੰਦਰ ਰਾਤ ਸਮੇਂ ਖਡ਼੍ਹੀਆਂ 3 ਬੱਸਾਂ ਨੂੰ ਵੀ ਅੱਗ ਨੇ ਆਪਣੀ ਲਪੇਟ ’ਚ ਲੈ ਲਿਆ, ਜਿਨ੍ਹਾਂ ਦਾ ਵੀ ਕਾਫੀ ਨੁਕਸਾਨ ਹੋਇਆ। ਖੋਖਿਆਂ ਨੂੰ ਅੱਗ ਲੱਗਣ ਨਾਲ ਬੱਸ ਅੱਡੇ ’ਚ ਖਡ਼੍ਹੀਆਂ ਸੰਤੋਖ ਬੱਸ ਸਰਵਿਸ ਦੀ ਬੱਸ, ਗਿੱਲ ਗਰੀਨ ਬੱਸ ਅਤੇ ਇਕ ਦੀਪ ਬੱਸ ਸਰਵਿਸ ਦੀ ਬੱਸ ਸੀ, ਜਿਨ੍ਹਾਂ ਨੂੰ ਅੱਗ ਨੇ ਆਪਣੀ ਲਪੇਟ ਵਿਚ ਲੈ ਲਿਆ। ਨੇਡ਼ੇ ਰਹਿੰਦੇ ਵਾਰਡ-5 ਦੇ ਵਸਨੀਕਾਂ ਨੇ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਬਡ਼ੀ ਮੁਸ਼ੱਕਤ ਨਾਲ ਉਸ ’ਤੇ ਕਾਬੂ ਪਾਇਆ ਗਿਆ। ਜ਼ਿਕਰਯੋਗ ਹੈ ਕਿ ਅੱਗ ਲੱਗਦੇ ਸਾਰ ਫਾਇਰ ਬ੍ਰਿਗੇਡ ਅੰਮ੍ਰਿਤਸਰ ਨੂੰ ਫੋਨ ਕਰ ਕੇ ਸੂਚਿਤ ਕੀਤਾ ਗਿਆ ਪਰ ਅੱਗ ਬੁਝਾਊ ਗੱਡੀਆਂ ਘਟਨਾ ਤੋਂ ਢਾਈ ਘੰਟੇ ਦੇਰੀ ਨਾਲ ਪੁੱਜੀਆਂ, ਓਨੀ ਦੇਰ ਤੱਕ ਅੱਗ ਨਾਲ ਕਾਫੀ ਨੁਕਸਾਨ ਹੋ ਚੁੱਕਾ ਸੀ ਅਤੇ ਲੋਕਾਂ ਵੱਲੋਂ ਅੱਗ ’ਤੇ ਕਾਬੂ ਪਾਇਆ ਜਾ ਚੁੱਕਾ ਸੀ।

ਘਟਨਾ ਦਾ ਪਤਾ ਲੱਗਣ ’ਤੇ ਐੱਸ. ਐੱਚ. ਓ. ਮਜੀਠਾ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜ ਕੇ ਸਥਿਤੀ ਨੂੰ ਕੰਟਰੋਲ ਕੀਤਾ ਅਤੇ ਅੱਗ ਬੁਝਾਉਣ ’ਚ ਲੋਕਾਂ ਦੀ ਮਦਦ ਕੀਤੀ। ਪੀਡ਼ਤਾਂ ਨੇ ਕਿਹਾ ਕਿ ਸਾਡਾ ਭਾਰੀ ਵਿੱਤੀ ਨੁਕਸਾਨ ਹੋਇਆ ਹੈ। ਉਨ੍ਹਾਂ ਸਰਕਾਰ ਤੋਂ ਵਿੱਤੀ ਸਹਾਇਤਾ ਦੀ ਮੰਗ ਕਰਦਿਆਂ ਕਿਹਾ ਕਿ ਸਾਨੂੰ ਮੁਆਵਜ਼ਾ ਦਿੱਤਾ ਜਾਵੇ।

 

 

Arun chopra

This news is Content Editor Arun chopra