ਪੰਜਵੜ ਵਾਸੀਆਂ ਨੇ ਡਿਪਟੀ ਕਮਿਸ਼ਨਰ ਸੱਭਰਵਾਲ ਨੂੰ ਕਰਾਇਆ ਪਿੰਡ ਦੀਆਂ ਸਮੱਸਿਆਵਾਂ ਤੋਂ ਜਾਣੂ

11/16/2017 5:58:32 PM

ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) - ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਲਾਭਪਾਤਰੀਆਂ ਦਾ ਨਿਰੀਖਣ ਕਰਨ ਲਈ ਰੱਖੇ ਪ੍ਰੋਗਰਾਮ 'ਚ ਹਿੱਸਾ ਲੈਣ ਆਏ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੂੰ ਸਰਪੰਚ ਜਗਬੀਰ ਸਿੰਘ ਭੋਲਾ ਅਤੇ ਸਾਬਕਾ ਸਰਪੰਚ ਭਾਗ ਸਿੰਘ ਦੀ ਅਗਵਾਈ 'ਚ ਇਕੱਤਰ ਪਿੰਡ ਵਾਸੀਆਂ ਨੇ ਸਮੱਸਿਆਵਾਂ ਤੋਂ ਜਾਣੂ ਕਰਾਇਆ। ਪਿੰਡ ਵਾਸੀਆਂ ਨੇ ਡੀ. ਸੀ. ਸੱਭਰਵਾਲ ਨੂੰ ਦੱਸਿਆ ਕਿ ਪੰਜਵੜ ਸਥਿਤ ਪਾਣੀ ਵਾਲੀਆਂ 2 ਟੈਂਕੀਆਂ ਪਿੱਛਲੇ 12 ਸਾਲਾਂ ਤੋਂ ਬੰਦ ਪਈਆਂ ਹੋਣ ਕਰਕੇ ਲੋਕਾਂ ਨੂੰ ਸ਼ੁੱਧ ਪਾਣੀ ਦੀ ਸਹੂਲਤ ਨਹੀਂ ਮਿਲ ਰਹੀ ਹੈ, ਜਦਕਿ 10ਵੀਂ ਤੱਕ ਸਕੂਲ ਤਾਂ ਹੈ ਤੇ ਉਸ 'ਚ ਵੀ 400 ਦੇ ਕਰੀਬ ਵਿਦਿਆਰਥੀਆਂ ਨੂੰ ਕੇਵਲ ਦੋ ਹੀ ਅਧਿਆਪਕ ਪੜ੍ਹਾ ਰਹੇ ਹਨ। ਉਨ੍ਹਾਂ ਨੇ ਸਕੂਲ 'ਚ ਜਿਥੇ ਸਟਾਫ ਦੀ ਕਮੀ ਨੂੰ ਪੂਰਿਆਂ ਕਰਨ ਦੀ ਮੰਗ ਕੀਤੀ ਉਥੇ ਹੀ ਪਿੰਡ ਦੀਆਂ ਲੜਕੀਆਂ ਦੂਰ ਦੁਰਾਡੇ ਬਾਹਰਲੇ ਪਿੰਡਾਂ ਕਸਬਿਆਂ ਦੇ ਸਕੂਲਾਂ 'ਚ ਪੜ੍ਹਨ ਜਾਣ ਲਈ ਮਜ਼ਬੂਰ ਹੋਣ ਕਰਕੇ ਪਿੰਡ 'ਚ 12ਵੀਂ ਤੱਕ ਸਕੂਲ ਨੂੰ ਅਪਗਰੇਟ ਕਰਨ ਦੀ ਮੰਗ ਰੱਖੀ। ਪਸ਼ੂਆਂ ਦੇ ਹਸਪਤਾਲ 'ਚ ਪੱਕੇ ਡਾਕਟਰ ਨੂੰ ਤਾਇਨਾਤ ਕਰਨ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਕਮੀ ਬਾਰੇ ਵੀ ਡੀ. ਸੀ. ਨੂੰ ਜਾਣੂ ਕਰਾਇਆ। ਇਸ ਮੌਕੇ ਡਿਪਟੀ ਕਮਿਸ਼ਨਰ ਸੱਭਰਵਾਲ ਨੇ ਪਿੰਡ ਵਾਸੀਆਂ ਦੀ ਸਮੱਸਿਆਵਾਂ ਨੂੰ ਦੂਰ ਕਰਨ ਦਾ ਭਰੋਸਾ ਦਿਵਾਉਂਦਿਆਂ ਪੰਜਾਬ ਸਰਕਾਰ ਨੂੰ ਇਸ ਸਬੰਧੀ ਜਲਦ ਰਿਪੋਰਟ ਭੇਜਣ ਦਾ ਵਾਅਦਾ ਕੀਤਾ। ਇਸ ਮੌਕੇ ਡੀ. ਸੀ. ਸੱਭਰਵਾਲ ਨੇ ਦੱਸਿਆ ਕਿ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾਂ ਤਹਿਤ ਹਰ ਵਰਗ ਦੇ ਲੋੜਵੰਦ ਲਾਭਪਾਤਰੀ ਨੂੰ ਲਾਭ ਪਹੁੰਚਾਉਣ ਲਈ ਕੋਈ ਕੁਤਾਹੀ ਨਹੀਂ ਵਰਤੀ ਜਾਵੇਗੀ ਅਤੇ ਸਹੀ ਲੋੜਵੰਦ ਲੋਕਾਂ ਦੀ ਸਨਾਖਤ ਕਰਕੇ ਉਨ੍ਹਾਂ ਨੂੰ ਬਿਨ੍ਹਾਂ ਖੱਜਲ ਖੁਆਰੀ ਦੇ ਬਣਦਾ ਹੱਕ ਦੇਣ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਜ਼ਿਲਾ ਤਰਨਤਾਰਨ 'ਚ ਪਿੰਡ ਪੱਧਰ 'ਤੇ ਬਿਨ੍ਹਾਂ ਕਿਸੇ ਪੱਖਪਾਤ ਤੋਂ ਪਾਰਦਰਸ਼ੀ ਢੰਗ ਨਾਲ ਸਰਕਾਰ ਵੱਲੋਂ ਲੋਕ ਹਿਤੈਸੀ 19 ਯੋਜਨਾਵਾਂ ਦਾ ਇਕ ਖਰੜਾ ਤਿਆਰ ਕੀਤਾ ਗਿਆ ਹੈ ਜਿਸ ਦੇ ਘੇਰੇ 'ਚ ਹਰ ਉਸ ਵਿਅਕਤੀ ਜਾਂ ਪਰਿਵਾਰ ਨੂੰ ਲਿਆਂਦਾ ਜਾਵੇਗਾ, ਜਿਸ ਦੀ ਸਲਾਨਾ ਆਮਦਨ 60 ਹਜ਼ਾਰ ਤੋਂ ਵੱਧ ਨਾ ਹੋਵੇ ਅਤੇ ਢਾਈ ਏਕੜ ਤੋਂ ਵੱਧ ਜ਼ਮੀਨ ਦੇ ਮਾਲਿਕ ਨਾ ਹੋਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਯੋਜਨਾਂ ਤਹਿਤ ਯੋਗ ਲਾਭਪਾਤਰੀਆਂ ਦੀ ਪਛਾਣ ਕਰਨ ਲਈ ਜ਼ਿਲੇ ਦੇ ਹਰ ਪਿੰਡ 'ਚ ਅਜਿਹੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਜਿਨ੍ਹਾਂ ਰਾਹੀ ਜਿਥੇ ਲੋੜਵੰਦ ਲੋਕਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਉਥੇ ਹੀ ਉਨ੍ਹਾਂ ਲੋਕਾਂ ਦੀ ਪਹਿਚਾਣ ਵੀ ਕੀਤੀ ਜਾ ਰਹੀ ਹੈ ਜਿੰਨ੍ਹਾਂ ਲੋਕਾਂ ਵੱਲੋਂ ਸਰਕਾਰ ਦੀਆਂ ਯੋਜਨਾਵਾਂ ਦਾ ਨਾਜਾਇਜ਼ ਫਾਇਦਾ ਉਠਾਇਆ ਜਾ ਰਿਹਾ ਹੈ ਅਤੇ ਅਜਿਹੇ ਲੋਕਾਂ ਦੀਆਂ ਸਹੂਲਤਾਂ ਰੱਦ ਕੀਤੀਆਂ ਜਾ ਰਹੀਆਂ ਹਨ। ਜ਼ਿਲਾ ਸਮਾਜਿਕ ਤੇ ਸੁਰੱਖਿਆ ਅਫ਼ਸਰ ਸ੍ਰੀਮਤੀ ਕਿਰਨ ਸਿਆਲ ਤੋਂ ਇਲਾਵਾ ਇਸ ਸਮੇਂ ਬੀ. ਡੀ. ਪੀ. ਓ. ਗੁਰਪ੍ਰਤਾਪ ਸਿੰਘ ਗਿੱਲ, ਨਾਇਬ ਤਹਿਸੀਲਦਾਰ ਝਬਾਲ ਜਗਮੋਹਨ ਸਿੰਘ, ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਨਿਰਮਲ ਸਿੰਘ, ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਬਲਵੀਰ ਸਿੰਘ, ਜ਼ਿਲਾ ਭਲਾਈ ਅਫਸਰ, ਪ੍ਰੋਗਰਾਮ ਇੰ. ਅਤੇ ਏ. ਡੀ. ਓ. ਐਗਰੀਕਲਚਰ ਅਸ਼ਵਨੀ ਕੁਮਾਰ, ਏ. ਐੱਫ. ਐੱਸ. ਓ. ਨਵਦੀਪ ਸਿੰਘ. ਇੰ. ਫੂਡ ਸਪਲਾਈ ਵਿਭਾਗ ਵਿਸਾਲ ਮਹਾਜਨ, ਪੰਚਾਇਤ ਅਫਸਰ ਸੁਖਬੀਰ ਸਿੰਘ, ਜੀ.ਓ. ਸਰਬਜੀਤ ਸਿੰਘ ਆਦਿ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਸਰਕਾਰ ਦੀਆਂ ਸਬੰਧਤ ਸਕੀਮਾਂ ਸਬੰਧੀ ਲੋਕਾਂ ਨੂੰ ਜਾਣੂ ਕਰਾਇਆ। ਇਸ ਮੌਕੇ ਬੀ. ਡੀ. ਪੀ. ਓ. ਗੁਰਪ੍ਰਤਾਪ ਸਿੰਘ ਗਿੱਲ ਨੇ ਦੱਸਿਆ ਕਿ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦਾ ਲਾਭ ਹਰ ਜ਼ਰੂਰਤਮੰਦ ਅਤੇ ਹਰ ਵਰਗ ਦੇ ਲੋੜਵੰਦ ਲੋਕਾਂ ਨੂੰ ਦਿੱਤਾ ਜਾਵੇਗਾ ਭਾਵੇ ਉਹ ਕਿਸੇ ਵੀ ਜਾਤੀ ਜਾਂ ਸਮੁਦਾਇ ਨਾਲ ਸਬੰਧ ਰੱਖਦਾ ਹੋਵੇ, ਪਰ ਉਹ ਪੰਜਾਬ ਦਾ ਪੱਕਾ ਵਸਨੀਕ ਹੋਣਾ ਚਾਹੀਦਾ ਹੈ। ਉਨਾਂ ਕਿਹਾ ਕਿ ਇਸ ਯੋਜਨਾ ਤਹਿਤ ਯੋਗ ਲਾਭਪਾਤਰੀਆਂ ਦੀ ਪਛਾਣ ਕਰਨ ਲਈ ਪਿੰਡ ਪੱਧਰ 'ਤੇ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ, ਜਿਸ 'ਚ ਇਕ ਜੀ. ਓ. ਜੀ., ਪੰਚਾਇਤ ਸੈਕਟਰੀ ਅਤੇ ਡਿਪਟੀ ਕਮਿਸ਼ਨਰ ਵੱਲੋਂ ਨਾਮਜ਼ਦ ਪਿੰਡ ਦਾ ਮੋਹਤਬਰ ਵਿਅਕਤੀ ਹੋਵੇਗਾ ਅਤੇ ਇਹ ਕਮੇਟੀ ਇਕ ਉੱਚ ਅਧਿਕਾਰੀ ਦੀ ਦੇਖਰੇਖ ਹੇਠ ਕੰਮ ਕਰੇਗੀ। ਇਸ ਮੌਕੇ ਬਾਬਾ ਪਾਲ ਸਿੰਘ ਪੰਜਵੜ, ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਲਾਡੀ ਪੰਜਵੜ, ਗੁਰਦੇਵ ਸਿੰਘ, ਜਤਿੰਦਰ ਕੌਰ, ਅਮਰਜੀਤ ਕੌਰ ਮੈਂਬਰ ਪੰਚਾਇਤ ਆਦਿ ਵੀ ਹਾਜ਼ਰ ਸਨ।